ਦਿੱਲੀ ਕਮੇਟੀ ਨੇ ਪੰਥਕ ਮਸਲਿਆਂ ਤੇ ਮੰਗਿਆ ਸਹਿਯੋਗ
ਨਵੀਂ ਦਿੱਲੀ, 25 ਅਗਸਤ – ਇੱਥੇ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਰਤਾਨੀਆ ਦੇ ਉਪ ਪ੍ਰਧਾਨ ਮੰਤਰੀ ਨੀਕੋਲਸ ਵੀਲੀਅਮ ਪੀਟਰ ਕਲੀਗ ਨੇ ਇਕ ਉੱਚ ਪੱਧਰੀ ਵਫ਼ਦ ਦੇ ਨਾਲ ਆਪਣਾ ਆਂਕੀਦਾ ਭੇਂਟ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨਿਤ ਸਿੰਘ ਚੰਢੋਕ ਨੇ ਵਫ਼ਦ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਅਤੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ‘ਚ ਗੁਰਮਤਿ ਮਰਯਾਦਾ ਅਨੁਸਾਰ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂੰ ਕਰਵਾਇਆ। ਗੁਰਦੁਆਰਾ ਸਾਹਿਬ ਪੁੱਜਣ ਤੇ ਨੀਕੋਲਸ ਵੀਲੀਅਮ ਨੂੰ ਜੀ ਆਇਆਂ ਕਹਿੰਦੇ ਹੋਏ ਪ੍ਰਧਾਨ ਜੀ. ਕੇ. ਨੇ ਭਾਰਤ ਦੇ ਸਿੱਖਾਂ ਦੀ ਬਰਤਾਨੀਆ ਸਰਕਾਰ ਨਾਲ ਜੂੜੀਆਂ ਹੋਈਆਂ ਪਰੇਸ਼ਾਨੀਆਂ ਅਤੇ ਮੰਗਾ ਬਾਰੇ ਵੀ ਜਾਣੂੰ ਕਰਵਾਇਆ।
ਦੀਵਾਨ ਹਾਲ ‘ਚ ਮੱਥਾ ਟੇਕਣ ਉਪਰੰਤ ਸਿਰੋਪਾਓ ਦੀ ਬਖ਼ਸ਼ੀਸ਼ ਕਰਦੇ ਹੋਏ ਪ੍ਰਧਾਨ ਜੀ. ਕੇ. ਨੇ ਪੰਥ ਵੱਲੋਂ ਬਰਤਾਨਵੀ ਉਪ ਪ੍ਰਧਾਨ ਮੰਤਰੀ ਸਾਹਮਣੇ 3 ਮੰਗਾ ਵੀ ਰੱਖੀਆਂ ਜਿਸ ਵਿੱਚ 1984 ‘ਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਸਾਕਾ ਨੀਲਾ ਤਾਰਾ ਵਿੱਚ ਬਰਤਾਨਵੀ ਸਰਕਾਰ ਦੀ ਸ਼ਮੂਲੀਅਤ ਦੇ ਬਾਰੇ ਹੋਏ ਖ਼ੁਲਾਸੇ ਤੇ ਤੱਥਾਂ ਸਹਿਤ ਸੱਚ ਸਾਹਮਣੇ ਲਿਆਉਣ ਦੀ ਬੇਨਤੀ, ਉੱਥੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਅਤੇ ਗੁਰੂ ਸਾਹਿਬ ਨਾਲ ਸਬੰਧਿਤ ਇਤਿਹਾਸਕ ਅਨਮੋਲ ਵਸਤੂਆਂ ਨੂੰ ਵਾਪਸ ਭਾਰਤ ‘ਚ ਭੇਜਣ ਦੀ ਮੰਗ ਵੀ ਕੀਤੀ। ਪ੍ਰਧਾਨ ਜੀ. ਕੇ. ਨੇ ਸਿੱਖਿਆ ਦੇ ਖੇਤਰ ‘ਚ ਕਮੇਟੀ ਦੇ ਸਕੂਲਾਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣ ਵਾਸਤੇ ਬਰਤਾਨੀਆ ‘ਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਇਕ ਬ੍ਰਾਂਚ ਖੋਲ੍ਹਣ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਹਾਂ ਪੱਖੀ ਰਵਈਆ ਅਖ਼ਤਿਆਰ ਕਰਦੇ ਹੋਏ ਉਪ ਪ੍ਰਧਾਨ ਮੰਤਰੀ ਵੱਲੋਂ ਕੈਬਿਨੇਟ ਮੀਟਿੰਗ ‘ਚ ਇਨ੍ਹਾਂ ਮਸਲਿਆਂ ‘ਤੇ ਗ਼ੌਰ ਕਰਨ ਦਾ ਵੀ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਗਿਆ। ਉਪ ਪ੍ਰਧਾਨ ਮੰਤਰੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਸਿੱਖ ਧਰਮ ਤੇ ਵਿਰਾਸਤ ਨੂੰ ਅਨਮੋਲ ਦੱਸਿਆ ਉੱਥੇ ਹੀ ਉਨ੍ਹਾਂ ਕਿਹਾ ਕਿ ਭਾਰਤ ਦੌਰੇ ਦੀ ਸ਼ੁਰੂਆਤ ਉਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਇਸ ਲਈ ਸ਼ੁਰੂ ਕੀਤੀ ਹੈ ਤਾਂ ਕਿ ਉਨ੍ਹਾਂ ਦੀ ਯਾਤਰਾ ਕਾਮਯਾਬ ਹੋਵੇ ਤੇ ਇੱਥੇ ਆ ਕੇ ਉਹ ਸਿੱਖ ਧਰਮ ਦੀ ਵਡਮੁੱਲੀ ਸਮਾਜ ਦੀ ਸੇਵਾ ਕਰਨ ਦੀ ਦਾਤ ਦੇ ਮੁਰੀਦ ਹੋ ਗਏ ਹਨ। ਉਨ੍ਹਾਂ ਨੇ ਲੱਖਾਂ ਲੋਕਾਂ ਵੱਲੋਂ ਬਿਨਾ ਕਿਸੇ ਜਾਤ ਬਿਰਾਦਰੀ ਦੀ ਪ੍ਰਵਾਹ ਕੀਤੇ ਪੰਗਤ ‘ਚ ਲੰਗਰ ਛਕਾਉਣ ਨੂੰ ਵੀ ਸਿੱਖ ਧਰਮ ਦੀ ਵੱਡੀ ਵਿਰਾਸਤ ਦੱਸਿਆ।
ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਸੈਕਟਰੀ ਆਫ਼ ਸਟੇਟ ਐਡਵਰਡ ਜੋਨਥਨ ਡੇਵੇ ਦੇ ਨਾਲ ਲੰਗਰ ਹਾਲ ਵਿਖੇ ਵੱਡੀ ਪੱਧਰ ‘ਤੇ ਸਾਫ਼ ਸਫ਼ਾਈ ਨਾਲ ਪਕਾਏ ਜਾ ਰਹੇ ਲੰਗਰਾਂ ਦੀ ਨਿਗਰਾਨੀ ਕਰਨ ਦੌਰਾਨ ਖ਼ੁਦ ਲੰਗਰ ਦੀ ਹੱਥੀ ਸੇਵਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਗੁਰਵਿੰਦਰ ਪਾਲ ਸਿੰਘ, ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ, ਅਤੇ ਵਲੰਟੀਅਰ ਮੁਖੀ ਹਰਚਰਣ ਸਿੰਘ ਗੁਲਸ਼ਨ ਮੌਜੂਦ ਸਨ।
Indian News ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਬੰਗਲਾ ਸਾਹਿਬ ਟੇਕਿਆ ਮੱਥਾ