ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟ-ਆਊਟ ‘ਚ 4-2 ਨਾਲ ਹਰਾਇਆ
ਲੁਸੈਲ (ਕਤਰ), 19 ਦਸੰਬਰ – ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨੇਲ ਮੈਸੀ ਦਾ ਵਰਲਡ ਚੈਂਪੀਅਨ ਬਣਨ ਦਾ ਸੁਪਨਾ ਆਖ਼ਿਰਕਾਰ ਸੱਚ ਹੋ ਗਿਆ ਹੈ ਪਰ ਫਰਾਂਸ ਦੇ ਕੀਲਿਅਨ ਅੰਬਾਪੇ ਦਾ ਸੁਪਨਾ ਪੂਰਾ ਨਾ ਹੋ ਸਕਿਆ। ਇੱਥੇ ਖੇਡੇ ਗਏ ਫੀਫਾ ਵਰਲਡ ਕੱਪ 2022 ਦੇ ਰੋਮਾਂਚਕ ਮੁਕਾਬਲੇ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟ-ਆਊਟ ‘ਚ 4-2 ਨਾਲ ਹਰਾ ਕੇ 36 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਵਰਲਡ ਚੈਂਪੀਅਨ ਬਣਿਆ।
ਲਿਓਨੇਲ ਮੈਸੀ 2014 ਵਿੱਚ ਖ਼ਿਤਾਬ ਤੋਂ ਵਾਂਝਾ ਰਹਿ ਗਿਆ ਸੀ ਪਰ ਇਸ ਵਾਰੇ ਮੈਸੀ ਦੀ ਟੀਮ ਨੇ ਫੀਫਾ ਵਰਲਡ ਕੱਪ ਦੇ ਇਤਿਹਾਸ ਦੇ ਸਭ ਤੋਂ ਰੋਮਾਂਚਕ ਫਾਈਨਲਾਂ ਵਿੱਚੋਂ ਇੱਕ ‘ਚ ਪੂਰੇ ਸਮੇਂ ‘ਚ 3-3 ਨਾਲ ਡਰਾਅ ਦੇ ਬਾਅਦ ਫਰਾਂਸ ਨੂੰ ਪੈਨਲਟੀ ਸ਼ੂਟ-ਆਊਟ ‘ਚ 4-2 ਨਾਲ ਹਰਾਇਆ। ਇਹ ਤੀਜੀ ਵਾਰ ਹੈ ਜਦੋਂ ਅਰਜਨਟੀਨਾ ਨੇ ਵਰਲਡ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 1978 ਅਤੇ 1986 ‘ਚ ਵਰਲਡ ਕੱਪ ਦਾ ਖ਼ਿਤਾਬ ਜਿੱਤਿਆ ਸੀ। ਮੈਸੀ ਬਤੌਰ ਕਪਤਾਨ ਅਰਜਨਟੀਨਾ ਲਈ ਖ਼ਿਤਾਬ ਜਿੱਤਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ 1986 ‘ਚ ਡਇਏਗੋ ਮਾਰਾਡੋਨਾ ਨੇ ਆਪਣੇ ਦੇਸ਼ ਨੂੰ ਚੈਂਪੀਅਨ ਬਣਾਇਆ ਸੀ।
ਮੈਚ ਦੇ ਪਹਿਲੇ ਹਾਫ਼ ਵਿੱਚ ਅਰਜਨਟੀਨਾ ਨੇ ਦੋ ਗੋਲ ਦਾਗੇ ਅਤੇ ਖੇਡ ਦੇ ਦੂਸਰੇ ਹਾਫ਼ ਵਿੱਚ ਫਰਾਂਸ ਨੇ ਮੈਚ ਵਿੱਚ ਦਮਦਾਰ ਵਾਪਸੀ ਕਰਦਿਆਂ ਟੀਮ ਦੇ ਖਿਡਾਰੀ ਕੀਲਿਅਨ ਅੰਬਾਪੇ ਨੇ 5 ਮਿੰਟਾਂ ‘ਚ (80ਵੇਂ ਤੇ 81ਵੇਂ ਮਿੰਟ) ਹੀ ਦੋ ਗੋਲ ਦਾਗ਼ ਦਿੱਤੇ। ਇਸ ਤਰ੍ਹਾਂ ਨਿਰਧਾਰਿਤ ਸਮੇਂ ਵਿੱਚ ਮੈਚ 2-2 ਗੋਲਾਂ ਦੀ ਬਰਾਬਰੀ ‘ਤੇ ਰਿਹਾ। ਅਰਜਨਟੀਨਾ ਵੱਲੋਂ ਪਹਿਲਾ ਗੋਲ ਕਪਤਾਨ ਲਿਓਨਲ ਮੈਸੀ ਨੇ 23ਵੇਂ ਮਿੰਟ ‘ਚ ਪੈਨਲਟੀ ‘ਤੇ ਕੀਤਾ ਅਤੇ ਇਸ ਤੋਂ 13 ਮਿੰਟਾਂ ਬਾਅਦ ਅਰਜਨਟੀਨਾ ਨੇ ਦੂਜਾ ਗੋਲ ਏਂਜਲ ਡੀ. ਮਾਰੀਆ ਨੇ ਕੀਤਾ। ਇਸ ਮਗਰੋਂ ਦੋਵੇਂ ਟੀਮਾਂ ਨੂੰ ਗੋਲ ਕਰਨ ਲਈ ਵਾਧੂ ਸਮਾਂ ਦਿੱਤਾ ਗਿਆ ਹੈ। ਇਸੇ ਦੌਰਾਨ ਖੇਡ ਦੇ 108ਵੇਂ ਮਿੰਟ ਵਿੱਚ ਲਿਓਨਲ ਮੈਸੀ ਵੱਲੋਂ ਕੀਤੇ ਗਏ ਗੋਲ ਕਾਰਣ ਅਰਜਨਟੀਨਾ 3-2 ਨਾਲ ਅੱਗੇ ਹੋ ਗਿਆ ਹੈ। ਇਸ ਮਗਰੋਂ ਅੰਬਾਪੇ ਵੱਲੋਂ 118ਵੇਂ ਮਿੰਟ ‘ਚ ਫਰਾਂਸ ਲਈ ਦਾਗੇ ਗੋਲ ਕਾਰਣ ਮੈਚ 3-3 ਦੀ ਬਰਾਬਰੀ ‘ਤੇ ਆ ਗਿਆ। ਵਾਧੂ ਸਮੇਂ ‘ਚ ਵੀ ਦੋਵੇਂ ਟੀਮਾਂ ਨੇ ਗੋਲ ਕੀਤੇ। ਇਸ ਮਗਰੋਂ ਹੋਏ ਪੈਨਲਟੀ ਸ਼ੂਟ-ਆਊਟ ਮੁਕਾਬਲੇ ‘ਚ ਅਰਜਨਟੀਨਾ ਨੇ ਫਰਾਂਸ ਨੂੰ ਮਾਤ ਦਿੱਤੀ।
ਮੈਸੀ ਦੀ ਕਪਤਾਨੀ ‘ਚ ਫਰਾਂਸ ਦੇ ਖ਼ਿਲਾਫ਼ 120 ਮਿੰਟ ਤੱਕ ਚੱਲੇ ਬੇਹੱਦ ਰੋਮਾਂਚਕ ਮੁਕਾਬਲੇ ‘ਚ ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟ-ਆਊਟ ਰਾਹੀਂ ਹੋਇਆ। ਵਰਲਡ ਕੱਪ ਦੇ ਇਤਿਹਾਸ ‘ਚ ਇਹ ਤੀਜਾ ਮੌਕਾ ਹੈ ਜਦੋਂ ਇਸ ਦਾ ਫ਼ੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਕੀਤਾ ਗਿਆ। ਮੈਚ ਵਾਧੂ ਸਮੇਂ ਵਿੱਚ ਜਾਣ ਤੋਂ ਬਾਅਦ ਵੀ ਸਕੋਰ 3-3 ਨਾਲ ਬਰਾਬਰ ਰਿਹਾ। ਕੀਲਿਅਨ ਅੰਬਾਪੇ ਨੇ ਪੂਰੇ ਮੈਚ ਦੌਰਾਨ ਫਰਾਂਸ ਨੂੰ ਇਕੱਲੇ ਹੀ ਮੈਚ ‘ਚ ਬਣਾਏ ਰੱਖਿਆ, ਪਰ ਫਾਈਨਲ ‘ਚ ਉਸ ਦੀ ਹੈਟ੍ਰਿਕ ਫਰਾਂਸ ਨੂੰ ਵਰਲਡ ਕੱਪ ਦਬਾਉਣ ‘ਚ ਨਾਕਾਮ ਰਹੀ। ਉਹ ਫੀਫਾ ਵਰਲਡ ਕੱਪ ਦੇ ਫਾਈਨਲ ‘ਚ ਹੈਟ੍ਰਿਕ ਲਗਾਉਣ ਵਾਲਾ ਦੂਜਾ ਖਿਡਾਰੀ ਹੈ। ਜਿਓਫ ਹਰਸਟ ਨੇ 1966 ‘ਚ ਇੰਗਲੈਂਡ ਲਈ ਹੈਟ੍ਰਿਕ ਲਈ ਸੀ।
ਪੈਨਲਟੀ ਸ਼ੂਟ-ਆਊਟ ‘ਚ ਫਰਾਂਸ ਵੱਲੋਂ ਪਹਿਲਾਂ ਕੀਲਿਅਨ ਅੰਬਾਪੇ ਨੇ ਖੱਬੇ ਕੋਨੇ ‘ਚ ਗੋਲ ਕੀਤਾ, ਇਸ ਤੋਂ ਬਾਅਦ ਅਰਜਨਟੀਨਾ ਦੇ ਲਿਓਨਲ ਮੈਸੀ ਨੇ ਖੱਬੇ ਪਾਸੇ ਤੋਂ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਦੂਜੀ ਕੋਸ਼ਿਸ਼ ‘ਚ ਫਰਾਂਸ ਦੇ ਕਿੰਗਸਲੇ ਕੋਮਨ ਦੇ ਸ਼ਾਟ ਨੂੰ ਅਰਜਨਟੀਨਾ ਦੇ ਗੋਲ-ਕੀਪਰ ਨੇ ਰੋਕ ਦਿੱਤਾ। ਫਿਰ ਅਰਜਨਟੀਨਾ ਦੀ ਵਾਰੀ ਸੀ (2-1) ਪਾਉਲੋ ਡਿਬਾਲਾ ਨੇ ਗੋਲ ਕੀਤਾ, ਫਿਰ ਫਰਾਂਸ ਦਾ ਔਰੇਲੀਅਨ ਚੋਮੇਨੀ ਪੈਨਲਟੀ ਤੋਂ ਖੁੰਝ ਗਿਆ। ਅਰਜਨਟੀਨਾ ਦੇ ਲਇਏਂਡਰੋ ਪਰੇਡਸ ਨੇ ਗੋਲ ਕਰਕੇ ਸਕੋਰ 3-1 ਕਰ ਦਿੱਤਾ। ਮੈਚ ਵਿੱਚ ਇੱਕ ਵਾਰ ਮੁੜ ਉਮੀਦ ਬੱਝ ਗਈ ਜਦੋਂ ਫਰਾਂਸ ਦੇ ਰੈਂਡਲ ਕੋਲੋ ਮੁਆਨੀ ਨੇ ਗੋਲ ਕਰਕੇ ਇਸ ਨੂੰ 3-2 ਕਰ ਦਿੱਤਾ। ਹੁਣ ਫਰਾਂਸ ਦੇ ਗੋਲ-ਕੀਪਰ ਦੀ ਵਾਰੀ ਸੀ ਪਰ ਅਰਜਨਟੀਨਾ ਦੇ ਗੋਂਜ਼ਾਲੋ ਮੋਂਟੀਏਲ (4-2) ਨੇ ਗੋਲ ਕਰਕੇ ਅਰਜਨਟੀਨਾ ਨੂੰ 36 ਸਾਲਾਂ ਬਾਅਦ ਫੀਫਾ ਵਰਲਡ ਕੱਪ ਦਾ ਚੈਂਪੀਅਨ ਬਣਾਇਆ।
ਅਰਜਨਟੀਨਾ ਦੇ ਐਨਜ਼ੋ ਫਰਨਾਂਡੀਜ਼ ਨੂੰ ‘ਯੰਗ ਪਲੇਅਰ’
ਫਰਾਂਸ ਦੇ ਕੀਲਿਅਨ ਅੰਬਾਪੇ ਨੂੰ ‘ਗੋਲਡਨ ਬੂਟ’
ਅਰਜਨਟੀਨਾ ਦੇ ਗੋਲ-ਕੀਪਰ ਐਮੀ ਮਾਰਟੀਜ਼ ਨੂੰ ‘ਗੋਲਡਨ ਗਲੋਵ’
ਅਰਜਨਟੀਨਾ ਦੇ ਲਿਓਨੇਲ ਮੈਸੀ ਨੂੰ ‘ਗੋਲਡਨ ਬਾਲ’
Football ਫੀਫਾ ਵਰਲਡ ਕੱਪ 2022: ਲਿਓਨੇਲ ਮੈਸੀ ਦਾ ਜਾਦੂ ਚੱਲਿਆ, ਫਰਾਂਸ ਨੂੰ ਹਰਾ...