ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਦੋਸ਼ੀ ਨੂੰ ਥਾਣੇ ‘ਚ ਹੀ ਗੋਲੀ ਮਾਰੀ

ਲੁਧਿਆਣਾ, 31 ਅਗਸਤ (ਏਜੰਸੀ) – ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਖ਼ਬਰ ਮੁਤਾਬਕ ਬਿਹਾਰ ਦੇ ਰਹਿਣ ਵਾਲੇ ੨੦ ਸਾਲਾ ਪਰਵਾਸੀ ਮਜ਼ਦੂਰ ਦਲੀਪ ਕੁਮਾਰ ਅਤੇ ਉਸ ਦੇ ਸਾਥਆਂ ਨੇ ਰਾਤ ਸ਼ਰਾਬ ਦੇ ਨਸ਼ੇ ਵਿੱਚ ਕੌਮੀ ਮਾਰਗ ਸਾਹਨੇਵਾਲ ਦੀ ਮੁੱਖ ਸੜਕ ‘ਤੇ ਸਥਿਤ ਗੁਰਦੁਆਰਾ ਅਰਜਨ ਦੇਵ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਆਖੰਡ ਪਾਠ ਸਮੇਂ ਰਾਤ ਨੂੰ ਪਾਵਨ ਸਰੂਪ ਦੇ ਅੰਗ 393 ਤੇ ਅੰਗ 394 ਫਾੜ ਦਿੱਤੇ। ਜਿਸ ਨਾਲ ਇਲਾਕੇ ਭਰ ਵਿੱਚ ਤਣਾਅ ਦੇ ਹਾਲਾਤ…….. ਬਣੇ ਹੋਏ ਹਨ। ਜਦੋਂ ਕਿ ਗ੍ਰਿਫਤਾਰ ਕਰਕੇ ਸਾਹਨੇਵਾਲ ਥਾਣੇ ਵਿੱਚ ਰੱਖੇ ਦੋਸ਼ੀ ਦਲੀਪ ਕੁਮਾਰ ਨੂੰ ਬਾਅਦ ਦੁਪਹਿਰ ਥਾਣਾ ਅੰਦਰ ਹੀ ਪਿੰਡ ਕੁੱਬੇ ਦੇ ਵਾਸੀ ਮਨਦੀਪ ਸਿੰਘ ਨੇ ਗੋਲੀ ਮਾਰ ਦਿੱਤੀ। ਦਲੀਪ ਨੂੰ ਤੁਰੰਤ ਅਪੋਲੋ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਹਮਲਾਵਰ ਨੇ ਤੁਰੰਤ ਥਾਣੇ ਅੰਦਰ ਹੀ ਆਤਮ ਸਮਰਪਣ ਕਰ ਦਿੱਤਾ, ਜਿਸ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀ ਪਰਵਾਸੀ ਦਲੀਪ ਕੁਮਾਰ ਤੇ ਉਸ ਦੇ ਸਾਥੀ ਇੱਥੇ ਭਾਜਪਾ ਆਗੂ ਦੀ ਪਾਪੜ ਫੈਕਟਰੀ ‘ਚ ਕੰਮ ਕਰਦੇ ਹਨ। ਗੁਰਦੁਆਰਾ ਸਾਹਿਬ ਦੇ ਗਰੰਥੀ ਜੋਗ ਸਿੰਘ ਨੂੰ ਦੋਸ਼ੀਆਂ ਨੇ ਪਾਠ ਕਰਦੇ ਸਮੇਂ ਚੁੱਕ ਲਿਆ ਤੇ ਉਸ ਦੀ ਮਾਰਕੁੱਟ ਕੀਤੀ। ਮੌਕੇ ਸਮੇਂ ਉੱਥੋਂ ਲੰਘ ਰਹੇ ਸੁਰਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਅੰਦਰੋਂ ਆਵਾਜ਼ਾਂ ਸੁਣੀਆਂ ਤਾਂ ਉਨ੍ਹਾਂ ਆਪਣੀ ਕਾਰ ਰੋਕੀ ਤੇ ਅੰਦਰ ਗਏ। ਉਨ੍ਹਾਂ ਗ੍ਰੰਥੀ ਸਿੰਘ ਦੀ ਸਹਾਇਤਾ ਕੀਤੀ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ ਗਆ। ਬਾਅਦ ਵਿੱਚ ਉਸ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਰੋਲਾ ਸੁਣਕੇ ਸਥਾਨਕ ਲੋਕ ਵੀ ਇਕੱਠੇ ਹੋ ਗਏ। ਜਦੋਂ ਇਹ ਖ਼ਬਰ ਸਾਰੇ ਇਲਾਕੇ ‘ਚ ਫੈਲ ਗਈ ਤਾਂ ਪਿੰਡ ਕੁੱਬੇ ਸਮਰਾਲਾ ਦੇ ਰਹਿਣ ਵਾਲੇ ੨੯ ਸਾਲਾ ਮਨਦੀਪ ਸਿੰਘ ਨੇ ਆਪਣੇ ਮਿੱਤਰ ਸਣੇ ਬਾਅਦ ਦੁਪਹਿਰ ਕਰੀਬ ਦੋ ਵਜੇ ਥਾਣੇ ਅੰਦਰ ਬੰਦ ਦਲੀਪ ਕੁਮਾਰ ਨੂੰ ਰੋਟੀ ਖਾਂਦਿਆਂ ਲਾਇਸੈਂਸੀ ਰਿਵਾਲਵਰ ਨਾਲ ਤਿੰਨ ਗੋਲੀਆਂ ਮਾਰੀਆਂ ਅਤੇ ਗੰਭੀਰ ਜ਼ਖਮੀ ਕਰ ਦਿੱਤਾ। ਗਪਲੀ ਮਾਰਨ ਤੋਂ ਬਾਅਦ ਮਨਦੀਪ ਸਿੰਘ ਨੇ ਥਾਣੇ ਅੰਦਰ ਹੀ ਆਤਮ-ਸਮਰਪਣ ਕਰ ਦਿੱਤਾ। ਪੁਲੀਸ ਨੇ ਉਸ ‘ਤੇ ਧਾਰਾ 307 ਲਗਾ ਕੇ ਪਰਚਾ ਦਰਜ ਕਰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਵਾਪਰੀ ਦੁੱਖਦ ਘਟਨਾ ਨਾਲ ਸੂਬੇ ਅਤੇ ਇਲਾਕੇ ਭਰ ਵਿੱਚ ਰੋਸ ਹੈ ਅਤੇ ਸਿੱਖ ਜਥੇਬੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਅਤੇ ਆਖੰਡ ਪਾਠ ਖੰਡਤ ਹੋਣ ‘ਤੇ ਅਰਦਾਸ ਕਰਕੇ ਮੁੜ ਆਖੰਡ ਪਾਠ ਆਰੰਭੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਖੇਦੀ ਕਰਨ ਦੇ ਨਾਲ ਸੂਬੇ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪੜਤਾਲ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।