ਪੱਛਮੀ ਬੰਗਾਲ ਤੇ ਅਸਾਮ ‘ਚ ਪਹਿਲਾ ਗੇੜ ਦੀਆਂ ਵੋਟਾਂ ਪਈਆਂ

ਦੋਵੇਂ ਸੂਬਿਆਂ ‘ਚ ਲੋਕਾਂ ਨੇ ਰਿਕਾਰਡ ਵੋਟਾਂ ਪਾਈਆਂ, ਪੱਛਮੀ ਬੰਗਾਲ ‘ਚ 80% ਤੇ ਅਸਾਮ ‘ਚ 77% ਤੋਂ ਵੱਧ ਪੋਲਿੰਗ
ਪੱਛਮੀ ਬੰਗਾਲ ਦੀਆਂ 30 ਤੇ ਅਸਾਮ ਦੀਆਂ 47 ਸੀਟਾਂ ਲਈ ਪਈਆਂ ਵੋਟਾਂ
ਕੋਲਕਾਤਾ/ਗੁਹਾਟੀ, 29 ਮਾਰਚ –
27 ਮਾਰਚ ਨੂੰ ਪੱਛਮੀ ਬੰਗਾਲ ਦੀਆਂ 30 ਵਿਧਾਨ ਸਭਾ ਸੀਟਾਂ ਅਤੇ ਅਸਾਮ ਦੀਆਂ 47 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣ ਨਾਲ ਇਨ੍ਹਾਂ ਦੋਵੇਂ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਲਈ ਪਹਿਲਾ ਗੇੜ ਦੀ ਚੋਣ ਮੁਕੰਮਲ ਹੋ ਗਈ ਹੈ। ਦੋਵੇਂ ਸੂਬਿਆਂ ‘ਚ ਰਿਕਾਰਡ ਪੋਲਿੰਗ ਹੋਈ ਅਤੇ ਪੱਛਮੀ ਬੰਗਾਲ ‘ਚ ਵੋਟਿੰਗ ਦਾ ਸਮਾਂ ਖ਼ਤਮ ਹੋਣ ਤੱਕ 80% ਤੇ ਅਸਾਮ ‘ਚ 77% ਵੋਟਿੰਗ ਦਰਜ ਕੀਤੀ ਗਈ।
ਚੋਣ ਕਮਿਸ਼ਨ ਨੇ ਦੱਸਿਆ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਜੋ ਕੁੱਝ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ‘ਚ ਚੋਣਾਂ ਦੇ ਪਹਿਲੇ ਗੇੜ ਤਹਿਤ 73 ਲੱਖ ‘ਚੋਂ ਅੱਧੇ ਤੋਂ ਵੱਧ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਸੂਬੇ ਦੇ 30 ਵਿਧਾਨ ਸਭਾ ਹਲਕਿਆਂ ਤੋਂ 191 ਉਮੀਦਵਾਰ ਚੋਣ ਮੈਦਾਨ ‘ਚ ਹਨ ਜਿਨ੍ਹਾਂ ‘ਚੋਂ 21 ਮਹਿਲਾਵਾਂ ਹਨ। ਜਦੋਂ ਕਿ ਅਸਾਮ ‘ਚ 23 ਮਹਿਲਾਵਾਂ ਚੋਣ ਮੈਦਾਨ ‘ਚ ਹਨ।
ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪੱਛਮੀ ਬੰਗਾਲ ‘ਚ ਸ਼ਾਮ ਪੰਜ ਵਜੇ ਤੱਕ ਬਾਂਕੁਰਾ ‘ਚ 79.90%, ਝਾਰਗਰਾਮ ‘ਚ 80.56%, ਪੂਰਬੀ ਮੇਦਨੀਪੁਰ ‘ਚ 82.51%, ਪੱਛਮੀ ਮੇਦਨੀਪੁਰ ‘ਚ 80.12% ਅਤੇ ਪੁਰੂਲੀਆ ‘ਚ 77.07% ਵੋਟਾਂ ਪਈਆਂ ਹਨ। ਸੂਬੇ ‘ਚ ਚੋਣਾਂ ਦੌਰਾਨ ਕੁਝ ਝੜਪਾਂ ਦੀਆਂ ਵੀ ਰਿਪੋਰਟਾਂ ਹਨ। ਪੁਰੂਲੀਆ ਜ਼ਿਲ੍ਹੇ ‘ਚ ਪੈਂਦੇ ਨੌਂ ਹਲਕਿਆਂ, ਬਾਂਕੁਰਾ ਤੇ ਝਾਰਗ੍ਰਾਮ ਦੇ 4-4, ਪੱਛਮੀ ਮੇਦਨੀਪੁਰ ਵਿਚਲੇ ਛੇ ਅਤੇ ਪੂਰਬੀ ਮੇਦਨੀਪੁਰ ‘ਚ ਪੈਂਦੇ 7 ਹਲਕਿਆਂ ਲਈ ਅੱਜ ਵੋਟਾਂ ਪਈਆਂ ਹਨ। ਪੂਰਬੀ ਮੇਦਨੀਪੁਰ ‘ਚ ਗੋਲੀ ਚੱਲਣ ਦੀ ਘਟਨਾ ‘ਚ ਦੋ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ। ਬਾਂਕੁਰਾ ਜ਼ਿਲ੍ਹੇ ਦੇ 20 ਬੂਥਾਂ, ਝਾਰਗਰਾਮ ਦੇ 8 ਅਤੇ ਪੁਰੂਲੀਆ ਦੇ 39 ਬੂੱਥਾਂ ‘ਚ ਵੋਟਿੰਗ ਮਸ਼ੀਨਾਂ ਖ਼ਰਾਬ ਹੋਣ ਦੀਆਂ ਰਿਪੋਰਟਾਂ ਵੀ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਵੋਟਾਂ ਦਾ ਅਮਲ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਤੇ ਕੋਵਿਡ-19 ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਸਨ। ਚੋਣ ਕਮਿਸ਼ਨ ਨੇ ਦੱਸਿਆ ਕਿ ਪਹਿਲੇ ਗੇੜ ਤਹਿਤ ਅਸਾਮ ਦੇ 22 ਜ਼ਿਲ੍ਹਿਆਂ ‘ਚ ਅੱਜ 72.14% ਵੋਟਿੰਗ ਦਰਜ ਕੀਤੀ ਗਈ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਵਿਸ਼ਵਨਾਥ ‘ਚ 77.16%, ਬੋਕਾਖਾਟ ‘ਚ 71.10%, ਚਾਰਲਦਿਓ ‘ਚ 73.29%, ਢਾਕੁਆਖਾਨਾ ‘ਚ 72.85%, ਧਨਸਿਰੀ ‘ਚ 70.76%, ਢੇਮਾਜੀ ‘ਚ 71.10%, ਡਿਬਰੂਗੜ੍ਹ ‘ਚ 70.14%, ਗੋਹਪੁਰ ‘ਚ 71.34%, ਗੋਲਾਘਾਟ ‘ਚ 75.16%, ਜੋਨਾਈ ‘ਚ 72.4% ਵੋਟਾਂ ਪਈਆਂ ਹਨ।