ਪੰਜਾਬ ਸਰਕਾਰ ਸੂਬੇ ਦੇ ਸਿਰ ਚੜ੍ਹੇ 3 ਲੱਖ ਕਰੋੜ ਦੇ ਕਰਜ਼ੇ ਦੀ ਜਾਂਚ ਕਰਵਾਏਗੀ

ਚੰਡੀਗੜ੍ਹ, 18 ਅਪ੍ਰੈਲ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸ੍ਰੀ ਮਾਨ ਨੇ ਸ਼ੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਪੰਜਾਬ ‘ਤੇ 3 ਲੱਖ ਕਰੋੜ ਦਾ ਕਰਜ਼ਾ ਛੱਡ ਗਈਆਂ ਸਨ, ਇਹ ਕਰਜ਼ਾ ਵਰਤਿਆ ਕਿੱਥੇ ਹੈ ਉਸ ਦੀ ਜਾਂਚ ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ, ਜਿਸ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਦੇ ਮਾਲੀਏ ’ਚ ਪਿਛਲੀਆਂ ਸਰਕਾਰਾਂ ਦੇ ਰਾਜ ਦੌਰਾਨ ਕੋਈ ਖਾਸ ਵਾਧਾ ਨਹੀਂ ਹੋਇਆ ਤੇ ਸੂਬੇ ਦੀ ਗੱਡੀ ਕਰਜ਼ਾ ਚੁੱਕ ਕੇ ਹੀ ਚੱਲਦੀ ਰਹੀ ਹੈ। ਪੰਜਾਬ ਸਿਰ ਚੜ੍ਹੇ ਕਰਜ਼ੇ ਲਈ ਪਹਿਲਾਂ ਸਰਕਾਰ ਚਲਾ ਚੁੱਕੀਆਂ ਸਿਆਸੀ ਧਿਰਾਂ ’ਤੇ ਵੀ ਉਂਗਲ ਉੱਠਦੀ ਰਹੀ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਮਾਰਚ 2022 ਤੱਕ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਅੰਕੜਾ 2.73 ਲੱਖ ਕਰੋੜ ਰੁਪਏ ਬਣਦਾ ਹੈ| ਜਦਕਿ ‘ਆਪ’ ਸਰਕਾਰ ਵੱਲੋਂ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਬੇ ਦੀ ਆਬਾਦੀ ਕਰੀਬ ਤਿੰਨ ਕਰੋੜ ਹੈ ਤੇ ਇਸ ਹਿਸਾਬ ਨਾਲ ਪੰਜਾਬ ਦੇ ਹਰ ਬਾਸ਼ਿੰਦੇ ਦੇ ਹਿੱਸੇ ਇੱਕ-ਇੱਕ ਲੱਖ ਰੁਪਏ ਦਾ ਕਰਜ਼ਾ ਆਉਂਦਾ ਹੈ| ਲੰਘੇ ਮਾਲੀ ਵਰ੍ਹੇ ਦੇ ਅੰਕੜਿਆਂ ਮੁਤਾਬਕ ਸਾਲਾਨਾ ਆਮਦਨੀ ਦਾ ਕਰੀਬ 21 ਫ਼ੀਸਦੀ ਤੋਂ ਵੱਧ ਪੈਸਾ ਕਰਜ਼ੇ ਦੇ ਵਿਆਜ ਦੀ ਅਦਾਇਗੀ ਵਿਚ ਗਿਆ ਹੈ ਤੇ 36.9 ਫ਼ੀਸਦੀ ਤਨਖ਼ਾਹਾਂ ਅਤੇ ਪੈਨਸ਼ਨਾਂ ਦੇ ਭੁਗਤਾਨ ਵਿਚ ਖ਼ਰਚ ਹੁੰਦਾ ਰਿਹਾ ਹੈ| ਵੇਰਵਿਆਂ ਮੁਤਾਬਕ ਜਦ ਕਾਂਗਰਸ ਨੇ 2017 ਵਿਚ ਸੱਤਾ ਸੰਭਾਲੀ ਸੀ ਤਾਂ ਉਦੋਂ ਪੰਜਾਬ ਸਿਰ 1.82 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਜੋ ਕਿ ਪੰਜ ਸਾਲਾਂ ਵਿਚ ਵੱਧ ਕੇ 2.73 ਲੱਖ ਕਰੋੜ ਰੁਪਏ ਹੋ ਗਿਆ ਹੈ| ਇਸ ਤਰ੍ਹਾਂ ਕਾਂਗਰਸ ਸਰਕਾਰ ਨੇ ਪੰਜ ਸਾਲਾਂ ਵਿਚ ਵਿਚ ਕਰੀਬ 91 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਿਆ| ਉਸ ਤੋਂ ਪਹਿਲਾਂ ਜਦ ਅਕਾਲੀ-ਭਾਜਪਾ ਗੱਠਜੋੜ ਸਰਕਾਰ 2007 ਵਿਚ ਸੱਤਾ ’ਚ ਆਈ ਸੀ ਤਾਂ ਉਦੋਂ ਸੂਬੇ ਸਿਰ 51,153 ਕਰੋੜ ਰੁਪਏ ਦਾ ਕਰਜ਼ਾ ਸੀ ਜੋ ਕਿ ਮਗਰੋਂ ਉਨ੍ਹਾਂ ਦੇ ਦਸ ਸਾਲਾਂ ਦੇ ਕਾਰਜਕਾਲ ਵਿਚ ਵੱਧ ਕੇ 1.82 ਲੱਖ ਕਰੋੜ ਰੁਪਏ ਹੋ ਗਿਆ। ਇਸ ਤਰ੍ਹਾਂ ਗੱਠਜੋੜ ਸਰਕਾਰ ਨੇ 10 ਸਾਲਾਂ ਵਿਚ 1.31 ਲੱਖ ਰੁਪਏ ਦਾ ਕਰਜ਼ਾ ਚੁੱਕਿਆ| ਪਿਛਲੇ ਵਰ੍ਹੇ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਵੀ ਬਹੁਤ ਸਾਰੇ ਐਲਾਨ ਕੀਤੇ ਸਨ ਜਿਨ੍ਹਾਂ ਦੇ ਬਕਾਇਆਂ ਦਾ ਸਰਕਾਰ ਭੁਗਤਾਨ ਨਹੀਂ ਕਰ ਸਕੀ ਸੀ| ਪਿਛਲੀ ਸਰਕਾਰ ਦੇ ਤਿੰਨ ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਦੇਣ ਦੇ 1700 ਕਰੋੜ, ਡਿਫਾਲਟਰਾਂ ਦੇ ਬਕਾਏ ਮੁਆਫ਼ ਕਰਨ ਦੇ 1500 ਕਰੋੜ, ਜਲ ਘਰਾਂ ਦੀ ਮੁਆਫ਼ੀ ਦੇ 600 ਕਰੋੜ ਅਤੇ ਨਰਮੇ ਦੇ ਮੁਆਵਜ਼ੇ ਦੇ ਕਰੀਬ 100 ਕਰੋੜ ਦੇ ਬਕਾਏ ਹਾਲੇ ਵੀ ਤਾਰੇ ਨਹੀਂ ਗਏ ਹਨ| ਜਦਕਿ ਹੁਣ ‘ਆਪ’ ਸਰਕਾਰ ਨੇ ਵੀ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ|

ਵਾਈਟ ਪੇਪਰ ਵੀ ਹੋਏ ਸਨ ਜਾਰੀ

‘ਆਪ’ ਸਰਕਾਰ ਨੇ ਹੁਣ ਕਰਜ਼ੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਦਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰਾਂ ਵੀ ਪੰਜਾਬ ਦੀ ਮਾਲੀ ਸਥਿਤੀ ’ਤੇ ਵਾਈਟ ਪੇਪਰ ਜਾਰੀ ਕਰ ਚੁੱਕੀਆਂ ਹਨ। ਜਦੋਂ ਅਮਰਿੰਦਰ ਸਿੰਘ ਪਹਿਲੀ ਦਫ਼ਾ ਮੁੱਖ ਮੰਤਰੀ ਬਣੇ ਸਨ ਤਾਂ ਉਦੋਂ ਤਤਕਾਲੀ ਵਿੱਤ ਮੰਤਰੀ ਲਾਲ ਸਿੰਘ ਨੇ 25 ਮਾਰਚ 2002 ਨੂੰ ਪੰਜਾਬ ਦੀ ਵਿੱਤੀ ਸਥਿਤੀ ’ਤੇ ਵਾਈਟ ਪੇਪਰ ਜਾਰੀ ਕੀਤਾ ਸੀ। ਪੰਜ ਸਾਲ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਵਾਈਟ ਪੇਪਰ ਜਾਰੀ ਕੀਤਾ ਸੀ।

 

ਅਮਰਵੇਲ ਵਾਂਗ ਵਧਿਆ ਕਰਜ਼ਾ
ਆਜ਼ਾਦੀ ਮਗਰੋਂ 1954 ਵਿਚ ਪੰਜਾਬ ’ਤੇ 138 ਕਰੋੜ ਰੁਪਏ ਦਾ ਕਰਜ਼ਾ ਸੀ ਅਤੇ 1991 ਤੱਕ ਕਰਜ਼ਾ ਕੰਟਰੋਲ ’ਚ ਰਿਹਾ। 1991 ਵਿਚ ਪੰਜਾਬ ਸਿਰ 9,868 ਕਰੋੜ ਰੁਪਏ ਦਾ ਕਰਜ਼ਾ ਸੀ ਜੋ ਕਿ 1994 ਵਿਚ ਵਧ ਕੇ 10,499 ਕਰੋੜ ਹੋ ਗਿਆ। 1997 ਵਿਚ ਗੱਠਜੋੜ ਸਰਕਾਰ ਸਮੇਂ ਪੰਜਾਬ ਸਿਰ 15,249 ਕਰੋੜ ਰੁਪਏ ਦਾ ਕਰਜ਼ਾ ਸੀ ਜੋ ਕਿ 2001 ਵਿਚ ਵਧ ਕੇ 27,830 ਕਰੋੜ ਹੋ ਗਿਆ ਸੀ। ਕੈਗ ਦੀ ਰਿਪੋਰਟ ’ਚ ਕਿਆਸ ਲਾਇਆ ਗਿਆ ਹੈ ਕਿ ਜੇ ਕਰਜ਼ ਚੁੱਕਣ ਦੀ ਰਫ਼ਤਾਰ ਇਹੋ ਰਹੀ ਤਾਂ ਪੰਜਾਬ ਸਿਰ 2024-25 ਤੱਕ 3.73 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਜਾਵੇਗਾ।