15 ਜੁਲਾਈ ਦੇ ਫਾਈਨਲ ‘ਚ ਫਰਾਂਸ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ
ਮਾਸਕੋ, 12 ਜੁਲਾਈ – ਫੀਫਾ ਵਰਲਡ ਕੱਪ 2018 ਦੇ ਬੇਹੱਦ ਰੋਮਾਂਚਕ ਦੂਜੇ ਸੈਮੀ-ਫਾਈਨਲ ਮੁਕਾਬਲੇ ਵਿੱਚ ਕ੍ਰੋਏਸ਼ੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਪਹਿਲੀ ਵਾਰ ਫਾਈਨਲ ‘ਚ ਥਾਂ ਬਣਾ ਕੇ ਇਤਿਹਾਸ ਸਿਰਜ ਦਿੱਤਾ। ਹੁਣ ਫਾਈਨਲ ਵਿੱਚ ਉਸ ਦਾ ਮੁਕਾਬਲਾ 1998 ਦੀ ਚੈਂਪੀਅਨ ਫਰਾਂਸ ਨਾਲ ਹੋਵੇਗਾ।
ਇੰਗਲੈਂਡ ਦੇ ਖਿਡਾਰੀ ਕਿਰੇਨ ਟ੍ਰਿੱਪੀਅਰ ਨੇ 5ਵੇਂ ਮਿੰਟ ਵਿੱਚ ਹੀ ਦਮਦਾਰ ਫ਼ਰੀ ਕਿੱਕ ਉੱਤੇ ਕ੍ਰੇਸ਼ੀਆਈ ਗੋਲਕੀਪਰ ਡੇਨੀਅਲ ਸੁਬੇਸਿਚ ਨੂੰ ਝਕਾਨੀ ਦਿੰਦੇ ਹੋਏ ਇੰਗਲੈਂਡ ਨੂੰ 1-0 ਤੋਂ ਅੱਗੇ ਕਰ ਦਿੱਤਾ ਸੀ ਪਰ ਦੂਜੇ ਹਾਫ਼ ਵਿੱਚ ਈਵਾਨ ਪੇਰੀਸਿੱਚ ਨੇ 68ਵੇਂ ਮਿੰਟ ਵਿੱਚ ਗੋਲ ਕਰਕੇ ਕ੍ਰੋਏਸ਼ੀਆ ਨੂੰ ਬਰਾਬਰੀ ‘ਤੇ ਲਿਆ ਦਿੱਤਾ। ਨਿਰਧਾਰਿਤ ਸਮਾਂ ਵਿੱਚ ਮੈਚ 1-1 ਨਾਲ ਬਰਾਬਰ ਰਿਹਾ ਸੀ, ਜਿਸ ਦੇ ਬਾਅਦ ਮਾਨਜੁਕਿਚ ਨੇ ਵਾਧੂ ਸਮਾਂ ਦੇ ਦੂਜੇ ਹਾਫ਼ ਵਿੱਚ 109ਵੇਂ ਮਿੰਟ ਵਿੱਚ ਗੋਲ ਕਰਕੇ ਕ੍ਰੋਏਸ਼ੀਆ ਨੂੰ ਪਹਿਲੀ ਵਾਰ ਫਾਈਨਲ ਵਿੱਚ ਜਗ੍ਹਾ ਦਿਵਾ ਦਿੱਤੀ। ਇੰਗਲੈਂਡ ਦੀ ਟੀਮ ਨੂੰ ਆਖ਼ਰੀ ਲਗਭਗ 10 ਮਿੰਟ ਦਾ ਖੇਡ 10 ਖਿਡਾਰੀਆਂ ਦੇ ਨਾਲ ਖੇਡਣਾ ਪਿਆ ਕਿਉਂਕਿ ਟ੍ਰਿੱਪੀਅਰ ਜ਼ਖਮੀ ਹੋ ਗਿਆ ਅਤੇ ਕੋਚ ਸਾਉਥਗੇਟ ਆਪਣੇ ਸਾਰੇ ਬਦਲਵੇਂ ਖਿਡਾਰੀਆਂ ਦਾ ਇਸਤੇਮਾਲ ਕਰ ਚੁੱਕੇ ਸਨ। ਇੰਗਲੈਂਡ ਨੂੰ ਮੁਕਾਬਲਾ ਬਰਾਬਰ ਕਰਨ ਦਾ ਆਖ਼ਰੀ ਮੌਕਾ ਇੰਜਰੀ ਟਾਈਮ ਦੇ ਆਖ਼ਰੀ ਮਿੰਟ ਵਿੱਚ ਹੈਂਡਬਾਲ ਲਈ ਫ਼ਰੀ ਕਿੱਕ ਦੇ ਰੂਪ ਵਿੱਚ ਮਿਲਿਆ ਪਰ ਟੀਮ ਇਸ ਦਾ ਫ਼ਾਇਦਾ ਨਹੀਂ ਉੱਠਾ ਸਕੀ।
ਵਰਲਡ ਕੱਪ ਦੇ ਸੈਮੀ-ਫਾਈਨਲ ਵਿੱਚ 18 ਮੌਕਿਆਂ ਵਿੱਚ ਇਹ ਸਿਰਫ਼ ਦੂਜੀ ਵਾਰ ਹੈ ਜਦੋਂ ਹਾਫ਼ ਟਾਈਮ ਤੱਕ ਬੜ੍ਹਤ ਬਣਾਉਣ ਵਾਲੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ 1990 ਵਿੱਚ ਇਟਲੀ ਦੀ ਟੀਮ ਅਰਜਨਟੀਨਾ ਦੇ ਖ਼ਿਲਾਫ਼ ਬੜ੍ਹਤ ਬਣਾਉਣ ਦੇ ਬਾਵਜੂਦ ਪੈਨਲਟੀ ਸ਼ੂਟਆਉਟ ਵਿੱਚ ਹਾਰ ਗਈ ਸੀ।
ਇਸ ਹਾਰ ਦੇ ਨਾਲ ਹੀ ਇੰਗਲੈਂਡ ਦੀ ਟੀਮ ਦਾ 52 ਸਾਲ ਬਾਅਦ ਦੂਜੀ ਵਾਰ ਫਾਈਨਲ ਵਿੱਚ ਥਾਂ ਬਣਾਉਣ ਦਾ ਸੁਫ਼ਨਾ ਵੀ ਟੁੱਟ ਗਿਆ। ਇੰਗਲੈਂਡ ਨੇ ਪਹਿਲੀ ਅਤੇ ਇਕਲੌਤੀ ਵਾਰ 1966 ਵਿੱਚ ਫਾਈਨਲ ਵਿੱਚ ਥਾਂ ਬਣਾਈ ਸੀ ਅਤੇ ਤਦ ਆਪਣੀ ਸਰਜ਼ਮੀਨ ਉੱਤੇ ਖ਼ਿਤਾਬ ਜਿੱਤਣ ਵਿੱਚ ਸਫਲ ਰਿਹਾ ਸੀ। ਵਰਲਡ ਕੱਪ ਦੇ ਇਤਿਹਾਸ ‘ਚ ਸਿਰਫ਼ ਦੂਜੀ ਵਾਰ ਸੈਮੀ-ਫਾਈਨਲ ਵਿੱਚ ਖੇਡ ਰਹੀ ਕ੍ਰੋਏਸ਼ੀਆ ਦੀ ਟੀਮ ਇਸ ਤੋਂ ਪਹਿਲਾਂ ਫਰਾਂਸ ਵਿੱਚ 1998 ਵਿੱਚ ਸੈਮੀ-ਫਾਈਨਲ ਵਿੱਚ ਪਹੁੰਚੀ ਸੀ ਅਤੇ ਤਦ ਉਸ ਨੂੰ ਮੇਜ਼ਬਾਨ ਟੀਮ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਹੁਣ 14 ਜੁਲਾਈ ਨੂੰ ਤੀਸਰੇ ਸਥਾਨ ਦੇ ਪੱਲੇ ਆਫ਼ ਵਿੱਚ ਸੇਂਟ ਪੀਟਰਸਬਰਗ ਵਿਖੇ ਇੰਗਲੈਂਡ ਦੀ ਟੀਮ ਬੈਲਜੀਅਮ ਨਾਲ ਭਿੜੇਗੀ। ਫਾਈਨਲ ਇਸ ਦੇ ਅਗਲੇ ਦਿਨ 15 ਜੁਲਾਈ ਨੂੰ ਫਰਾਂਸ ਤੇ ਕ੍ਰੋਏਸ਼ੀਆ ਵਿਚਾਲੇ ਇੱਥੇ ਲੁਜਨਿਕੀ ਸਟੇਡੀਅਮ ਵਿੱਚ ਹੀ ਖੇਡਿਆ ਜਾਵੇਗਾ।
Football ਫੀਫਾ ਵਰਲਡ ਕੱਪ 2018 : ਕ੍ਰੋਏਸ਼ੀਆ ਨੇ ਰਚਿਆ ਇਤਿਹਾਸ, ਇੰਗਲੈਂਡ ਨੂੰ ਹਰਾ...