ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਯੂਕਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਕੀਤਾ

ਕੀਵ, 10 ਅਪ੍ਰੈਲ – ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਯੁੱਧ ਝੱਲ ਰਹੇ ਦੇਸ਼ ਯੂਕਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਕੀਤਾ। ਦੌਰੇ ਦਾ ਮਕਸਦ ਬਰਤਾਨੀਆ ਵੱਲੋਂ ਯੂਕਰੇਨ ਨਾਲ ਇੱਕਜੁੱਟਤਾ ਪ੍ਰਗਟਾਉਣਾ ਸੀ। ਇਸ ਦੌਰਾਨ ਜੌਹਨਸਨ ਨੇ ਯੂਕਰੇਨ ਨੂੰ ਵਿੱਤੀ ਤੇ ਫ਼ੌਜੀ ਮਦਦ ਦੀ ਵੀ ਪੇਸ਼ਕਸ਼ ਕੀਤੀ। ਬਰਤਾਨਵੀ ਪ੍ਰਧਾਨ ਮੰਤਰੀ ਨੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਫ਼ੌਜੀ ਅਤੇ ਵਿੱਤੀ ਸਹਾਇਤਾ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਅਤੇ ਰੂਸ ਨਾਲ ਚੱਲ ਰਹੀ ਲੜਾਈ ਵਿੱਚ ਯੂਕਰੇਨ ਦਾ ਸਮਰਥਨ ਕਰਨ ਲਈ 120 ਬਖ਼ਤਰਬੰਦ ਵਾਹਨ ਅਤੇ ਐਂਟੀ-ਸ਼ਿੱਪ ਮਿਜ਼ਾਈਲ ਸਿਸਟਮ ਦੇਣ ਦੀ ਪੇਸ਼ਕਸ਼ ਕੀਤੀ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਆਪਣੇ ਹਮਲੇ ਰਾਹੀਂ ਪੂਰੇ ਯੂਰੋਪ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਸ ਦੇ ਦੇਸ਼ ‘ਤੇ ਰੂਸੀ ਹਮਲੇ ਨੂੰ ਰੋਕਣਾ ਸਾਰੀਆਂ ਜਮਹੂਰੀਅਤਾਂ ਦੀ ਸੁਰੱਖਿਆ ਲਈ ਅਹਿਮ ਹੈ। ਜ਼ੇਲੈਂਸਕੀ ਨੇ ਸ਼ਨਿੱਚਰਵਾਰ ਦੇਰ ਰਾਤ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ, ”ਰੂਸੀ ਹਮਲਾ ਸਿਰਫ਼ ਯੂਕਰੇਨ ਤੱਕ ਸੀਮਤ ਰਹਿਣ ਦੇ ਇਰਾਦੇ ਨਾਲ ਨਹੀਂ ਕੀਤਾ ਗਿਆ। ਪੂਰਾ ਯੂਰੋਪੀ ਪ੍ਰਾਜੈਕਟ ਰੂਸ ਦੇ ਨਿਸ਼ਾਨੇ ‘ਤੇ ਹੈ”। ਉਨ੍ਹਾਂ ਕਿਹਾ, ”ਇਸ ਲਈ ਇਹ ਸਿਰਫ਼ ਸਾਰੇ ਜਮਹੂਰੀ ਮੁਲਕਾਂ ਦਾ ਹੀ ਨਹੀਂ, ਸਗੋਂ ਯੂਰੋਪ ਦੀਆਂ ਸਾਰੀਆਂ ਤਾਕਤਾਂ ਦਾ ਨੈਤਿਕ ਫ਼ਰਜ਼ ਹੈ ਕਿ ਉਹ ਸ਼ਾਂਤੀ ਲਈ ਯੂਕਰੇਨ ਦੀ ਇੱਛਾ ਦਾ ਸਮਰਥਨ ਕਰਨ’।’ ਉਨ੍ਹਾਂ ਕਿਹਾ, ”ਅਸਲ ਵਿੱਚ ਇਹ ਹਰੇਕ ਸਭਿਅਕ ਦੇਸ਼ ਲਈ ਰੱਖਿਆ ਦੀ ਰਣਨੀਤੀ ਹੈ’।’ ਕਈ ਯੂਰੋਪੀ ਆਗੂਆਂ ਨੇ ਯੁੱਧ ਦੇ ਝੰਬੇ ਦੇਸ਼ ਯੂਕਰੇਨ ਨਾਲ ਇੱਕਜੁੱਟਤਾ ਦਿਖਾਉਣ ਦੇ ਯਤਨ ਕੀਤੇ ਹਨ। ਜ਼ੇਲੈਂਸਕੀ ਨੇ ਯੂਕਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਕਰਨ ਲਈ ਬਰਤਾਨੀਆ ਅਤੇ ਆਸਟਰੀਆ ਦੇ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਲਮੀ ਪੱਧਰ ‘ਤੇ ਫ਼ੰਡ ਇਕੱਠਾ ਕਰਨ ਲਈ ਕਰਵਾਏ ਪ੍ਰੋਗਰਾਮ ਲਈ ਯੂਰੋਪੀ ਕਮਿਸ਼ਨ ਦੇ ਪ੍ਰਧਾਨ ਦਾ ਵੀ ਧੰਨਵਾਦ ਕੀਤਾ। ਇਸ ਪ੍ਰੋਗਰਾਮ ਰਾਹੀਂ ਯੂਕਰੇਨੀ ਨਾਗਰਿਕਾਂ ਦੀ ਮਦਦ ਲਈ ਦਸ ਅਰਬ ਯੂਰੋ ਤੋਂ ਵੱਧ ਇਕੱਠੇ ਕੀਤੇ ਗਏ ਹਨ। ਇਸੇ ਦੌਰਾਨ ਯੂਕਰੇਨ ਸਰਹੱਦੀ ਰੱਖਿਆ ਏਜੰਸੀ ਨੇ ਕਿਹਾ ਕਿ ਜੰਗ ਲੜ ਸਕਣ ਦੀ ਉਮਰ ਵਾਲੇ 2200 ਯੂਕਰੇਨੀ ਪੁਰਸ਼ਾਂ ਨੂੰ ਹੁਣ ਤੱਕ ਮਾਰਸ਼ਲ ਲਾਅ ਦੀ ਉਲੰਘਣਾ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ।
ਦੂਜੇ ਪਾਸੇ ਇੱਕ ਅਮਰੀਕੀ ਅਧਿਕਾਰੀ ਨੇ ਅੱਜ ਦਾਅਵਾ ਕੀਤਾ ਹੈ ਕਿ ਫ਼ੌਜੀ ਕਾਰਵਾਈ ਮਗਰੋਂ ਮਿਲੇ ਝਟਕਿਆਂ ਤੋਂ ਬਾਅਦ ਰੂਸ ਨੇ ਯੂਕਰੇਨ ਜੰਗ ਲਈ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ। ਅਮਰੀਕੀ ਅਧਿਕਾਰੀ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਰੂਸ ਨੇ ਆਪਣੇ ਸਭ ਤੋਂ ਤਜਰਬੇਕਾਰ ਫ਼ੌਜੀ ਅਧਿਕਾਰੀ ਜਨਰਲ ਅਲੈਕਜ਼ੈਂਡਰ ਦਿਵੋਨਿਰਕੋਲ ਨੂੰ ਯੂਕਰੇਨ ਜੰਗ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ।