ਸਿਡਨੀ, 16 ਅਗਸਤ – ਇੱਥੇ ਇੰਗਲੈਂਡ ਨੇ ਸਹਿ-ਮੇਜ਼ਬਾਨ ਆਸਟਰੇਲੀਆ ਨੂੰ 3-1 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਵਰਲਡ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ ਜਿੱਥੇ ਉਸ ਦਾ ਸਾਹਮਣਾ ਬੁੱਧਵਾਰ ਨੂੰ ਸਪੇਨ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਇੰਗਲੈਂਡ ਤੇ ਸਪੇਨ ਦੋਵੇਂ ਪਹਿਲੀ ਵਾਰ ਵਰਲਡ ਕੱਪ ਦੇ ਫਾਈਨਲ ‘ਚ ਪੁੱਜੀਆ ਹਨ।
ਫਾਈਨਲ ਤੋਂ ਠੀਕ ਪਹਿਲਾਂ ਸਹਿ-ਮੇਜ਼ਬਾਨ ਆਸਟਰੇਲੀਆਈ ਟੀਮ ਸੈਮੀਫਾਈਨਲ ‘ਚ ਇੰਗਲੈਂਡ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਹ ਉਸ ਦਾ ਵਰਲਡ ਕੱਪ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ।
ਆਸਟਰੇਲੀਆ ਦੀ ਸੁਪਰਸਟਾਰ ਖਿਡਾਰਨ ਸੈਮ ਕੇਰ ਨੂੰ ਟੂਰਨਾਮੈਂਟ ਵਿੱਚ ਪਹਿਲੀ ਵਾਰ ਸ਼ੁਰੂਆਤੀ ਗਿਆਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਨੇ ਆਸਟਰੇਲੀਆ ਦਾ ਇੱਕੋ ਇੱਕ ਗੋਲ ਕੀਤਾ ਪਰ ਜੋ ਯੂਰਪੀਅਨ ਚੈਂਪੀਅਨ ਇੰਗਲੈਂਡ ਨੂੰ ਹਰਾਉਣ ਲਈ ਇਹ ਕਾਫ਼ੀ ਨਹੀਂ ਸੀ।
ਪਹਿਲੇ ਹਾਫ਼ ‘ਚ ਇੰਗਲੈਂਡ ਪੂਰੀ ਤਰ੍ਹਾਂ ਆਸਟਰੇਲੀਆ ‘ਤੇ ਹਾਵੀ ਰਿਹਾ। ਏਲਾ ਟਿਊਨ ਨੇ 36ਵੇਂ ਮਿੰਟ ਵਿੱਚ ਗੋਲ ਕਰਕੇ ਇੰਗਲੈਂਡ ਨੂੰ 1-0 ਦੀ ਬੜ੍ਹਤ ਦਿਵਾਈ। ਆਸਟਰੇਲੀਆ ਦੀ ਸੈਮ ਕੇਰ ਨੇ ਦੂਜੇ ਹਾਫ਼ ਦੇ 63ਵੇਂ ਮਿੰਟ ‘ਚ ਬਰਾਬਰੀ ਦਾ ਗੋਲ ਕੀਤਾ, ਜਿਸ ਨਾਲ ਸਟੇਡੀਅਮ ‘ਚ ਮੌਜੂਦ 75,000 ਤੋਂ ਵੱਧ ਦਰਸ਼ਕਾਂ ਨੇ ਸੁੱਖ ਦਾ ਸਾਹ ਲਿਆ। ਹਾਲਾਂਕਿ ਆਸਟਰੇਲੀਆਈ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਜ਼ਿਆਦਾ ਦੇਰ ਤੱਕ ਨਹੀਂ ਟਿਕੀ।
ਇੰਗਲੈਂਡ ਲਈ ਲੋਰੇਨ ਹੈਂਪ ਨੇ 71ਵੇਂ ਮਿੰਟ ‘ਚ ਗੋਲ ਕਰਕੇ ਟੀਮ ਨੂੰ ਮੁੜ ਤੋਂ ਬੜ੍ਹਤ ਦਿਵਾਈ, ਜਦੋਂ ਕਿ ਇੰਗਲੈਂਡ ਦੀ ਹੀ ਖਿਡਾਰਨ ਅਲੇਸੀਆ ਰੂਸੋ ਨੇ ਨਿਯਮਤ ਸਮਾਂ ਖਤਮ ਹੋਣ ਤੋਂ ਚਾਰ ਮਿੰਟ ਪਹਿਲਾਂ 86ਵੇਂ ਮਿੰਟ ‘ਚ ਗੋਲ ਕਰਕੇ ਜਿੱਤ ‘ਤੇ ਪੱਕੀ ਮੋਹਰ ਲਗਾ ਦਿੱਤੀ।
ਇੰਗਲੈਂਡ ਅਤੇ ਸਪੇਨ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀਆਂ ਹਨ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 20 ਅਗਸਤ ਦਿਨ ਐਤਵਾਰ ਨੂੰ ਖਿਤਾਬੀ ਮੁਕਾਬਲਾ ਹੋਵੇਗਾ। ਜਦੋਂ ਕਿ ਆਸਟਰੇਲੀਆ 19 ਅਗਸਤ ਦਿਨ ਸ਼ਨੀਵਾਰ ਨੂੰ ਤੀਜੇ ਸਥਾਨ ਦੇ ਪਲੇਆਫ ਮੈਚ ਵਿੱਚ ਸਵੀਡਨ ਨਾਲ ਭਿੜੇਗਾ।
Football ਫੀਫਾ ਮਹਿਲਾ ਵਰਲਡ ਕੱਪ: ਆਸਟਰੇਲੀਆ ਨੂੰ 3-1 ਨਾਲ ਹਰਾ ਕੇ ਇੰਗਲੈਂਡ ਫਾਈਨਲ...