ਚੰਡੀਗੜ੍ਹ – ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਮਹਿੰਗਾਈ ਭੱਤੇ ‘ਚ 7% ਵਾਧੇ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਮਹਿੰਗਾਈ ਭੱਤੇ ਦੀ ਦਰ 65% ਤੋਂ ਵੱਧ ਕੇ 72% ਹੋ ਜਾਵੇਗੀ। ਸੂਬੇ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਿੰਗਾਈ ਭੱਤੇ ਵਿੱਚ ਇਹ ਵਾਧਾ ਕੇਂਦਰ ਸਰਕਾਰ ਦੀ ਤਰਜ਼ ‘ਤੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਧੀ ਦਰ ‘ਤੇ ਮਿਲਣਯੋਗ ਮਹਿੰਗਾਈ ਭੱਤੇ ਦਾ 1 ਜੁਲਾਈ, 2012 ਤੋਂ 31 ਅਕਤੂਬਰ, 2012 ਤੱਕ ਦੇ 4 ਮਹੀਨਿਆਂ ਦਾ ਬਕਾਇਆ…….. ਦੋ ਤਰ੍ਹਾਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਜੁਲਾਈ, 2012 ਤੋਂ 31 ਅਗਸਤ, 2012 ਤੱਕ ਦੇ ਪਹਿਲੇ 2 ਮਹੀਨਿਆਂ ਦੇ ਬਕਾਏ ਦੀ ਰਕਮ ਕਰਮਚਾਰੀਆਂ ਦੇ ਜਨਰਲ ਪ੍ਰਾਵੀਡੈਂਟ ਫ਼ੰਡ (ਜੀ. ਪੀ. ਐਫ਼.) ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ ਅਤੇ 1 ਸਤੰਬਰ, 2012 ਤੋਂ 31 ਅਕਤੂਬਰ, 2012 ਤੱਕ ਦੇ ਬਕਾਏ ਦੀ ਵਧੀ ਹੋਈ ਦਰ ਅਨੁਸਾਰ ਰਕਮ ਦਾ ਨਕਦ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਨਵੰਬਰ, 2012 ਤੋਂ ਬਾਅਦ ਮਹਿੰਗਾਈ ਭੱਤੇ ਦਾ ਨਕਦ ਭੁਗਤਾਨ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਜੋੜ ਕੇ ਕੀਤਾ ਜਾਇਆ ਕਰੇਗਾ। ਸ. ਢੀਂਡਸਾ ਨੇ ਦੱਸਿਆ ਕਿ ਮਹਿੰਗਾਈ ਭੱਤੇ ਵਿੱਚ ਇਸ ਵਾਧੇ ਨਾਲ ਰਾਜ ਦੇ ਖ਼ਜ਼ਾਨੇ ‘ਤੇ 351.63 ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ। ਵਿੱਤ ਮੰਤਰੀ ਮੁਤਾਬਕ ਜਿਨ੍ਹਾਂ ਮੁਲਾਜ਼ਮਾਂ ਦੀ ਨਿਯੁਕਤੀ 1 ਜਨਵਰੀ, 2004 ਜਾਂ ਉਸ ਉਪਰੰਤ ਕੀਤੀ ਗਈ ਹੈ, ਉਹ ਵਧੀਆਂ ਦਰਾਂ ‘ਤੇ ਮਿਲਣ ਵਾਲੇ ਮਹਿੰਗਾਈ ਭੱਤੇ ਵਜੋਂ 1 ਜੁਲਾਈ, 2012 ਤੋਂ 31 ਅਗਸਤ, 2012 ਤੱਕ ਦੇ ਬਣਨ ਵਾਲੇ ਬਕਾਏ ਦੀ ਰਕਮ ਦੇ ਇਵਜ਼ ਵਿੱਚ ਸੂਬੇ ਵਿੱਚ ਸਥਿਤ ਡਾਕ ਘਰਾਂ ਤੋਂ ਨੈਸ਼ਨਲ ਸੇਵਿੰਗ ਸਰਟੀਫ਼ਿਕੇਟ/ ਕਿਸਾਨ ਵਿਕਾਸ ਪੱਤਰ ਖ਼ਰੀਦਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਾਰੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਵਧੀ ਕਿਸ਼ਤ ਵੱਜੋਂ ਸਾਰੀ ਰਕਮ ਦਾ 1 ਜੁਲਾਈ, 2012 ਤੋਂ ਨਕਦ ਭੁਗਤਾਨ ਕੀਤਾ ਜਾਵੇਗਾ।
Indian News ਦੀਵਾਲੀ ਦਾ ਤੋਹਫ਼ਾ, ਪੰਜਾਬ ਸਰਕਾਰ ਨੇ ਮਹਿੰਗਾਈ ਭੱਤਾ 7% ਵਾਧਇਆ