ਕਤਰ, 22 ਨਵੰਬਰ – ਇਥੇ ਲੁਸੇਲ ਸਟੇਡੀਅਮ ‘ਚ ਸਾਊਦੀ ਅਰਬ ਨੇ ਗਰੁੱਪ ‘ਸੀ’ ਦੇ ਇਕ ਮੈਚ ਵਿੱਚ ਵੱਡਾ ਉਲਟਫੇਰ ਕਰਦਿਆਂ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ। ਅਰਜਨਟੀਨੀ ਖਿਡਾਰੀ ਮੇੇਸੀ ਨੇ ਪਹਿਲੇ ਅੱਧ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10ਵੇਂ ਮਿੰਟ ‘ਚ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ ਬੜ੍ਹਤ ਦਿਵਾਈੇ। ਇਸ ਤੋਂ ਇਲਾਵਾ ਟੀਮ ਵੱਲੋਂ ਲੌਟਾਰੋ ਮਾਰਟੀਨੇਜ਼ ਵੱਲੋਂ ਕੀਤੇ 3 ਗੋਲ ਆਫਸਾਈਡ ਹੋਣ ਕਾਰਨ ਅਜਾਈਂ ਚਲ ਗਏ ਜਿਸ ਨਾਲ ਅਰਜਨਟੀਨਾ ਦੀ ਸਾਊਦੀ ਅਰਬ ਖ਼ਿਲਾਫ਼ ਵੱਡੀ ਬੜ੍ਹਤ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ।
ਵਰਲਡ ਕੱਪ ਵਿੱਚ ਘਾਨਾ ਤੋਂ ਬਾਅਦ ਟੂਰਨਾਮੈਂਟ ‘ਚ ਦੂਜੀ ਹੇਠਲੇ ਦਰਜੇ ਦੀ ਟੀਮ ਸਾਊਦੀ ਅਰਬ ਨੇ ਦੂਜੇ ਹਾਫ ਦੀ ਸ਼ੁਰੂਆਤ ਵਿੱਚ ਹੀ ਹਮਲਾਵਰ ਖੇਡ ਦਿਖਾਉਂਦਿਆਂ ਅਰਜਨਟੀਨਾ ਦੇ ਡਿਫੈਂਸ ਨੂੰ ਤੋੜਦਿਆਂ 2 ਗੋਲ ਕਰਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਸਾਊਦੀ ਅਰਬ ਵੱਲੋਂ ਸਾਲੇਹ ਅਲ-ਸ਼ਹਿਰੀ ਨੇ 48ਵੇਂ ਮਿੰਟ ਵਿੱਚ ਜਦੋਂ ਕਿ ਸਲੇਮ ਅਲ-ਦੌਸਾਰੀ ਨੇ 53ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤੋਂ ਬਾਅਦ ਅਰਜਨਟੀਨਾਂ ਨੂੰ ਕਈ ਮੌਕੇ ਮਿਲੇ ਪਰ ਉਹ ਉਨ੍ਹਾਂ ਨੂੰ ਗੋਲ ਵਿੱਚ ਤਬਦੀਲ ਕਰਨ ਵਿੱਚ ਅਸਫਲ ਰਿਹਾ।
ਸਾਊਦੀ ਅਰਬ ਦਾ ਇਹ 6ਵਾਂ ਵਰਲਡ ਕੱਪ ਹੈ ਪਰ ਇਸ ਤੋਂ ਪਹਿਲਾਂ ਉਹ ਕਦੇ ਵੀ ਸ਼ੁਰੂਆਤੀ ਮੈਚ ਵਿੱਚ ਜਿੱਤ ਦਰਜ ਨਹੀਂ ਕਰ ਸਕਿਆ ਸੀ। ਅੱਜ ਦੇ ਨਤੀਜੇ ਕਾਰਨ ਮੇਸੀ ਦੇ 5ਵੇਂ ਤੇ ਸੰਭਾਵਤ ਤੌਰ ‘ਤੇ ਆਖਰੀ ਵਰਲਡ ਕੱਪ ਹਾਰ ਕਾਰਨ ਅਰਜਨਟੀਨਾ ਦੀ ਪਿਛਲੇ 36 ਮੈਚਾਂ ਤੋਂ ਜੇਤੂ ਰਹਿਣ ਦੀ ਮੁਹਿੰਮ ਨੂੰ ਠੱਲ੍ਹ ਪੈ ਗਈ ਹੈ। 37 ਮੇੈਚਾਂ ਵਿੱਚ ਜੇਤੂ ਰਹਿਣ ਦਾ ਕੌਮਾਂਤਰੀ ਰਿਕਾਰਡ ਇਟਲੀ ਦੇ ਨਾਂ ਹੈ।
ਇਹ ਵਰਲਡ ਕੱਪ ਦੇ ਸਭ ਤੋਂ ਵੱਡੇ ਅਪਸੈੱਟਾਂ ਵਿੱਚੋਂ ਇੱਕ ਹੈ। ਇਸ ਫੁੱਟਬਾਲ ਮਹਾਂਕਾਵਿ ਵਿੱਚ ਪਹਿਲਾਂ ਵੀ ਕੁਝ ਵੱਡੇ ਉਲਟਫੇਰ ਹੋਏ ਹਨ, ਜਿਵੇਂ ਕਿ 2002 ਵਿੱਚ ਸੇਨੇਗਲ ਦੀ ਉਸ ਸਮੇਂ ਦੇ ਮੌਜੂਦਾ ਚੈਂਪੀਅਨ ਫਰਾਂਸ ਉੱਤੇ 1-0 ਦੀ ਜਿੱਤ ਅਤੇ ਸੰਯੁਕਤ ਰਾਜ ਨੇ 1950 ਵਿੱਚ ਇੰਗਲੈਂਡ ਨੂੰ ਉਸੇ ਫਰਕ ਨਾਲ ਹਰਾਇਆ।
Football ਫੀਫਾ ਵਰਲਡ ਕੱਪ: ਵੱਡਾ ਉਲਟਫੇਰ ਕਰਦਿਆਂ ਸਾਊਦੀ ਅਰਬ ਨੇ ਅਰਜਨਟੀਨਾ ਨੂੰ 2-1...