ਚੰਡੀਗੜ੍ਹ, 19 ਅਗਸਤ – ਪੰਜਾਬ ਸਿਵਲ ਸਕੱਤਰੇਤ ਦੀਆਂ ਮਹਿਲਾ ਮੁਲਾਜ਼ਮਾਂ ਨੇ ਅੱਜ ਸੈਕਟਰ-8 ਵਿਖੇ ਤੀਜ ਦਾ ਤਿਊਹਾਰ ਮਨਾ ਕੇ ਖੂਬ ਰੌਣਕਾਂ ਲਾਈਆਂ। ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਤਿਆਰ ਹੋਈਆਂ ਪੰਜਾਬਣਾਂ ਨੇ ਰਵਾਇਤੀ ਬੋਲੀਆਂ ਪਾ ਕੇ ਜਿਥੇ ਪਰੰਪਰਾਗਤ ਪੰਜਾਬ ਦਾ ਦ੍ਰਿਸ਼ ਪੇਸ਼ ਕੀਤਾ, ਉਥੇ ਮਾਲ ਪੂੜਿਆਂ ਤੇ ਗੁਲਗੁਲਿਆਂ ਦਾ ਆਨੰਦ ਵੀ ਮਾਣਿਆ। ਰਵਾਇਤੀ ਬੋਲੀਆਂ ਤੋਂ ਸ਼ੁਰੂ ਹੋਏ ਸਮਾਗਮ ਦਾ ਅੰਤ ਆਧੁਨਿਕ ਪੰਜਾਬੀ ਗੀਤਾਂ ‘ਤੇ ਗਿੱਧਾ ਪਾਉਣ ਨਾਲ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਲੈ ਹੋਇਆ। ਤੀਜ ਦੇ ਤਿਊਹਾਰ ਦਾ ਪ੍ਰਬੰਧ ਪੰਜਾਬ ਸਿਵਲ ਸਕੱਤਰੇਤ…. ਦੇ ਵਿਮੈਨ ਵਿੰਗ ਵਲੋਂ ਇਥੇ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਪੰਜਾਬ ਸਿਵਲ ਸਕੱਤਰੇਤ ਦੀ ਆਧੁਨਿਕ ਪੀੜ੍ਹੀ ਤੇ ਨਾਲ ਨਾਲ ਸੇਵਾ ਮੁਕਤ ਹੋ ਚੁੱਕੀਆਂ ਔਰਤਾਂ ਨੇ ਵੀ ਸ਼ਾਮਲ ਹੋ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਔਰਤਾਂ ਨੇ ਬੋਲੀਆਂ ਅਤੇ ਗਿੱਧਾ ਪਾ ਕੇ ਸਾਉਣ ਦਾ ਸਵਾਗਤ ਕਰਦਿਆਂ ਨਵੀਂ ਪੀੜ੍ਹੀ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੁੜਨ ਦਾ ਸੱਦਾ ਦਿੱਤਾ।
ਇਸ ਸਮਾਗਮ ਦੀ ਇੰਚਾਰਜ ਤਜਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਰਵਾਇਤੀ ਢੰਗ ਨਾਲ ਤੀਆਂ ਮਨਾ ਰਹੀਆਂ ਹਨ ਤਾਂ ਕਿ ਨਵੀਂ ਪੀੜ੍ਹੀ ਵੀ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੁੜੀ ਰਹੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਾਉਣ ਦੇ ਮਹੀਨੇ ਵਿੱਚ ਤੀਜ ਮਨਾਉਣ ਲਈ ਇਕ ਦਿਨ ਨਿਰਧਾਰਤ ਕਰਕੇ ਮਹਿਲਾ ਮੁਲਾਜ਼ਮਾਂ ਲਈ ਛੁੱਟੀ ਦਾ ਐਲਾਨ ਕਰੇ ਤਾਂ ਕਿ ਪੰਜਾਬ ਭਰ ਵਿੱਚ ਮਹਿਲਾ ਮੁਲਾਜ਼ਮਾਂ ਇਕ ਦਿਨ ਤੀਆਂ ਮਨਾ ਕੇ ਖੁਸ਼ੀਆਂ ਸਾਂਝੀਆਂ ਕਰਨ ਦੇ ਨਾਲ ਨਾਲ ਆਪਣੀ ਅਮੀਰ ਵਿਰਾਸਤ ਨੂੰ ਅੱਗੇ ਵਧਾ ਸਕਣ। ਉਨ੍ਹਾਂ ਕਿਹਾ ਕਿ ਤੀਆਂ ਹੀ ਇਕ ਅਜਿਹਾ ਤਿਊਹਾਰ ਹੈ ਜਿਹੜਾ ਸਿਰਫ ਔਰਤਾਂ ਲਈ ਹੈ।
Indian News ਪੰਜਾਬ ਸਰਕਾਰ ਦੀਆਂ ਮਹਿਲਾ ਮੁਲਾਜ਼ਮਾਂ ਨੇ ਲਾਈਆਂ ਤੀਜ ਦੀਆਂ ਰੌਣਕਾਂ