ਨਿਊਯਾਰਕ, 12 ਸਤੰਬਰ – ਇੱਥੇ ਬਰਤਾਨੀਆ ਦੀ ਕੁਆਲੀਫਾਇਰ ਐਮਾ ਰਾਡੂਕਾਨੂ ਨੇ ਕੈਨੇਡਾ ਦੀ ਲੇਲਾ ਫਰਨਾਂਡੇਜ਼ ਨੂੰ ਸਿੱਧੇ ਸੈੱਟਾਂ ਵਿੱਚ 6-4, 6-3 ਨਾਲ ਹਰਾ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ। ਬਰਤਾਨੀਆ ਦੀ ਨਾਬਾਲਗ਼ ਖਿਡਾਰਨ ਐਮਾ ਪਿਛਲੇ ਮਹੀਨੇ ਨਿਊਯਾਰਕ ਵਿੱਚ ਦੁਨੀਆ ਦੀ 150ਵੇਂ ਨੰਬਰ ਦੀ ਖਿਡਾਰਨ ਦੇ ਰੂਪ ਵਿੱਚ ਆਈ ਸੀ। ਇਸ ਤੋਂ ਪਹਿਲਾਂ ਉਸ ਨੇ ਸਿਰਫ਼ ਇੱਕ ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਐਮਾ ਨੇ ਕੁਆਲੀਫਾਇਰ ਮਗਰੋਂ ਜਹਾਜ਼ ਦੀ ਟਿਕਟ ਬੁੱਕ ਕਰਵਾਈ ਤਾਂ ਕਿ ਉਹ ਮੁੱਖ ਡਰਾਅ ਵਿੱਚ ਦਾਖ਼ਲ ਨਾ ਹੋਣ ‘ਤੇ ਵਾਪਸ ਪਰਤ ਸਕੇ। ਹਾਲਾਂਕਿ ਫਾਈਨਲ ਵਿੱਚ ਉਹ 19 ਸਾਲ ਦੀ ਲੇਲਾ ਨੂੰ ਸਿੱਧੇ ਸੈੱਟਾਂ ਵਿੱਚ 6-4, 6-3 ਨਾਲ ਹਰਾ ਕੇ ਕੁਆਲੀਫਾਇਰ ਤੋਂ ਚੈਂਪੀਅਨ ਬਣਨ ਦਾ ਸ਼ਾਨਦਾਰ ਸਫ਼ਰ ਤੈਅ ਕਰਨ ਵਿੱਚ ਸਫਲ ਰਹੀ। ਐਮਾ ਨੇ ਖ਼ਿਤਾਬ ਜਿੱਤਣ ਮਗਰੋਂ ਕਿਹਾ, “ਮੈਨੂੰ ਲਗਦਾ ਹੈ ਕਿ ਮਹਿਲਾ ਡਰਾਅ ਵਿੱਚ ਸ਼ਾਮਲ ਹਰੇਕ ਖਿਡਾਰੀ ਕੋਲ ਟੂਰਨਾਮੈਂਟ ਜਿੱਤਣ ਦਾ ਮੌਕਾ ਸੀ”। ਉਹ 2014 ਮਗਰੋਂ ਪਹਿਲੀ ਮਹਿਲਾ ਖਿਡਾਰਨ ਹੈ, ਜਿਸ ਨੇ ਬਿਨਾ ਕੋਈ ਸੈੱਟ ਗੁਆਏ ਯੂਐੱਸ ਓਪਨ ਦਾ ਖ਼ਿਤਾਬ ਜਿੱਤਿਆ ਹੈ। ਯੂਐੱਸ ਓਪਨ-1999 ਮਗਰੋਂ ਇਹ ਪਹਿਲਾ ਮੌਕਾ ਸੀ, ਜਦੋਂ ਦੋ ਨਾਬਾਲਗ਼ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦਾ ਫਾਈਨਲ ਖੇਡ ਰਹੀਆਂ ਸਨ। ਉਦੋਂ 17 ਸਾਲ ਦੀ ਸੇਰੇਨਾ ਅਤੇ 18 ਸਾਲ ਦੀ ਮਾਰਟੀਨਾ ਹਿੰਗਿਸ ਦਰਮਿਆਨ ਖ਼ਿਤਾਬੀ ਮੁਕਾਬਲਾ ਹੋਇਆ ਸੀ।
Home Page ਬਰਤਾਨੀਆ ਦੀ ਐਮਾ ਰਾਡੂਕਾਨ ਨੇ ਜਿੱਤਿਆ ਯੂਐੱਸ ਓਪਨ ਖ਼ਿਤਾਬ