ਬ੍ਰਿਸਬੇਨ, 12 ਅਗਸਤ – ਆਸਟਰੇਲੀਆ ਨੇ ਪੈਨਲਟੀ ਸ਼ੂਟ ਆਊਟ ਵਿੱਚ ਫਰਾਂਸ ਨੂੰ 7-6 ਹਰਾਇਆ ਅਤੇ ਉਹ ਪਹਿਲੀ ਵਾਰ ਮਹਿਲਾ ਵਰਲਡ ਕੱਪ ਫੁੱਟਬਾਲ ਮੁਕਾਬਲੇ ਦੇ ਸੈਮੀਫਾਈਨਲ ‘ਚ ਪਹੁੰਚਿਆ ਹੈ। ਦੋਵੇਂ ਟੀਮਾਂ ਨਿਰਧਾਰਿਤ ਸਮੇਂ ਅਤੇ ਵਾਧੂ ਸਮੇਂ ਤੱਕ ਗੋਲ ਰਹਿਤ ਬਰਾਬਰੀ ‘ਤੇ ਸੀ, ਜਿਸ ਮਗਰੋਂ ਪੈਨਲਟੀ ਸ਼ੂਟ ਆਊਟ ‘ਚ ਆਸਟਰੇਲੀਆ ਨੇ ਇਤਿਹਾਸਿਕ ਜਿੱਤ ਦਰਜ ਕੀਤੀ।
ਆਸਟਰੇਲੀਆ ਦੀ ਖਿਡਾਰਨ ਕੌਰਟਨੀ ਵਾਈਨ ਨੇ 10ਵੀਂ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਕੁਆਰਟਰ ਫਾਈਨਲ ਦੇ ਇਸ ਰੁਮਾਂਚਕ ਮੈਚ ਵਿੱਚ ਜਿੱਤ ਦਵਾਈ। ਆਸਟਰੇਲੀਆ ਦੀ ਜਿੱਤ ਦੀ ਨਾਇਕਾ ਗੋਲ-ਕੀਪਰ ਮੈਕੇਂਜ਼ੀ ਅਰਨਾਲਡ ਰਹੀ, ਜਿਸ ਨੇ ਵਾਧੂ ਸਮੇਂ ਅਤੇ ਉਸ ਤੋਂ ਬਾਅਦ ਸ਼ੂਟ ਆਊਟ ਵਿੱਚ ਸ਼ਾਨਦਾਰ ਬਚਾਅ ਕੀਤਾ। ਸ਼ੂਟ ਆਊਟ ਵਿੱਚ ਹਾਲਾਂਕਿ ਉਹ ਵੀ ਪੈਨਲਟੀ ਲੈਣ ਆਈ ਸੀ ਪਰ ਗੋਲ ਕਰਨ ਵਿੱਚ ਨਾਕਾਮ ਰਹੀ। ਮੈਕੇਂਜ਼ੀ ਜੇਕਰ ਗੋਲ ਕਰ ਲੈਂਦੀ ਤਾਂ ਆਸਟਰੇਲੀਆ ਨੂੰ ਉਸ ਸਮੇਂ ਜਿੱਤ ਮਿਲ ਜਾਂਦੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟਰੇਲੀਆ ਸ਼ੂਟ ਆਊਟ ਵਿੱਚ ਦੋ ਵਾਰ ਜਿੱਤ ਦਰਜ ਕਰਨ ਤੋਂ ਖੁੰਝ ਗਿਆ ਸੀ ਪਰ ਅਖੀਰ ਉਹ ਜਿੱਤ ਦਰਜ ਕਰਕੇ ਮੇਜ਼ਬਾਨ ਦੇਸ਼ ਨਾਲ ਜੁੜੀ ਮਿੱਥ ਨੂੰ ਤੋੜਨ ‘ਚ ਸਫਲ ਰਿਹਾ। ਅਮਰੀਕਾ ਤੋਂ ਮਗਰੋਂ ਆਸਟਰੇਲੀਆ ਦੂਜੀ ਟੀਮ ਹੈ, ਜੋ ਮਹਿਲਾ ਵਿਸ਼ਵ ਕੱਪ ਵਿੱਚ ਕੁਆਰਟਰ ਫਾਈਨਲ ਤੋਂ ਅੱਗੇ ਵਧਣ ‘ਚ ਸਫਲ ਰਹੀ ਹੈ। ਆਸਟਰੇਲੀਆ 16 ਅਗਸਤ ਦਿਨ ਬੁੱਧਵਾਰ ਨੂੰ ਸਿਡਨੀ ਵਿੱਚ ਹੋਣ ਵਾਲੇ ਸੈਮੀਫਾਈਨਲ ਵਿੱਚ ਇੰਗਲੈਂਡ ਨਾਲ ਭਿੜੇਗਾ।
Football ਫੀਫਾ ਮਹਿਲਾ ਵਰਲਡ ਕੱਪ 2023: ਆਸਟਰੇਲੀਆ ਪਹਿਲੀ ਵਾਰ ਸੈਮੀਫਾਈਨਲ ‘ਚ ਪੁੱਜਾ