ਚੰਡੀਗੜ੍ਹ, 19 ਦਸੰਬਰ – ਇਥੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਉਸ ਵੇਲੇ ਗਰਮਾਹਟ ਪੈਦਾ ਹੋ ਗਈ ਜਦੋਂ ਸਦਨ ਵਿੱਚ ਸੂਬੇ ਅੰਦਰ ਪੈਦਾ ਹੋਈ ਅਮਨ ਕਾਨੂੰਨ ਦੇ ਹਾਲਤ ਬਾਰੇ ਚਰਚਾ ਚੱਲ ਰਹੀ ਸੀ ਤੇ ਹਾਕਮ ਸਰਕਾਰ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਵਿਚਾਲੇ ਗਾਲੀ ਗਲੋਚ ਹੋਣ ਲਗ ਪਿਆ ਅਤੇ ਸਦਨ ਦਾ ਮਾਹੌਲ ਤਣਾਅ ਪੂਰਨ ਹੋ ਗਿਆ।
ਸਦਨ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਾਂਗਰਸੀ ਮੈਂਬਰ ਨੂੰ ਅਸੱਭਿਅਕ ਭਾਸ਼ਾ ਦੀ ਵਰਤੋਂ ਕਰਕੇ ਸਦਨ ਦੀ ਮਰਿਆਦਾ ਭੰਗ ਕਰਨ ਦੇ ਦੋਸ਼ ਤਹਿਤ ਇਜਲਾਸ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕਰ ਦਿੱਤਾ। ਕਾਂਗਰਸੀ ਮੈਂਬਰਾਂ ਨੇ ਸਦਨ ਦੇ ਵਿਚਕਾਰ ਆ ਕੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅੰਮ੍ਰਿਤਸਰ ਵਿੱਚ ਏਐਸਆਈ ਦੇ ਹੱਤਿਆ ਕਾਂਡ ਵਿੱਚ ਉਨ੍ਹਾਂ ਦੀ ਭੂਮਿਕਾ ਹੋਣ ਦੇ ਦੋਸ਼ ਲਾਏ ਤੇ ਉਨ੍ਹਾਂ ਦੀ ਬਰਖ਼ਾਸਤਗੀ ਦੀ ਮੰਗੀ ਵੀ ਕੀਤੀ। ਦੂਜੇ ਪਾਸੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਦਨ ਵਿੱਚ ਹੋਈਆਂ ਘਟਨਾਵਾਂ ਤੋਂ ਬਾਅਦ ਖੁੱਲ੍ਹ ਕੇ ਸ੍ਰੀ ਮਜੀਠੀਆ ਦੀ ਹਮਾਇਤ ਕੀਤੀ। ਸਦਨ ਦੇ ਨੇਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਰੀਆਂ ਘਟਨਾਵਾਂ ਦੌਰਾਨ ਸਦਨ ਵਿੱਚ ਚੁੱਪਚਾਪ ਬੈਠੇ ਰਹੇ। ਮੁੱਖ ਮੰਤਰੀ ਬਾਦਲ ਨੇ ਇਸ ਦੌਰਾਨ ਉੱਠ ਕੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਪ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬਿਠਾ ਦਿੱਤਾ ਤੇ ਉਹ ਕੁਝ ਨਾ ਕਹਿ ਸਕੇ।
ਸਦਨ ਵਿੱਚ ਹਾਕਮ ਤੇ ਵਿਰੋਧੀ ਧਿਰ ਦੇ ਮੈਂਬਰਾਂ ਦਰਮਿਆਨ ਤਲਖ਼ੀ ਵਾਲਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਕਾਂਗਰਸ ਦੇ ਵਿਧਾਇਕ ਲਾਲ ਸਿੰਘ ਨੇ ਸ੍ਰੀ ਮਜੀਠੀਆ ‘ਤੇ ਅਪਰਾਧੀਆਂ ਦੀ ਸਰਪ੍ਰਸਤੀ ਦੇ ਦੋਸ਼ ਲਾਉਂਦਿਆਂ ਸਾਰੇ ਕਾਂਗਰਸੀ ਮੈਂਬਰਾਂ ਸਮੇਤ ਸਪੀਕਰ ਦੇ ਆਸਨ ਸਾਹਮਣੇ ਆ ਕੇ ਸਰਕਾਰ ਤੇ ਸ੍ਰੀ ਮਜੀਠੀਆ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਮਾਲ ਮੰਤਰੀ ਨੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਬਹਿਸ ਜਾਰੀ ਰੱਖਦਿਆਂ ਕਾਂਗਰਸੀ ਵਿਧਾਇਕਾਂ ‘ਤੇ ਅਪਰਾਧੀਆਂ ਦਾ ਸਾਥ ਦੇਣ ਦੇ ਜਵਾਬੀ ਦੋਸ਼ ਲਾਏ। ਉਨ੍ਹਾਂ ਨੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ, ਬਲਬੀਰ ਸਿੰਘ ਸਿੱਧੂ, ਗੁਰਕੀਰਤ ਸਿੰਘ ਕੋਟਲੀ ਤੇ ਓਮ ਪ੍ਰਕਾਸ਼ ਸੋਨੀ ‘ਤੇ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ। ਰਾਣਾ ਗੁਰਜੀਤ ਸਿੰਘ ‘ਤੇ ਨਾਮਧਾਰੀ ਸੁਖਦੇਵ ਸਿੰਘ ਨਾਲ ਸੰਬੰਧਾਂ ਦੇ ਦੋਸ਼ ਲਾਉਂਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਨਾਮਧਾਰੀ ਦੇ ਲਾਇਸੈਂਸ ਦੀ ਸਿਫਾਰਸ਼ ਰਾਣਾ ਗੁਰਜੀਤ ਨੇ ਕੀਤੀ ਸੀ। ਸ੍ਰੀ ਮਜੀਠੀਆ ਨੇ ਪੌਂਟੀ ਚੱਢਾ ਕਤਲ ਕਾਂਡ ਵਿੱਚ ਵੀ ਰਾਣਾ ਦੀ ਸ਼ਮੂਲੀਅਤ ਦੇ ਦੋਸ਼ ਮੜ੍ਹ ਦਿੱਤੇ। ਦੋਵਾਂ ਵਿਚਾਲੇ ਗਾਲੀ ਗਲੋਚ ਹੋਣ ਲਗਾ। ਇੱਥੋਂ ਤੱਕ ਕੇ ਹੱਥੋ-ਪਾਈ ਦੀ ਨੌਬਤ ਆ ਗਈ ਇਸ ਤੋਂ ਬਾਅਦ ਸਦਨ ਦਾ ਮਾਹੌਲ ਇਕਦਮ ਤਣਾਅ ਪੂਰਨ ਹੋ ਗਿਆ ਪਰ ਦੋਵੇਂ ਪਾਸੇ ਦੇ ਕੁਝ ਮੈਂਬਰਾਂ ਨੇ ਵਿੱਚ ਪੈ ਕੇ ਹਾਲਤ ਨੂੰ ਕਾਬੂ ਕਰ ਲਿਆ।
ਸਪੀਕਰ ਨੂੰ ੧.੨੪ ਵਜੇ ਰੌਲ਼ੇ ਰਪੈ ਕਰਕੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਸਦਨ ਮੁੜ ਜੁੜਿਆ ਤਾਂ ਸਪੀਕਰ ਨੇ ਵਿਰੋਧੀ ਧਿਰ ਨੂੰ ਸਦਨ ਵਿੱਚ ਹੋਈਆਂ ਅਣਸੁਖਾਵੀਆਂ ਘਟਨਾਵਾਂ ‘ਤੇ ਮੁਆਫ਼ੀ ਮੰਗਣ ਲਈ ਕਿਹਾ। ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਸੀ ਕਿ ਗਾਲ੍ਹਾਂ ਤਾਂ ਸ੍ਰੀ ਮਜੀਠੀਆ ਨੇ ਕੱਢੀਆਂ ਹਨ ਤੇ ਫਿਰ ਵਿਰੋਧੀ ਧਿਰ ਦੇ ਮੈਂਬਰ ਵਲੋਂ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਜਾਂ ਤਾਂ ਮੁਆਫ਼ੀ ਮੰਗਣ ਤੇ ਜਾਂ ਫਿਰ ਉਨ੍ਹਾਂ ਨੂੰ ਸਦਨ ਵਿੱਚੋਂ ਕੱਢਿਆ ਜਾਵੇ। ਇਸ ‘ਤੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਮਦਨ ਮੋਹਨ ਮਿੱਤਲ ਨੇ ਮਤਾ ਪੇਸ਼ ਕੀਤਾ ਜਿਸ ਨੂੰ ਸਪੀਕਰ ਨੇ ਪ੍ਰਵਾਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੂੰ ਸਦਨ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕਰ ਦਿੱਤਾ। ਸਪੀਕਰ ਦੀ ਇਸ ਕਾਰਵਾਈ ਤੋਂ ਬਾਅਦ ਸਮੁੱਚੀ ਵਿਰੋਧੀ ਧਿਰ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।
Indian News ਪੰਜਾਬ ਵਿਧਾਨ ਸਭਾ ‘ਚ ਅਕਾਲੀ ਮਜੀਠੀਆ ਤੇ ਕਾਂਗਰਸੀ ਸੋਢੀ ਵਿਚਾਲੇ ਗਾਲੀ ਗਲੋਚ