ਚੰਡੀਗੜ੍ਹ, 25 ਅਪ੍ਰੈਲ – ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ 5 ਵਾਰ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਜ਼ਿਕਰਯੋਗ ਹੈ ਕਿ ਸਿਹਤ ਵਿਗੜਨ ਕਾਰਨ ਪ੍ਰਕਾਸ਼ ਸਿੰਘ ਬਾਦਲ 21 ਅਪ੍ਰੈਲ ਤੋਂ ਹਸਪਤਾਲ ਦੇ ਆਈਸੀਯੂ ‘ਚ ਦਾਖ਼ਲ ਸਨ। ਸਾਬਕਾ ਮੁੱਖ ਮੰਤਰੀ ਸ. ਬਾਦਲ ਨੇ ਮੰਗਲਵਾਰ ਸ਼ਾਮ 8 ਵਜੇ ਦੇ ਲਗਭਗ ਆਖ਼ਰੀ ਸਾਹ ਲਿਆ।
ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਵੀ ਦੋ ਦਿਨਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।
ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ
ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਸਾਲ 2022 ‘ਚ ਪੰਜਾਬ ਵਿਧਾਨ ਸਭਾ ਚੋਣ ਲੜੀ ਸੀ ਪਰ ਹਾਰ ਗਏ ਸਨ। ਬਾਦਲ ਨੇ ਆਪਣਾ ਸਿਆਸੀ ਕੈਰੀਅਰ 1950 ਦੇ ਦਹਾਕੇ ਦੇ ਸ਼ੁਰੂ ‘ਚ ਸ਼ੁਰੂ ਕੀਤਾ ਸੀ ਅਤੇ ਕਈ ਸਾਲਾਂ ਤੋਂ ਕਾਂਗਰਸ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਰਹੇ ਹਨ। ਉਹ ਪਹਿਲੀ ਵਾਰ 1970-71’ਚ ਸੂਬੇ ਦੇ ਮੁੱਖ ਮੰਤਰੀ ਬਣੇ, ਉਸ ਤੋਂ ਬਾਅਦ 1977-80, 1997-2002 ਅਤੇ 2007-2017 ਤੱਕ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਇਸ ਤੋਂ ਇਲਾਵਾ 1972, 1980 ਅਤੇ 2002 ‘ਚ ਵੀ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਸੰਭਾਲੀ। ਉਹ ਸ਼੍ਰੋਮਣੀ ਅਕਾਲੀ ਦਲ (1996-2008) ਦੇ ਪ੍ਰਧਾਨ ਬਣੇ।
ਸ. ਪ੍ਰਕਾਸ਼ ਸਿੰਘ ਬਾਦਲ ਮੋਰਾਰਜੀ ਦੇਸਾਈ ਦੇ ਸ਼ਾਸਨਕਾਲ ਦੌਰਾਨ ਸੰਸਦ ਮੈਂਬਰ ਬਣੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਮੰਤਰੀ ਵਜੋਂ ਖੇਤੀਬਾੜੀ ਅਤੇ ਸਿੰਚਾਈ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਦਾ ਕਾਰਜਕਾਲ 1 ਮਾਰਚ 2007 ਤੋਂ 2017 ਤੱਕ ਰਿਹਾ ਹੈ। ਇਸ ਤੋਂ ਇਲਾਵਾ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ‘ਚ ਸਿੱਖ ਧਰਮ ‘ਤੇ ਆਧਾਰਿਤ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸਨ।
ਸ. ਪ੍ਰਕਾਸ਼ ਸਿੰਘ ਬਾਦਲ ਦਾ ਅਸਲ ਨਾਮ ਪ੍ਰਕਾਸ਼ ਸਿੰਘ ਢਿੱਲੋਂ ਸੀ, ਉਨ੍ਹਾਂ ਦਾ ਜਨਮ 8 ਦਸੰਬਰ 1927 ਨੂੰ ਮਲੋਟ ਨੇੜੇ ਦੱਖਣ-ਪੱਛਮੀ ਪੰਜਾਬ ਦੇ ਪਿੰਡ ਅਬੁਲ ਖੁਰਾਣਾ ‘ਚ ਹੋਇਆ ਸੀ। ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਚੌਥੀ ਵਾਰ ਇਹ ਅਹੁਦਾ ਸੰਭਾਲਿਆ ਹੈ। ਉਸ ਦਾ ਵਿਆਹ ਸੁਰਿੰਦਰ ਕੌਰ ਨਾਲ ਹੋਇਆ ਸੀ, ਜਿਸ ਦੀ ੨੦੧੧ ਵਿਚ ਕੈਂਸਰ ਦੀ ਲੰਬੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹੈ। ਸ. ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੇ ਜਲਾਲਾਬਾਦ ਹਲਕੇ ਤੋਂ ਵਿਧਾਇਕ ਹਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ।
Home Page ਪੰਜਾਬ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ 5 ਵਾਰ ਦੇ ਸਾਬਕਾ ਮੁੱਖ...