ਆਕਲੈਂਡ/ਸਿਡਨੀ, 20 ਜੁਲਾਈ – ਆਸਟਰੇਲੀਆ ਦੇ ਨਾਲ ਸਹਿ-ਮੇਜ਼ਬਾਨ ਨਿਊਜ਼ੀਲੈਂਡ ਵੱਲੋਂ ਫੁੱਟਬਾਲ ਫਰਨਜ਼ ਟੀਮ ਦੀ ਖਿਡਾਰਨ ਹੈਨਾਹ ਵਿਲਕਿਨਸਨ ਨੇ ਉਹ ਗੋਲ ਕੀਤਾ ਜਿਸ ਨੇ ਆਕਲੈਂਡ ਦੇ ਈਡਨ ਪਾਰਕ ਵਿਖੇ 42,137 ਦਰਸ਼ਕਾਂ ਦੇ ਹਾਜ਼ਰੀ ਦੇ ਸਾਹਮਣੇ ਇਤਿਹਾਸ ਰਚ ਦਿੱਤਾ ਕਿਉਂਕਿ ਫੀਫਾ ਮਹਿਲਾ ਵਰਲਡ ਕੱਪ ‘ਚ ਨਿਊਜ਼ੀਲੈਂਡ ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਫੁੱਟਬਾਲ ਫਰਨਜ਼ ਨੇ ਯੂਰਪੀਅਨ ਫੁੱਟਬਾਲ ਵਿੱਚ ਸਭ ਤੋਂ ਵੱਧ ਪ੍ਰਤਿਭਾਸ਼ਾਲੀ ਹਮਲਾਵਰ ਤੇ ਮਜ਼ਬੂਤ ਸਮਝੀ ਜਾਂਦੀ ਤੇ 1995 ਦੀ ਵਰਲਡ ਚੈਂਪੀਅਨ ਨਾਰਵੇ ਨੂੰ 1-0 ਨਾਲ ਹਰਾ ਦਿੱਤਾ। ਦੋਵੇਂ ਟੀਮਾਂ ਦਾ ਹਾਫ਼ ਟਾਈਮ ਤੱਕ ਸਕੋਰ ੦-੦ ਸੀ। ਫੁੱਟਬਾਲ ਫਰਨਜ਼ ਵੱਲੋਂ ਪੈਨਲਟੀ ਵੀ ਮਿਸ ਕੀਤੀ ਗਈ, ਨਹੀਂ ਤਾਂ ਸਕੋਰ 2-0 ਹੁੰਦਾ। ਫੁੱਟਬਾਲ ਫਰਨਜ਼ ਗਰੁੱਪ ‘ਏ’ ਵਿੱਚ ਜਿੱਤ ਦੇ ਨਾਲ ਟੋਪ ‘ਤੇ ਹੈ।
ਫੁੱਟਬਾਲ ਫਰਨਜ਼ ਗਰੁੱਪ ‘ਏ’ ਵਿੱਚ ਨਾਰਵੇ, ਫਿਲੀਪੀਨਜ਼ ਅਤੇ ਸਵਿਟਜ਼ਰਲੈਂਡ ਦੇ ਨਾਲ ਹੈ। ਨਿਊਜ਼ੀਲੈਂਡ ਦੀ ਫੁੱਟਬਾਲ ਫਰਨਜ਼ ਦਾ ਵੈਲਿੰਗਟਨ ‘ਚ ਹੁਣ ਅਗਲਾ ਮੈਚ ਮੰਗਲਵਾਰ ਨੂੰ ਫਿਲੀਪੀਨਜ਼ ਨਾਲ ਹੋਣਾ ਹੈ।
ਈਡਨ ਪਾਰਕ ਵਿਖੇ 20 ਜੁਲਾਈ ਦਿਨ ਵੀਰਵਾਰ ਨੂੰ ਫੁੱਟਬਾਲ ਫਰਨਜ਼ ਦੀ 1-0 ਦੀ ਜਿੱਤ ਉਨ੍ਹਾਂ ਦੀ 16ਵੀਂ ਕੋਸ਼ਿਸ਼ ਵਿੱਚ ਵਰਲਡ ਕੱਪ ‘ਚ ਪਹਿਲੀ ਜਿੱਤ ਹੈ ਅਤੇ 22 ਕੋਸ਼ਿਸ਼ਾਂ ‘ਚ ਦੇਸ਼ ਦੀ ਪਹਿਲੀ ਜਿੱਤ ਹੈ, ਜਿਸ ‘ਚ ਛੇ ਆਲ ਵਾਈਟ ਪੁਰਸ਼ਾਂ ਟੀਮ ਦੇ ਮੈਚ ਵੀ ਸ਼ਾਮਲ ਹਨ। ਇੱਕੋ ਇੱਕ ਨੁਕਸ ਲੇਟ ਪੈਨਲਟੀ ਮਿਸ ਸੀ ਜੋ ਘਬਰਾਹਟ ਭਰੇ ਅੰਤ ਲਈ ਬਣਿਆ।
ਨਿਊਜ਼ੀਲੈਂਡ ਤੇ ਆਸਟਰੇਲੀਆ ਦੇ ਨਾਲ ਸਹਿ-ਮੇਜ਼ਬਾਨੀ ਵਿੱਚ ਵੀਰਵਾਰ ਨੂੰ ਫੀਫਾ ਮਹਿਲਾ ਵਰਲਡ ਕੱਪ ਉਦਘਾਟਨੀ ਸਮਾਰੋਹ ਹੋਇਆ। ਪਹਿਲੀ ਜਿੱਤ ਦੇ ਨਾਲ ਫੁੱਟਬਾਲ ਫਰਨਜ਼ ਨੂੰ ਘਰੇਲੂ ਧਰਤੀ ‘ਤੇ ਗਰੁੱਪ ‘ਏ’ ਵਿੱਚ ਚੋਟੀ ਦੇ ਦੋ ਵਿੱਚ ਆਉਣ ਅਤੇ ਕੁਆਟਰ ਫਾਈਨਲ ਦੀਆਂ 16 ਟੀਮਾਂ ‘ਚ ਆਉਣ ਦਾ ਮੌਕਾ ਹੈ।
ਦੋਵੇਂ ਮੇਜ਼ਬਾਨ ਦੇਸ਼ਾਂ ਨੇ ਆਪਣੇ ਆਪਣੇ ਮੈਚ ਜਿੱਤੇ। ਆਸਟਰੇਲੀਆ ਨੇ 75,784 ਦਰਸ਼ਕਾਂ ਦੀ ਹਾਜ਼ਰੀ ‘ਚ ਆਇਰਲੈਂਡ ਨੂੰ 1-0 ਨਾਲ ਹਰਾ ਕੇ ਪਹਿਲੀ ਮੈਚ ਜਿੱਤਿਆ ਲਿਆ। ਆਸਟਰੇਲੀਆ ਲਈ ਸਟੈਫ ਕੈਟਲੀ ਨੇ ਜੇਤੂ ਗੋਲ ਕੀਤਾ। ਹੁਣ ਆਸਟ੍ਰੇਲੀਆ 27 ਜੁਲਾਈ ਨੂੰ ਬ੍ਰਿਸਬੇਨ ਵਿਖੇ ਨਾਈਜੀਰੀਆ ਨਾਲ ਭਿੜੇਗਾ, ਇਹ ਮੁਕਾਬਲਾ ਪਰਥ ਵਿਖੇ ਆਇਰਲੈਂਡ ਤੇ ਕੈਨੇਡਾ ਵਿਚਾਲੇ ਮੁਕਾਬਲਾ ਹੋਣ ਤੋਂ ਇੱਕ ਦਿਨ ਬਾਅਦ ਹੋਏਗਾ। ਗਰੁੱਪ ‘ਬੀ’ ਵਿੱਚ ਸਹਿ-ਮੇਜ਼ਬਾਨ ਆਸਟਰੇਲੀਆ ਦੇ ਨਾਲ ਆਇਰਲੈਂਡ, ਨਾਈਜੀਰੀਆ ਅਤੇ ਕੈਨੇਡਾ ਦੀਆਂ ਟੀਮਾਂ ਹਨ।
Football ਫੀਫਾ ਮਹਿਲਾ ਵਰਲਡ ਕੱਪ: ਫੁੱਟਬਾਲ ਫਰਨਜ਼ ਨੇ ਨਾਰਵੇ ਨੂੰ 1-0 ਨਾਲ ਹਰਾ...