ਕਿਸ਼ਿਦਾ ਦੀ ਪਾਰਟੀ ਨੂੰ ਸੰਸਦੀ ਚੋਣਾਂ ਵਿਚ ਮਿਲਿਆ ਹੈ ਬਹੁਮਤ
ਟੋਕੀਓ, 10 ਨਵੰਬਰ – ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੂੰ ਮੁੜ ਜਪਾਨ ਦਾ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਉਨ੍ਹਾਂ ਦੀ ਪਾਰਟੀ ਨੇ ਸੰਸਦੀ ਚੋਣਾਂ ਵਿੱਚ ਬਹੁਮਤ ਹਾਸਲ ਕੀਤਾ ਹੈ। ਸੰਸਦ ਨੇ ਕਰੀਬ ਮਹੀਨਾ ਪਹਿਲਾਂ ਕਿਸ਼ਿਦਾ ਨੂੰ ਇਸ ਅਹੁਦੇ ਲਈ ਚੁਣਿਆ ਸੀ, ਪਰ ਕਿਸ਼ਿਦਾ ਨੇ ਤੁਰੰਤ ਚੋਣਾਂ ਦਾ ਸੱਦਾ ਦਿੱਤਾ ਸੀ। ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਨੇ 465 ਮੈਂਬਰੀ ਹੇਠਲੇ ਸਦਨ ਵਿੱਚ 261 ਸੀਟਾਂ ਹਾਸਲ ਕੀਤੀਆਂ ਹਨ। 31 ਅਕਤੂਬਰ ਨੂੰ ਮਿਲੀ ਜਿੱਤ ਨਾਲ ਕਿਸ਼ਿਦਾ ਹੁਣ ਪੂਰੀ ਤਾਕਤ ਨਾਲ ਸੱਤਾ ‘ਤੇ ਕਾਬਜ਼ ਹੋ ਗਏ ਹਨ। ਉਨ੍ਹਾਂ ਕਿਹਾ ਕਿ ਵੋਟਰ ਬਦਲਾਅ ਨਾਲੋਂ ਸਥਿਰਤਾ ਨੂੰ ਪਹਿਲ ਦੇ ਰਹੇ ਹਨ। ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਜਪਾਨ ਦੀ ਆਰਥਿਕਤਾ ਹਿੱਲ ਗਈ ਹੈ ਤੇ ਹੋਰ ਵੀ ਕਈ ਚੁਣੌਤੀਆਂ ਹਨ। ਕਿਸ਼ਿਦਾ ਹੁਣ ਆਪਣੀ ਦੂਜੀ ਕੈਬਨਿਟ ਚੁਣਨਗੇ। ਉਨ੍ਹਾਂ ਨੂੰ ਲਿਬਰਲ ਡੈਮਕ੍ਰੈਟਾਂ ਨੇ ਮਹੀਨਾ ਪਹਿਲਾਂ ਸੁਰੱਖਿਅਤ ਉਮੀਦਵਾਰ ਵਜੋਂ ਚੁਣਿਆ ਸੀ। ਪਾਰਟੀ ਨੂੰ ਡਰ ਸੀ ਕਿ ਜੇਕਰ ਯੋਸ਼ੀਹਿਦੇ ਸੁਗਾ ਸੱਤਾ ਵਿੱਚ ਬਣੇ ਰਹਿੰਦੇ ਹਨ ਤਾਂ ਪਾਰਟੀ ਨੂੰ ਹਾਰ ਮਿਲੇਗੀ ਕਿਉਂਕਿ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰ ਰਹੇ। ਸੁਗਾ ਨੇ ਇਕ ਸਾਲ ਸੱਤਾ ਵਿੱਚ ਰਹਿਣ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ।
ਕੋਰੋਨਾ ਨਾਲ ਚੰਗੀ ਤਰ੍ਹਾਂ ਨਾ ਨਜਿੱਠਣ ਤੇ ਵਾਇਰਸ ਦੇ ਬਾਵਜੂਦ ਟੋਕੀਓ ਉਲੰਪਿਕਸ ਕਰਾਉਣ ਲਈ ਸੁਗਾ ਦੀ ਆਲੋਚਨਾ ਕੀਤੀ ਜਾ ਰਹੀ ਸੀ। ਪ੍ਰਮੁੱਖ ਨੀਤੀ ਮਾਹਿਰ ਤੇ ਸਾਬਕਾ ਸਿੱਖਿਆ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੂੰ ਹੁਣ ਵਿਦੇਸ਼ ਮੰਤਰੀ ਬਣਾਇਆ ਜਾਵੇਗਾ। ਕੈਬਨਿਟ ਵਿੱਚ ਹੋਰ ਤਬਦੀਲੀਆਂ ਵੀ ਕੀਤੀਆਂ ਜਾਣਗੀਆਂ।
Home Page ਫੁਮੀਓ ਕਿਸ਼ਿਦਾ ਜਪਾਨ ਦੇ ਮੁੜ ਪ੍ਰਧਾਨ ਮੰਤਰੀ ਬਣੇ