ਚੰਡੀਗੜ੍ਹ, 22 ਅਗਸਤ (ਏਜੰਸੀ) – ਪੰਜਾਬ ਸਰਕਾਰ ਵਲੋਂ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚੋਂ ਰੈਗਿੰਗ ਦੀ ਸਮੱਸਿਆ ਦਾ ਹੱਲ ਕਰਨ ਲਈ ਐਂਟੀ ਰੈਗਿੰਗ ਸੈਲ ਦੀ ਸਥਾਪਨਾ ਕੀਤੀ ਗਈ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਇਹ ਸੈਲ ਚੰਡੀਗੜ੍ਹ ਸਥਿਤ ਤਕਨੀਕੀ ਸਿੱਖਿਆ ਭਵਨ ਵਿੱਚ ਡਾਇਰੈਕਟਰ……. ਟੈਕਨੀਕਲ ਐਜੂਕੇਸ਼ਨ (ਡੀ. ਟੀ. ਈ.) ਦੇ ਦਫ਼ਤਰ ਵਿੱਚ ਸਥਾਪਤ ਕੀਤਾ ਗਿਆ ਹੈ।
ਸ੍ਰੀ ਜੋਸ਼ੀ ਨੇ ਕਿਹਾ ਕਿ ਰੈਗਿੰਗ ਕਰਨਾ ਅਪਰਾਧ ਹੈ ਅਤੇ ਪੰਜਾਬ ਸਰਕਾਰ ਨੇ ਰਾਜ ਦੀਆਂ ਸਾਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਰੈਗਿੰਗ ‘ਤੇ ਸਖਤਾਈ ਨਾਲ ਪਾਬੰਦੀ ਲਾਈ ਹੈ। ਇਸ ਤਹਿਤ ਮੁੱਖ ਦਫ਼ਤਰ ਵਿਖੇ ਐਂਟੀ ਰੈਗਿੰਗ ਸੈਲ ਸਥਾਪਤ ਕੀਤਾ ਹੈ। ਇਸ ਦੇ ਨਾਲ ਹੀ ਸਾਰੀਆਂ ਤਕਨੀਕੀ ਸੰਸਥਾਵਾਂ ਵਿੱਚ ਪਹਿਲਾਂ ਹੀ ਐਂਟੀ ਰੈਗਿੰਗ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਰੈਗਿੰਗ ਸਬੰਧੀ ਘਟਨਾਵਾਂ ਦੇ ਪੀੜਤ ਵਿਦਿਆਰਥੀ ਸੰਸਥਾਵਾਂ ਵਿੱਚ ਬਣਾਈਆਂ ਐਂਟੀ ਰੈਗਿੰਗ ਕਮੇਟੀਆਂ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਜਾਂ ਪੰਜਾਬ ਦੇ ਡੀ. ਟੀ. ਈ. ਦਫ਼ਤਰ ਵਿਖੇ ਨਵੇਂ ਬਣਾਏ ਐਂਟੀ ਰੈਗਿੰਗ ਸੈਲ ਨੂੰ ਆਪਣੀ ਸ਼ਿਕਾਇਤ ਭੇਜ ਸਕਦਾ ਹੈ। ਇਸ ਲਈ ਪੀੜਤ ਵਿਦਿਆਰਥੀ ਟੈਲੀਫੋਨ ਨੰਬਰ 0172-5022332 ਜਾਂ ਮੋਬਾਇਲ ਨੰਬਰ 9501001578, 9814804321 ਜਾਂ ਈਮੇਲ ਆਈਡੀ computer_section_dte@yahoo.com ‘ਤੇ ਸ਼ਿਕਾਇਤ ਭੇਜ ਸਕਦਾ ਹੈ। ਇਸ ਤੋਂ ਇਲਾਵਾ ਯੂ. ਜੀ. ਸੀ. ਦੀ 24 ਘੰਟੇ ਦੀ ਟੋਲ ਫ੍ਰੀ ਨੰਬਰ ਸਰਵਿਸ 1800-180-5522 ਜਾਂ helpline@antiragging.in ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਸ੍ਰੀ ਜੋਸ਼ੀ ਨੇ ਕਿਹਾ ਕਿ ਜੇਕਰ ਕੋਈ ਤਕਨੀਕੀ ਸਿੱਖਿਆ ਸੰਸਥਾ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਜਾਂ ਰੈਗਿੰਗ ਦੇ ਦੋਸ਼ੀਆਂ ਨੂੰ ਨਿਯਮਾਂ ਮੁਤਾਬਕ ਸਜ਼ਾ ਦੇਣ ਵਿੱਚ ਫੇਲ੍ਹ ਹੋ ਜਾਂਦੀ ਹੈ ਤਾਂ ਉਨ੍ਹਾਂ ਖਿਲਾਫ ਪੰਜਾਬ ਸਰਕਾਰ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
Indian News ਪੰਜਾਬ ਸਰਕਾਰ ਵੱਲੋਂ ਐਂਟੀ ਰੈਗਿੰਗ ਸੈਲ ਦੀ ਸਥਾਪਨਾ