ਕਹਿੰਦੇ ਜੇ ਬਾਲਣ ਅੱਗ ਨਾ ਫੜ੍ਹੇ ਤਾਂ, ਭੂਕਣੇ ਨਾਲ ਫ਼ੂਕ ਮਾਰ ਕੇ, ਭਾਂਬੜ ਮਚਾਇਆ ਜਾ ਸਕਦਾ ਹੈ। ਪਰ ਇਸ ਲਈ ਚੁੱਲ੍ਹੇ ਵਿੱਚ ਅੱਗ ਹੋਣੀ ਜ਼ਰੂਰੀ ਹੈ। ਸਾਡੀ ਜ਼ਿੰਦਗੀ ਵਿੱਚ ਵੀ ਅਸੀਂ ਕੁੱਝ ਨਾ ਕੁੱਝ ਤਾਂ ਧੁੱਖਦੇ ਹੀ ਰਹਿਨੇ ਹਾਂ। ਇਹ ਕਿਸੇ ਵਸਤੂ ਦੀ ਪ੍ਰਾਪਤੀ ਨਾ ਹੋਣਾ ਜਾਂ ਕਿਸੇ ਦਾ ਤੁਹਾਡੀ ਇੱਛਾ ਅਨੁਸਾਰ ਕੰਮ ਨਾ ਕਰਨਾ, ਜਾਂ ਫੇਰ ਸਾਡੇ ਅੰਦਰਲੇ ਫ਼ਤੂਰ ਨੂੰ ਸਾਂਭ ਨਾ ਸੱਕਣ ਕਰਕੇ ਵੀ ਹੋ ਸਕਦਾ ਹੈ। ਬਹੁਤੀ ਵਾਰੀ ਸਾਡੀ ਅਗਿਆਨਤਾ ਤੇ ਆਪਣੇ ਆਪ ਨੂੰ ਬਾਹਲਾ ਸਿਆਣਾ ਸਮਝਣ ਨਾਲ ਵੀ ਇਹ ਮਨ ਧੁੱਖਣ ਲੱਗ ਪੈਂਦਾ ਹੈ। ਅਸੀਂ ਦੂਸਰਿਆਂ ਨੂੰ ਬੇਲੋੜੀ ਨਫ਼ਰਤ ਕਰਨ ਲੱਗ ਪੈਂਦੇ ਹਾਂ। ਦੂਸਰੇ ਨੂੰ ਤਹਿਸ ਨਹਿਸ ਕਰਨਾ ਲੋਚਦੇ ਹਾਂ। ਪਰ ਕੋਈ ਵੀ ਪੈਰ ਪੁੱਟਣ ਤੋਂ ਪਿੱਛੇ ਹੱਟ ਦੇ ਰਹਿੰਦੇ ਹਾਂ, ਹੌਂਸਲਾ ਕਰਨ ਦਾ ਹੀਆਂ ਨਹੀਂ ਪੈਂਦਾ। ਸਾਡਾ ਚੇਤਨ ਮਨ ਸਾਨੂੰ ਮਾੜਾ ਕਾਰਜ ਕਰਨ ਤੋਂ ਰੋਕਦਾ ਰਹਿੰਦਾ ਹੈ। ਇਹੋ ਜਿਹੇ ਧੁੱਖਦੇ ਹੋਏ ਬੰਦੇ ਨੂੰ ਜੇ ਕੋਈ ਭੂਕਣਾ ਰੂਪੀ ਇਨਸਾਨ ਟੱਕਰ ਜਾਵੇ ਤਾਂ, ਫੇਰ ਖ਼ੈਰ ਨਹੀਂ। ਬਹੁਤੇ ਜੁਰਮ ਦੂਜਿਆਂ ਵੱਲੋਂ ਦਿੱਤੀ ਜਾਂ ਮਾਰੀ ਫ਼ੂਕ ਕਰਕੇ ਹੀ ਹੁੰਦੇ ਹਨ। ਫ਼ੂਕ ਵਾਲਾ ਅਕਸਰ ਕਹੇਗਾ, ‘ਤੂੰ ਫ਼ਿਕਰ ਨਾ ਕਰ, ਮੈਂ ਹੈ ਗਾਂ, ਮੈਂ ਆਪੇ ਸਾਂਭ ਲੂੰ’ ਤੇ ਬਾਅਦ ਵਿੱਚ ਜਦ ਭਾਂਬੜ ਮੱਚ ਜਾਂਦਾ ਹੈ ਤਾਂ ਇਹ ਮਨੁੱਖੀ ਭੂਕਣੇ ਪਾਥੀਆਂ ਦੇ ਟੋਕਰੇ ਥੱਲੇ ਜਾ ਲੁੱਕਦੇ ਹਨ ਤੇ ਧੁੱਖਦਾ ਧੁੱਖਦਾ ਇਨਸਾਨ ਆਪ ਵੀ ਮੱਚ ਜਾਂਦਾ ਹੈ।
ਜਨਮੇਜਾ ਸਿੰਘ ਜੌਹਲ
Email : janmeja@gmail.com