ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਨਾਲ ‘ਸ਼ਾਵਾ ਨੀ ਗਿਰਧਾਰੀ ਲਾਲ ‘ ਅਤੇ ਫਿਰ ‘ਯਾਰ ਮੇਰਾ ਤਿੱਤਲੀਆਂ ਵਰਗਾ‘ ਵਿੱਚ ਬਤੌਰ ਹੀਰੋਇਨ ਨਜਰ ਆਈ ਤੰਨੂ ਗਰੇਵਾਲ ਹੁਣ ਪੰਜਾਬੀ ਫ਼ਿਲਮ ‘ਮੁੰਡਾ ਸਾਊਥਹਾਲ ਦਾ‘ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਉਹ ਇੱਕ ਵੱਖਰੇ ਹੀ ਗੈਟਅੱਪ ਤੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ ਹਰ ਪਾਸੇ ਛਾਇਆ ਹੋਇਆ ਹੈ। 4 ਅਗਸਤ ਨੂੰ ਰਿਲੀਜ ਹੋ ਰਹੀ ਇਸ ਫਿਲਮ ਨਾਲ ਤੰਨੂ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਹੋਰ ਪੱਕੀ ਕਰੇਗੀ। ਇਸ ਫਿਲਮ ਨੂੰ ਲ਼ੈ ਕੇ ਉਹ ਹਰ ਪਾਸੇ ਖੂਬ ਚਰਚਾ ਵਿੱਚ ਹੈ। ਨਿਰਦੇਸ਼ਕ ਸੁੱਖ ਸੰਘੇੜਾ ਦੀ ਇਸ ਫ਼ਿਲਮ ਵਿੱਚ ਉਹ ਪੰਜਾਬੀ ਗਾਇਕ ਅਰਮਾਨ ਬੇਦਿਲ ਨਾਲ ਬਤੌਰ ਨਾਇਕਾ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਉਸਦਾ ‘ਰਾਵੀ‘ ਨਾਂ ਦੀ ਕੁੜੀ ਦਾ ਕਿਰਦਾਰ ਹੈ ਜੋ ਉਸਦੀ ਜ਼ਿੰਦਗੀ ਦੇ ਬਹੁਤ ਨੇੜ੍ਹੇ ਹੈ । ਇਸ ਕਿਰਦਾਰ ਨੂੰ ਨਿਭਾਉਂਦਿਆ ਉਸਨੇ ਕਲਾ ਖੇਤਰ ਦਾ ਇੱਕ ਨਵਾਂ ਤਜ਼ਰਬਾ ਹਾਸਲ ਕੀਤਾ ਹੈ। ਉਸਦਾ ਕਹਿਣਾ ਹੈ ਕਿ ਹੁਣ ਤੱਕ ਦਰਸ਼ਕਾਂ ਨੇ ਉਸਨੂੰ ਇੱਕ ਦੇਸੀ ਪੰਜਾਬਣ ਦੇ ਕਿਰਦਾਰਾਂ ਵਿੱਚ ਹੀ ਵੇਖਿਆ ਹੈ ਜਦਕਿ ਇਸ ਫ਼ਿਲਮ ‘ਮੁੰਡਾ ਸਾਊਥਹਾਲ ਵਿੱਚ’ ਦਰਸ਼ਕ ਉਸਨੂੰ ਇੱਕ ਵੱਖਰੇ ਹੀ ਅੰਦਾਜ਼ ਵਿੱਚ ਦੇਖਣਗੇ। ਰਾਵੀ ਦਾ ਇਹ ਕਿਰਦਾਰ ਮੁੰਡਿਆਂ ਨੂੰ ਹੀ ਨਹੀੰ ਕੁੜੀਆਂ ਨੂੰ ਵੀ ਪਸੰਦ ਆਵੇਗਾ।
ਰਾਵੀ ਦਾ ਕਿਰਦਾਰ ਹੁਣ ਉਸਦੀ ਜ਼ਿੰਦਗੀ ਦੇ ਸਭ ਤੋਂ ਨੇੜੇ ਹੈ। ਇਸ ਕਿਰਦਾਰ ਨਾਲ ਹਰ ਉਮਰ ਵਰਗ ਦੇ ਦਰਸ਼ਕ ਆਪਣੇ ਜ਼ਜਬਾਤਾਂ ਦੀ ਸ਼ਾਝ ਪਾਉਣਗੇ ਤੇ ਉਸ ਨਾਲ ਹਮਦਰਦੀ ਜਤਾਉਣਗੇ।
ਕੈਨੇਡਾ ਦੀ ਜੰਮਪਲ ਤਨੂੰ ਗਰੇਵਾਲ ਨੇ ਦੱਸਿਆ ਕਿ ਉਸਨੂੰ ਕਲਾ ਦਾ ਸ਼ੌਂਕ ਆਪਣੇ ਪਰਿਵਾਰਕ ਮਾਹੌਲ ਤੋਂ ਹੀ ਮਿਲਿਆ। ਘਰ ਵਿਚ ਪੰਜਾਬੀ ਗਾਣੇ ਅਤੇ ਫ਼ਿਲਮਾਂ ਵੇਖਣ ਦਾ ਸ਼ੌਂਕ ਸੀ। ਉਸਨੇ ਆਪਣੀ ਕਲਾ ਦੀ ਸ਼ੁਰੂਆਤ ਪੰਜਾਬੀ ਮਿਊਜ਼ਿਕ ਵੀਡੀਓਜ ਨਾਲ ਕੀਤੀ ਸੀ। ਮਸ਼ਹੂਰ ਗਾਇਕ ਕਰਨ ਔਜਲਾ ਦੇ ਚਰਚਿਤ ਗਾਣੇ ‘ਚਿੱਟਾ ਕੁੜਤਾ’ ਨਾਲ ਚਰਚਾ ਵਿੱਚ ਆਈ ਤੰਨੂ ‘ਚਿੱਠੀਆਂ’, ‘ਰਿਮ ਵਰਸਿਜ਼ ਝਾਂਜਰ’ ਅਤੇ ‘ਲੌਟ ਆਨਾ’ ਗੀਤਾਂ ਸਮੇਤ ਦਰਜਨਾਂ ਗੀਤਾਂ ਵਿੱਚ ਆਪਣੀ ਛਾਪ ਛੱਡ ਚੁੱਕੀ ਹੈ। ਇਸ ਤੋਂ ਇਲਾਵਾ ਅੰਮ੍ਰਿਤ ਮਾਨ ਦੇ ਗੀਤ ‘ਲਾਈਫ ਸਟਾਇਲ’ ਅਤੇ ਰਾਜਵੀਰ ਜਵੰਦਾ ਦੇ ‘ਪੰਜਾਬਣ’ ਗੀਤਾਂ ਵਿੱਚ ਉਸਨੇ ਆਪਣੀ ਅਦਾਕਾਰੀ ਦਾ ਨਮੂਨਾ ਵੀ ਪੇਸ਼ ਕੀਤਾ। ਇਨ੍ਹਾਂ ਗੀਤਾਂ ਨੇ ਹੀ
ਉਸ ਵਾਸਤੇ ਪੰਜਾਬੀ ਸਿਨੇਮੇ ਦੇ ਦਰਵਾਜ਼ੇ ਖੋਲੇ। ਜਿਸ ਸਦਕਾ ਉਸਨੂੰ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਵਿੱਚ ਕੁਲਜੀਤ ਨਾਂ ਦੀ ਪੇਂਡੂ ਕੁੜੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਇਸ ਪਹਿਲੀ ਫ਼ਿਲਮ ਵਿਚਲੀ ਕਾਬਲੀਅਤ ਨੂੰ ਵੇਖਦਿਆਂ ਹੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਲਈ ਉਸਨੂੰ ਮੁੱਖ ਕਿਰਦਾਰ ਲਈ ਚੁਣਿਆ ਗਿਆ, ਜਿਸ ਵਿੱਚ ਉਸਨੇ ਇੱਕ ਪੇਂਡੂ ਤੇ ਭੋਲੀ ਭਾਲੀ ‘ਬੇਅੰਤ’ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ ਵਿੱਚ ਵੀ ਦਰਸ਼ਕਾਂ ਨੇ ਉਸਦੀ ਅਦਾਕਾਰੀ ਬਹੁਤ ਪਸੰਦ ਕੀਤੀ। ਇਸ ਤੋਂ ਇਲਾਵਾ ਉਸਨੇ ਫ਼ਿਲਮ ‘ਮੌਜਾਂ ਹੀ ਮੌਜਾਂ’ ਅਤੇ ‘ਆਉਟ ਲਾਅ’ ਪੰਜਾਬੀ ਵੈਬ ਸਿਰੀਜ਼ ਵਿਚ ਵੀ ਕੰਮ ਕੀਤਾ ਹੈ।
ਉਸਦੀ ਆ ਰਹੀ ਫ਼ਿਲਮ ‘ਮੁੰਡਾ ਸਾਊਥਹਾਲ ਦਾ’ ਨੂੰ ਨਾਮਵਰ ਵੀਡਿਓ ਡਾਇਰੈਕਟਰ ਸੁੱਖ ਸੰਘੇੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਤੰਨੂ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਇੱਕ ਵੱਖਰੇ ਕਿਸਮ ਦੀ ਫ਼ਿਲਮ ਹੈ। ਇਹ ਫ਼ਿਲਮ ਪੰਜਾਬੀ ਸਿਨਮਾ ਨੂੰ ਇੱਕ ਕਦਮ ਹੋਰ ਅੱਗੇ ਲੈ ਕੇ ਜਾਵੇਗੀ। ਤੰਨੂ ਮੁਤਾਬਕ ਇਹ ਫਿਲਮ ਅਜੋਕੇ ਸਮਾਜ ਦੀ ਕਹਾਣੀ ਹੈ। ਇਹ ਫ਼ਿਲਮ ਵਿਦੇਸ਼ਾਂ ਵਿੱਚ ਪੱਕੇ ਹੋਣ ਖਾਤਰ ਕੀਤੇ ਜਾਂਦੇ ਰਿਸ਼ਤਿਆਂ ਦੇ ਘਾਣ ਦੀ ਗੱਲ ਕਰਦੀ ਹੈ।
ਇਸ ਫ਼ਿਲਮ ਵਿਚ ਉਸ ਨਾਲ ਅਰਮਾਨ ਬੇਦਿਲ, ਸਰਬਜੀਤ ਚੀਮਾ, ਇਫ਼ਤਕਾਰ ਨਾਕੁਰ, ਪ੍ਰੀਤ ਔਜਲਾ, ਗੁਰਪ੍ਰੀਤ ਭੰਗੂ ਸਮੇਤ ਕਈ ਨਾਮੀ ਕਲਾਕਾਰਾਂ ਨੇ ਕੰਮ ਕੀਤਾ ਹੈ। ਤੰਨੂ ਮੁਤਾਬਕ ਇਹ ਫ਼ਿਲਮ ਉਸਦੀ ਦਰਸ਼ਕਾਂ ਵਿੱਚ ਪਹਿਚਾਣ ਹੋਰ ਗੂੜੀ ਕਰੇਗੀ। ਇਸ ਫਿਲਮ ਤੋਂ ਬਾਅਦ ਉਹ ਗਿੱਪੀ ਗਰੇਵਾਲ ਨਾਲ ਇਕ ਹੋਰ ਫਿਲਮ “ਮੌਜਾ ਹੀ ਮੌਜਾ” ਵਿੱਚ ਵੀ ਨਜ਼ਰ ਆਵੇਗੀ। ਉਸ ਤੋਂ ਬਾਅਦ ਉਸਦੀ ਇੱਕ ਵੈਬਸੀਰੀਜ “ਆਉਟਲਾਅ” ਵੀ ਰਿਲੀਜ ਲਈ ਤਿਆਰ ਹੈ।
ਜਿੰਦ ਜਵੰਦਾ +91 9779591482
Entertainment ਫਿਲਮ ‘ਮੁੰਡਾ ਸਾਊਥਹਾਲ ਦਾ‘ ਦੀ ਨਾਇਕਾ ਬਣੀ ਤੰਨੂ ਗਰੇਵਾਲ