ਹਮਿਲਟਨ (ਨਿਊਜ਼ੀਲੈਂਡ), 22 ਮਾਰਚ – 20 ਮਾਰਚ ਦਿਨ ਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਨਿਊਜ਼ੀਲੈਂਡ ਸਥਿਤ ਹੈਮਿਲਟਨ ਦੇ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦੇ 2 ਮੈਂਬਰ ਸਕੱਤਰ ਰਵਿੰਦਰ ਸਿੰਘ ਅਤੇ ਖ਼ਜ਼ਾਨਚੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਦੀ ਖ਼ਬਰ ਬਾਰੇ ਪਤਾ ਲੱਗਣ ‘ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਯੁਵਰਾਜ ਸਿੰਘ ਮਾਹਲ ਨੇ ਕੂਕ ਪੰਜਾਬੀ ਸਮਾਚਾਰ ਨੂੰ ਫ਼ੋਨ ਰਾਹੀ ਗੱਲਬਾਤ ਦੌਰਾਨ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜ ਸਿੰਘ ਸਾਹਿਬਾਨਾਂ ਦੇ ਉੱਕਤ ਫ਼ੈਸਲੇ ਨਾਲ ਨਿਰਾਸ਼ਾ ਹੋਈ ਹੈ।
ਉਨ੍ਹਾਂ ਕਿਹਾ ਕਿ ‘ਅਸੀਂ ਅੱਜ ‘ਆਨ ਲਾਈਨ ਪੰਜਾਬੀ ਟ੍ਰਿਬਿਊਨ’ ਵਿੱਚ ਜਥੇਦਾਰ ਸਾਹਿਬ ਦਾ ਜੋ ਫ਼ੈਸਲਾ ਹਮਿਲਟਨ ਗੁਰਦੁਆਰਾ ਸਾਹਿਬ ਦੇ 2 ਪ੍ਰਬੰਧਕਾਂ ਬਾਰੇ ਆਇਆ ਪੜ੍ਹਿਆ। ਅਸੀਂ ਇਸ ਨੂੰ ਪੜ੍ਹ ਕੇ ਕਾਫੀ ਡਿਸਅਪਾਉਂਟਿਡ ਹੋਏ ਹਾਂ’। ਉਨ੍ਹਾਂ ਕਿਹਾ ਇਹ ਜਿਹੜਾ ਫ਼ੈਸਲਾ……….. ਸੀ ਸਾਡੀ ਐਗਜ਼ੈਕਟਿਵ ਕਮੇਟੀ ਦੀ ਹੋਈ ਮੀਟਿੰਗ ਨੇ ਕੀਤਾ ਸੀ ਅਤੇ ਸਾਡੀ ਕਮੇਟੀ ਵਿੱਚ 72 ਮੈਂਬਰ ਹਨ। ਸਾਨੂੰ 2 ਨਾਮ ਸਕੱਤਰ ਰਵਿੰਦਰ ਸਿੰਘ ਸਮਰਾਹ ਅਤੇ ਖ਼ਜ਼ਾਨਚੀ ਇਕਬਾਲ ਸਿੰਘ ਸੰਧੂ ਦੇ ਪੜ੍ਹ ਕੇ ਹੈਰਾਨੀ ਹੋਈ ਹੈ। ਇਹ ਫ਼ੈਸਲਾ 72 ਬੰਦਿਆਂ ਦਾ ਸੀ ਇਹ 2 ਬੰਦਿਆਂ ਨੂੰ ਤਨਖ਼ਾਹੀਆਂ ਕਿਉਂ ਕਰਾਰ ਦਿੱਤਾ ਗਿਆ। ਸਾਨੂੰ ਇਸ ਫ਼ੈਸਲੇ ਤੋਂ ਮਹਿਸੂਸ ਹੁੰਦਾ ਕਿ ਕਿਸੇ ਨੇ ਆਪਣੀ ਜਾਤੀ ਦੁਸ਼ਮਣੀ ਇਨ੍ਹਾਂ ਨਾਲ ਕੱਢਣ ਦੇ ਲਈ ਜਥੇਦਾਰਾਂ ਨਾਲ ਆਪਣੇ ਨਿੱਜੀ ਸੰਬੰਧਾਂ ਦੀ ਵਰਤੋਂ ਕੀਤੀ ਹੈ। ਸਾਡੀ 14 ਦਸੰਬਰ 2013 ਨੂੰ ਏਜੀਐਮ ਦੀ ਮੀਟਿੰਗ ਹੋਈ ਸੀ। ਹੈਮਿਲਟਨ ਗੁਰੂਘਰ ਦੇ 400 ਦੇ ਲਗਭਗ ਮੈਂਬਰ ਹਨ। ਇਸ ਫ਼ੈਸਲੇ ਸਬੰਧਿਤ ਕਿਸੇ ਨੇ ਵੀ ਕੋਈ ਸਵਾਲ ਜਵਾਬ ਸਾਡੇ ਨਾਲ ਮੀਟਿੰਗ ਵਿੱਚ ਨਹੀਂ ਸੀ ਕੀਤਾ। ਜਿਸ ਤੋਂ ਅਸੀਂ ਇਹ ਸਮਝਦੇ ਹਾਂ ਕਿ ਸਾਰੀ ਸੰਗਤ ਦੀ ਪਰਵਾਨਗੀ ਹੈ ਇਸ ਫ਼ੈਸਲੇ ‘ਤੇ।
ਉਨ੍ਹਾਂ ਕਿਹਾ ਕਿ ਅਸੀਂ ਹਮਿਲਟਨ ਦੀ ਸੰਗਤ ਨੂੰ ਦਰਖਾਸਤ ਕਰਦੇ ਹਾਂ ਕਿ ਇਸ ਖ਼ਬਰ ਨੂੰ ਪੜ੍ਹ ਕੇ ਕੋਈ ਵੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰੇ। ਜੇ ਕਿਸੇ ਨੇ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ। ਇਹ ਬਿਆਨ ਪ੍ਰਧਾਨ ਯੁਵਰਾਜ ਸਿੰਘ ਮਾਹਲ, ਵਾਈਸ ਪ੍ਰਧਾਨ ਬਲਦੇਵ ਸਿੰਘ ਧਾਮੀ, ਸਾਬਕਾ ਪ੍ਰਧਾਨ ਸਰਦੂਲ ਸਿੰਘ ਬੈਂਸ ਅਤੇ ਲਾਇਬ੍ਰੇਰੀਅਨ ਅਮਰੀਕ ਸਿੰਘ ਜੱਜ ਵੱਲੋਂ ਜਾਰੀ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਗੁਰੂਘਰ ਦੀ ਕਾਰਵਾਈ ਪਹਿਲਾਂ ਵਾਂਗ ਹੀ ਚੱਲਦੀ ਰਹੇਗੀ। ਸਾਡੀ ਕਾਰਵਾਈ ਜਾਰੀ ਹੈ ਤੇ ਅਸੀਂ ਅਗਲੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਤੋਂ ਬਾਅਦ ਬਿਆਨ ਜਾਰੀ ਕਰਾਂਗੇ।
ਜ਼ਿਕਰਯੋਗ ਹੈ ਕਿ 21 ਮਾਰਚ ਦੀ ਪੰਜਾਬੀ ਟ੍ਰਿਬਿਊਨ ਵਿੱਚ ਛੱਪੀ ਖ਼ਬਰ ਮੁਤਾਬਿਕ ਇਕੱਤਰਤਾ ਵਿੱਚ ਵਿਚਾਰੇ ਗਏ ਮੁੱਦਿਆਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਨਿਊਜ਼ੀਲੈਂਡ ਸਥਿਤ ਹਮਿਲਟਨ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਗੁਰਦੁਆਰੇ ਆਉਣ ਤੋਂ ਰੋਕਣ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ। ਇਸ ਸਬੰਧੀ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਪਰ ਉਹ ਹਾਜ਼ਰ ਨਹੀਂ ਹੋਏ। ਅਕਾਲ ਤਖ਼ਤ ਵੱਲੋਂ ਕਰਵਾਈ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਮੇਟੀ ਦੇ ਸਕੱਤਰ ਰਵਿੰਦਰ ਸਿੰਘ ਅਤੇ ਖ਼ਜ਼ਾਨਚੀ ਇਕਬਾਲ ਸਿੰਘ ਦੋਵੇਂ ਇੱਥੇ ਪੇਸ਼ ਹੋਣ ਤੋਂ ਮੁਨਕਰ ਹਨ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਪੰਜ ਸਿੰਘ ਸਾਹਿਬਾਨ ਨੇ ਇਨ੍ਹਾਂ ਦੋਵਾਂ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਹੈ ਅਤੇ ਸਿੱਖ ਸੰਗਤ ਨੂੰ ਆਦੇਸ਼ ਕੀਤਾ ਹੈ ਕਿ ਜਦੋਂ ਤੱਕ ਇਹ ਵਿਅਕਤੀ ਇੱਥੇ ਹਾਜ਼ਰ ਹੋ ਕੇ ਭੁੱਲ ਨਹੀਂ ਬਖ਼ਸ਼ਾਉਂਦੇ, ਸਮੂਹ ਸੰਗਤ ਇਨ੍ਹਾਂ ਨਾਲ ਧਾਰਮਿਕ ਅਤੇ ਸਮਾਜਕ ਸਰੋਕਾਰ ਨਾ ਰੱਖੇ।
ਇਕੱਤਰਤਾ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਸ਼ਾਮਲ ਹੋਏ ਸਨ।
NZ News ਪੰਜ ਸਿੰਘ ਸਾਹਿਬਾਨ ਦੇ ਫ਼ੈਸਲੇ ਤੋਂ ਹਮਿਲਟਨ ਗੁਰਦੁਆਰੇ ਦੇ ਪ੍ਰਬੰਧਕ ਨਿਰਾਸ਼ –...