ਵਿਸ਼ਵ ਟੈਨਿਸ ਦਰਜਾਬੰਦੀ ਵਿੱਚ ਸਵਿਟਜ਼ਰਲੈਂਡ ਦੇ 36 ਸਾਲਾ ਰੋਜਰ ਫੈਡਰਰ 5 ਸਾਲ 106 ਦਿਨ ਦੇ ਵਕਫ਼ੇ ਬਾਅਦ ਮੁੜ ਪਹਿਲੇ ਨੰਬਰ ਦਾ ਖਿਡਾਰੀ ਬਣ ਗਿਆ ਹੈ। ਫੈਡਰਰ ਰੋਟਰਡਮ ਵਿੱਚ ਆਪਣਾ 97ਵਾਂ ਏਟੀਪੀ ਵਰਲਡ ਟੂਰ ਖ਼ਿਤਾਬ ਜਿੱਤਣ ਬਾਅਦ ਮੁੜ ਇਸ ਸਥਾਨ ‘ਤੇ ਪਹੁੰਚੇ ਹਨ।
ਸਵਿਸ ਟੈਨਿਸ ਖਿਡਾਰੀ ਰੋਜਰ ਫੈਡਰਰ ਪਹਿਲੀ ਵਾਰ ਵਿਸ਼ਵ ਦਰਜਾਬੰਦੀ ਵਿੱਚ ਪਹਿਲੇ ਨੰਬਰ ਦੇ ਖਿਡਾਰੀ 2 ਫਰਵਰੀ 2004 ਨੂੰ ਬਣੇ ਸਨ ਅਤੇ ਹੁਣ ਉਨ੍ਹਾਂ ਨੇ ਪਹਿਲੇ ਨੰਬਰ ‘ਤੇ ਆਪਣਾ 303ਵਾਂ ਹਫ਼ਤਾ ਸ਼ੁਰੂ ਕੀਤਾ ਹੈ। ਪੁਰਸ਼ ਟੈਨਿਸ ਦੀ ਸੀਨੀਅਰ ਦਰਜਾਬੰਦੀ ‘ਤੇ ਫੈਡਰਰ ਦਾ ਇਹ ਚੌਥਾ ਸਫ਼ਰ ਹੈ। 13 ਮਹੀਨੇ ਪਹਿਲਾਂ ਜਦੋਂ ਫੈਡਰਰ ਆਪਣੇ ਗੋਡੇ ਦੀ ਸੱਟ ਤੋਂ ਉੱਭਰ ਕੇ ਕੋਰਟ ‘ਤੇ ਪਰਤਿਆ ਤਾਂ ਉਨ੍ਹਾਂ ਦੀ ਦਰਜਾਬੰਦੀ 17ਵੀਂ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਰਿਕਾਰਡ 64-5 ਦਾ ਹੋ ਗਿਆ ਹੈ। ਇਸ ਸਮੇਂ ਦੌਰਾਨ ਉਹ 10 ਵਾਰ ਫਾਈਨਲ ਵਿੱਚ ਪੁੱਜੇ ਅਤੇ 9 ਵਾਰ ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ 3 ਗ੍ਰੈਂਡ ਸਲੈਮ ਖ਼ਿਤਾਬ ਵੀ ਸ਼ਾਮਲ ਹਨ। ਉਨ੍ਹਾਂ ਨੇ ਹੁਣ ਤੱਕ 20 ਗ੍ਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਫੈਡਰਰ ਵਿਸ਼ਵ ਦਰਜਾਬੰਦੀ ਵਿੱਚ ਚੋਟੀ ‘ਤੇ ਪਹੁੰਚਣ ਵਾਲੇ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣੇ ਹਨ।
ਦੂਜੇ ਪਾਸੇ ਭਾਰਤ ਦੇ ਯੂਕੀ ਭਾਂਬਰੀ ਤਾਜ਼ਾ ਪੁਰਸ਼ ਟੈਨਿਸ ਦਰਜਾਬੰਦੀ ਵਿੱਚ ਚੋਟੀ ਦੇ 100 ਖਿਡਾਰੀਆਂ ਵਿੱਚ ਥਾਂ ਬਣਾਉਣ ਤੋਂ ਇੱਕ ਕਦਮ ਦੂਰ ਰਹਿ ਗਏ ਹਨ। ਚੇਨਈ ਓਪਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਕੀ ਫਾਈਨਲ ਤੱਕ ਪੁੱਜਾ ਸੀ, ਜਿੱਥੇ ਉਹ ਆਸਟਰੇਲੀਆ ਦੇ ਜੌਰਡਨ ਥਾਂਪਸਨ ਤੋਂ ਹਾਰ ਗਿਆ ਸੀ। ਇਸ ਪ੍ਰਦਰਸ਼ਨ ਕਾਰਨ ਹੁਣ ਯੂਕੀ 101ਵੇਂ ਸਥਾਨ ‘ਤੇ ਪਹੁੰਚਿਆ ਹੈ। ਇਸੇ ਤਰ੍ਹਾਂ ਰਾਮਕੁਮਾਰ ਰਾਮਨਾਥਨ ਇੱਕ ਸਥਾਨ ਦੇ ਸੁਧਾਰ ਨਾਲ 140ਵੇਂ ਨੰਬਰ ‘ਤੇ ਪੁੱਜਾ। ਡਬਲਜ਼ ਦਰਜਾਬੰਦੀ ਵਿੱਚ ਰੋਹਨ ਬੋਪੰਨਾ ਆਪਣੇ 20ਵੇਂ ਅਤੇ ਦਿਵਿਜ ਸ਼ਰਨ 42ਵੇਂ ਸਥਾਨ ‘ਤੇ ਕਾਇਮ ਹਨ ਜਦੋਂ ਕਿ ਲੀਏਂਡਰ ਪੇਸ ਦੋ ਸਥਾਨ ਡਿੱਗ ਕੇ 49ਵੇਂ ਨੰਬਰ ‘ਤੇ ਖਿਸਕ ਗਏ। ਪੂਰਵ ਰਾਜਾ 57ਵੇਂ ਨੰਬਰ ‘ਤੇ ਪਹੁੰਚੇ ਹਨ।
Home Page ਫੈਡਰਰ ਮੁੜ ਬਣਿਆ ਦੁਨੀਆ ਦਾ ਪਹਿਲੇ ਨੰਬਰ ਦਾ ਖਿਡਾਰੀ