ਬਲਵਿੰਦਰ ਕੌਰ ਚੱਠਾ ਦੀ ਪੁਸਤਕ ‘ਨੈਤਿਕਤਾ’ ਬੱਚਿਆਂ ਲਈ ਪ੍ਰੇਰਨਾਸ੍ਰੋਤ

ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072, E-mail: ujagarsingh48@yahoo.com

ਬਲਵਿੰਦਰ ਕੌਰ ਚੱਠਾ ਦੀ ਸੰਪਾਦਿਤ ਕੀਤੀ ਪੁਸਤਕ ਪੰਜਾਬ ਦੀ ਖ਼ੁਸ਼ਹਾਲੀ, ਤਰੱਕੀ, ਸਮਾਜਿਕ ਅਤੇ ਸਭਿਅਚਾਰਕ ਪ੍ਰਫੁਲਤਾ ਲਈ ਬਿਹਤਰੀਨ ਸਾਬਤ ਹੋ ਸਕਦੀ ਹੈ, ਬਸ਼ਰਤੇ ਇਹ ਪੁਸਤਕ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਘਰਾਂ/ਸਕੂਲਾਂ ਵਿੱਚ ਪੜ੍ਹਾਈ ਜਾਵੇ। ਇਹ ਪੁਸਤਕ ਇਨਸਾਨ ਨੂੰ ਸੰਪੂਰਨ ਬਣਾਉਣ ਵਿੱਚ ਵੀ ਸਹਾਈ ਹੋਵੇਗੀ। ਵੈਸੇ ਨੈਤਿਕਤਾ ਸਮਾਜ ਦੇ ਹਰ ਵਰਗ ਬੱਚੇ, ਵਿਦਿਆਰਥੀ, ਨੌਜਵਾਨ ਅਤੇ ਬਜ਼ੁਰਗਾਂ ਲਈ ਵੀ ਜ਼ਰੂਰੀ ਹੈ, ਜੇਕਰ ਬੱਚਿਆਂ ਵਿੱਚ ਨੈਤਿਕਤਾ ਦਾ ਗੁਣ ਆ ਜਾਵੇ ਤਾਂ ਭਵਿਖ ਵਿੱਚ ਸਮੁੱਚਾ ਸਮਾਜ ਹੀ ਨੈਤਿਕਤਾ ਦਾ ਪਹਿਰੇਦਾਰ ਬਣ ਜਾਵੇਗਾ। ਨੌਜਵਾਨ ਵਰਗ ਪੰਜਾਬ/ਦੇਸ਼ ਦਾ ਭਵਿਖ ਸੁਨਹਿਰਾ ਬਣਾ ਸਕਦਾ ਹੈ। ਇਸੇ ਮੰਤਵ ਨਾਲ ਇਹ ਪੁਸਤਕ ਬਲਵਿੰਦਰ ਕੌਰ ਚੱਠਾ ਨੇ ਸੰਪਾਦਿਤ ਕੀਤੀ ਹੈ। ਇਹ ਪੁਸਤਕ ਬੱਚਿਆਂ ਨੂੰ ਘਰਾਂ ਵਿੱਚ ਪੜ੍ਹਾਉਣ ਲਈ ਮਾਪਿਆਂ ਦਾ ਸਹਿਯੋਗ ਤੇ ਸਾਥ ਅਤੇ ਸਕੂਲਾਂ ਵਿੱਚ ਸਲੇਬਸ ਦਾ ਹਿੱਸਾ ਬਣਾਉਣ ਵਿੱਚ ਪੰਜਾਬ ਸਰਕਾਰ ਅਤੇ ਖਾਸ ਤੌਰ ‘ਤੇ ਬਿਓਰੋਕਰੇਸੀ ਨੂੰ ਜ਼ਿੰਮੇਵਾਰੀ ਮਹਿਸੂਸ ਕਰਨ ਦੀ ਲੋੜ ਹੋਵੇਗੀ। ਪੰਜਾਬ ਦੇ ਵਰਤਮਾਨ ਹਾਲਾਤ ਅਜਿਹੇ ਹਨ ਕਿ ਪੰਜਾਬੀ ਉਦਮੀ ਹੋਣ ਕਰਕੇ ਸਿਰਫ਼ ਆਰਥਿਕ ਤੌਰ ‘ਤੇ ਮਜ਼ਬੂਤ ਹੋਣ ਦੇ ਮਕਸਦ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੇ ਹਨ। ਅੱਖਰੀ ਪੜ੍ਹਾਈ ਮੈਡੀਕਲ, ਆਰਟਸ, ਇੰਜਿਨੀਅਰਿੰਗ ਅਤੇ ਭਾਵੇਂ ਕਿਸੇ ਵੀ ਫੀਲਡ ਦੀ ਹੋਵੇ ਉਹ ਰੋਜ਼ੀ ਰੋਟੀ ਲਈ ਤਾਂ ਸਹਾਈ ਹੋ ਸਕਦੀ ਹੈ ਪ੍ਰੰਤੂ ਨੈਤਿਕ ਜ਼ਿੰਦਗੀ ਜਿਓਣ ਵਿੱਚ ਮਦਦਗਾਰ ਨਹੀਂ ਹੋ ਸਕਦੀ ਕਿਉਂਕਿ ਵਿਓਪਾਰ ਜਾਂ ਕਾਰੋਬਾਰ ਭਾਵੇਂ ਉਹ ਕਿਸੇ ਕਿਸਮ ਦਾ ਹੋਵੇ ਉਸ ਵਿੱਚ ਨੈਤਿਕਤਾ ਦੇ ਅਸੂਲਾਂ ਨੂੰ ਛਿੱਕੇ ‘ਤੇ ਟੰਗ ਦਿੱਤਾ ਜਾਂਦਾ ਹੈ ਪ੍ਰੰਤੂ ਜੇਕਰ ਨੈਤਿਕਤਾ ਅਪਣਾਈ ਜਾਵੇ ਤਾਂ ਵਿਓਪਾਰ ਸਮੇਤ ਸਾਰੇ ਕਾਰਜ ਸੁਚੱਜੇ ਢੰਗ ਨਾਲ ਚਲ ਸਕਦੇ ਹਨ। ਜ਼ਿੰਦਗੀ ਵਿੱਚ ਪੈਸਾ ਮੁੱਢਲੀ ਜ਼ਰੂਰਤ ਹੈ ਪ੍ਰੰਤੂ ਸਭ ਕੁਝ ਨਹੀਂ, ਪੈਸਾ ਕਮਾਉਣ ਲਈ ਝੂਠ, ਫ਼ਰੇਬ, ਧੋਖ਼ੇ ਅਤੇ ਬੇਈਮਾਨੀ ਭਾਰੂ ਹੁੰਦੀ ਹੈ। ਨੈਤਿਕਤਾ ਇਨ੍ਹਾਂ ਸਾਰੀਆਂ ਅਲਾਮਤਾਂ ਤੋਂ ਖਹਿੜਾ ਛੁਡਾਉਂਦੀ ਹੈ। ਨੈਤਿਕਤਾ ਦੇ ਅਸੂਲਾਂ ‘ਤੇ ਚਲਣ ਨਾਲ ਇਨਸਾਨੀਅਤ ਤੇ ਸਮਾਜ ਸੰਤੁਸ਼ਟ, ਸ਼ਾਂਤ ‘ਤੇ ਖ਼ੁਸ਼ਹਾਲ ਹੋਣਗੇ। ਇਹ ਪੁਸਤਕ ਇਸ ਮੰਤਵ ਲਈ ਇੱਕ ਅਮੁਲ ਖ਼ਜ਼ਾਨਾ ਹੈ, ਇਸ ਵਿੱਚ ਅਨੇਕਾਂ ਅਜਿਹੇ ਗੁਰ ਦੱਸੇ ਗਏ ਹਨ, ਜਿਹੜੇ ਨੈਤਿਕਤਾ ਦਾ ਪੱਲਾ ਫੜ੍ਹਨ ਦੀ ਤਾਕੀਦ ਕਰਦੇ ਹਨ। ਅਜੋਕੇ ਸਮੇਂ ਹਰ ਖੇਤਰ ਵਿੱਚ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ, ਤਬਦੀਲੀ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ। ਇਸ ਤਬਦੀਲੀ ਦਾ ਲਾਭ ਨੈਤਿਕਤਾ ਨਾਲ ਲਿਆ ਜਾ ਸਕਦਾ ਹੈ। ਪੁਸਤਕ ਵਿੱਚ ਦੱਸਿਆ ਗਿਆ ਹੈ, ਨੈਤਿਕਤਾ ਸਿਰਫ ਇੱਕ ਸ਼ਬਦ ਹੀ ਨਹੀਂ ਸਗੋਂ ਇਸ ਵਿੱਚ ਸਮੁੱਚਾ ਵਿਅਕਤਿਤਵ ਆ ਜਾਂਦਾ ਹੈ। ਵਿਅਕਤਿਤਵ ਵਿੱਚ ਸਾਡਾ, ਸਲੀਕਾ, ਵਿਵਹਾਰ, ਵਫ਼ਾਦਾਰੀ, ਪਿਆਰ-ਸਤਿਕਾਰ, ਸਭਿਆਚਾਰ, ਰਹਿਣ-ਸਹਿਣ, ਵਿਸ਼ਵਾਸ, ਨਿਮਰਤਾ, ਭਾਈਚਾਰਕ ਸਾਂਝ, ਮਿਠਾਸ, ਇਮਾਨਦਾਰੀ, ਸੱਚ ਬੋਲਣਾ, ਕਿਰਤ ਕਰਨਾ, ਮੁਆਫ਼ ਕਰਨਾ, ਬੋਲਚਾਲ, ਖਾਣ-ਪੀਣ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਪਰੰਪਰਾਵਾਂ ਦਾ ਸਮੂਹ ਆ ਜਾਂਦਾ ਹੈ, ਜਿਹੜਾ ਜ਼ਿੰਦਗੀ ਦਾ ਅਸਲ ਮਕਸਦ ਪੂਰਾ ਕਰਦਾ ਹੈ। ਇਸ ਦੀ ਪੂਰਤੀ ਲਈ ਇਹ ਪੁਸਤਕ ਅਤਿਅੰਤ ਸਾਰਥਿਕ ਹੋ ਸਕਦੀ ਹੈ। ਬਲਵਿੰਦਰ ਕੌਰ ਚੱਠਾ ਨੇ ਇਸ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਨੈਤਿਕਤਾ ਬਾਰੇ ਜਾਣਕਾਰੀ ਦੇਣ ਲਈ ਲੇਖ ਅਤੇ ਦੂਜੇ ਭਾਗ ਵਿੱਚ ਮਿੰਨੀ ਕਹਾਣੀਆਂ ਹਨ। ਪੁਸਤਕ ਵਿੱਚ ਨੈਤਿਕਤਾ ਬਾਰੇ 29 ਛੋਟੇ-ਛੋਟੇ ਲੇਖ, 30 ਕਹਾਣੀਆਂ ਅਤੇ ਅਖ਼ੀਰ ਵਿੱਚ ਜ਼ਿੰਦਗੀ ਜਿਓਣ ਦੇ ਹੁਨਰ ਸਿੱਖਣ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਵਿੱਚ ਦੋਸਤੀ, ਸੱਚਾਈਆਂ, ਹਰੇਕ ਚੀਜ਼ ਦੀ ਮਹੱਤਤਾ, ਸੱਚ ਤਾਂ ਬੋਲੋ, ਪਰ ਕਦੇ ਵੀ ਕਿਸੇ ਦਾ ਨੁਕਸਾਨ ਨਾ ਕਰੋ, ਨੈਤਿਕਤਾ ਦੀ ਅਹਿਮੀਅਤ ਅਤੇ ਕੁਝ ਸਵਾਲ ਜਵਾਬ ਹਨ। ਇਨ੍ਹਾਂ ਲੇਖਾਂ ਅਤੇ ਕਹਾਣੀਆਂ ਨੂੰ ਪੜ੍ਹਨ ਤੋਂ ਬਾਅਦ ਬੱਚਿਆਂ ਦੇ ਕੋਮਲ ਮਨਾਂ ‘ਤੇ ਗਹਿਰਾ ਪ੍ਰਭਾਵ ਪਵੇਗਾ ਤੇ ਫਿਰ ਉਹ ਸਾਰੀ ਉਮਰ ਸਚਾਈ ਦੇ ਮਾਰਗ ‘ਤੇ ਚਲਣ ਦਾ ਪ੍ਰਣ ਕਰਨਗੇ। ਹਰ ਲੇਖ ਵਿੱਚ ਉਸ ਲੇਖ ਦੇ ਵਿਸ਼ੇ ‘ਤੇ ਅਧਾਰਤ ਅਖ਼ੀਰ ਵਿੱਚ ਕੁਝ ਪ੍ਰਸ਼ਨ ਦਿੱਤੇ ਹੋਏ ਹਨ। ਉਨ੍ਹਾਂ ਪ੍ਰਸ਼ਨਾ ਦੇ ਉਤਰ ਖਾਲ੍ਹੀ ਥਾਵਾਂ ਛੱਡਕੇ ਬਚਿਆਂ ਦੇ ਭਰਨ ਲਈ ਦਿੱਤੇ ਗਏ ਹਨ। ਜਦੋਂ ਬੱਚੇ ਇਹ ਖਾਲ੍ਹੀ ਥਾਵਾਂ ਭਰਨਗੇ ਤਾਂ ਉਨ੍ਹਾਂ ਵਿੱਚ ਇਹ ਗੁਣ ਘਰ ਕਰ ਜਾਣਗੇ, ਕਿਉਂਕਿ ਖਾਲ੍ਹੀ ਥਾਵਾਂ ਲੇਖ ਨੂੰ ਪੜ੍ਹੇ ਅਤੇ ਸਮਝੇ ਬਿਨਾਂ ਨਹੀਂ ਭਰੇ ਜਾ ਸਕਦੇ, ਫਿਰ ਲੇਖ ਦਾ ਮੰਤਵ ਪੂਰਾ ਹੋ ਜਾਵੇਗਾ। ਪੁਸਤਕਾਂ ਵਿੱਚ ਲਿਖਿਆ ਬੱਚਿਆਂ ਲਈ ਰੱਬ ਦੇ ਬਰਾਬਰ ਹੁੰਦਾ ਹੈ। ਜਦੋਂ ਬੱਚਿਆਂ ਨੂੰ ਕਿਸੇ ਸਵਾਲ ਦੇ ਜਵਾਬ ਦੀ ਸਾਰਥਿਕਤਾ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਇਹੋ ਕਹਿੰਦੇ ਹਨ ਕਿ ਪੁਸਤਕ ਵਿੱਚ ਲਿਖਿਆ ਹੋਇਆ ਹੈ। ਇਸ ਲਈ ਇਹ ਪੁਸਤਕ ਬੱਚਿਆਂ ਉਪਰ ਗਹਿਰਾ ਪ੍ਰਭਾਵ ਪਾ ਸਕਦੀ ਹੈ। ਨੈਤਿਕ ਕਦਰਾਂ ਕੀਮਤਾਂ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਤਿਅੰਤ ਜ਼ਰੂਰੀ ਹਨ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਦੇ ਪ੍ਰੇਰਨਸ੍ਰੋਤ ਬਣਨਾ ਚਾਹੀਦਾ ਹੈ। ਨੈਤਿਕਤਾ ਨੂੰ ਸਿਖਾਉਣ ਤੇ ਉਸ ‘ਤੇ ਅਮਲ ਕਰਨ ਲੲਂੀ ਅਧਿਆਪਕ ਅਤੇ ਮਾਪੇ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੈਤਿਕਤਾ ਦਾ ਆਧਾਰ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੈਤਿਕਤਾ ਦਾ ਸੰਕਲਪ’ ਸਿਰਲੇਖ ਵਾਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਸਚਾਈ, ਆਚਾਰ, ਪਿਆਰ, ਸ਼ਹਿਸ਼ੀਲਤਾ, ਭਾਈਚਾਰਕ ਸਾਂਝ, ਕਿਰਤ ਕਰਨੀ, ਸੇਵਾ, ਇਮਾਨਦਾਰੀ, ਆਗਿਆਕਾਰੀ, ਮੰਦਾ ਨਾ ਬੋਲਣਾ, ਸੰਜਮਤਾ, ਸੂਰਬੀਰਤਾ, ਸਵੈਭਰੋਸੇਯੋਗਤਾ, ਖਿਮਾ ਕਰਨੀ, ਘੁਮੰਢ ਨਾ ਕਰਨਾ, ਧੀਰਜ, ਸਵੈ ਪੜਚੋਲ ਅਤੇ ਇਸਤਰੀ ਦਾ ਸਨਮਾਨ ਕਰਨਾ ਵਰਗੀਆਂ ਬੇਸ਼ਕੀਮਤੀ ਸਿਖਿਆਵਾਂ ਦੀ ਜਾਣਕਾਰੀ ਮਿਲਦੀ ਹੈ। ਇਹ ਸਭ ਨੈਤਿਕਤਾ ਦੇ ਹੀ ਨੁਕਤੇ ਹਨ। ਇਨ੍ਹਾਂ ‘ਤੇ ਅਮਲ ਕਰਨਾ ਜ਼ਰੂਰੀ ਹੈ। ਧਰਮ ਕਿਸੇ ਦਾ ਬੁਰਾ ਨਹੀਂ ਕਰਦਾ। ਇਸ ਲਈ ਧਰਮ ਅਤੇ ਨੈਤਿਕਤਾ ਇੱਕ ਦੂਜੇ ਦੇ ਪੂਰਕ ਹਨ।
ਦੂਜੇ ਭਾਗ ਕਹਾਣੀਆਂ ਵਿੱਚ ਵੀ ਲੇਖਾਂ ਵਾਲੇ ਵਿਸ਼ੇ ਹੀ ਹਨ, ਜਿਹੜੇ ਨੈਤਿਕਤਾ ਦਾ ਜੀਵਨ ਜਿਓਣ ਦੀ ਸਿਖਿਆ ਦਿੰਦੇ ਹਨ ਪ੍ਰੰਤੂ ਲੇਖਾਂ ਨਾਲੋਂ ਇਕ ਅੰਤਰ ਇਹ ਹੈ ਕਿ ਕਹਾਣੀਆਂ ਪੜ੍ਹਨ ਦਾ ਬੱਚਿਆਂ ਨੂੰ ਸ਼ੌਕ ਹੁੰਦਾ ਹੈ ਅਤੇ ਇਹ ਦਿਲਚਸਪ ਵੀ ਹੁੰਦੀਆਂ ਹਨ। ਕਹਾਣੀਆਂ ਪੜ੍ਹਨ ਵਿੱਚ ਬੱਚੇ ਜ਼ਿਆਦਾ ਦਿਲਚਸਪੀ ਲੈਂਦੇ ਹਨ। ਕਹਾਣੀਆਂ ਵਿੱਚ ਕੁਝ ਨੁਕਤਿਆਂ ਬਾਰੇ ਦੱਸਿਆ ਗਿਆ ਹੈ ਕਿ ਜਿਵੇਂ ਜ਼ਿੰਦਗੀ ਲਈ ਸਾਹ ਜ਼ਰੂਰੀ ਹੁੰਦੇ ਹਨ, ਉਸੇ ਤਰ੍ਹਾਂ ਨੈਤਿਕਤਾ ਵੀ ਸਫਲਤਾ ਲਈ ਜ਼ਰੂਰੀ ਹੁੰਦੀ ਹੈ। ਕੁਝ ਕਹਿਣ ਤੋਂ ਪਹਿਲਾਂ ਸੋਚੋ, ਸੱਚ ਹੀ ਸੁਣੋ, ਅਹਿਸਾਨ ਦਾ ਬਦਲਾ ਨਾ ਲਵੋ, ਸੱਚ ਉਹ ਜੋ ਦੂਸਰਿਆਂ ਦਾ ਭਲਾ ਕਰੇ, ਇਮਾਨਦਾਰੀ ਚੰਗੀ ਨੀਤੀ ਹੈ, ਕਿਸੇ ਬਾਰੇ ਰਾਏ ਬਣਾਉਣ ਤੋਂ ਪਹਿਲਾਂ ਸੋਚੋ, ਜ਼ਿੰਮੇਵਾਰੀ ਮਹਿਸੂਸ ਕਰੋ, ਦੂਸਰਿਆਂ ਦੀ ਮਦਦ ਕਰੋ, ਕਿਰਤ ਕੋਈ ਵੱਡੀ ਛੋਟੀ ਨਹੀਂ ਹੁੰਦੀ, ਸੱਚ ਦਾ ਇਨਾਮ, ਪਿਆਰ ਸਭ ਤੋਂ ਵੱਡਾ ਤੋਹਫ਼ਾ, ਖੋਟੀ ਨੀਅਤ ਬਨਾਮ ਖ਼ਰੀ ਨੀਅਤ, ਆਪਣੇ ਆਪ ਨੂੰ ਸੁਧਾਰੋ, ਮਾਂ ਦੀ ਸੇਵਾ, ਨਿਮਰਤਾ, ਆਲੋਚਨਾ ਕਰਨ ਤੋਂ ਪਹਿਲਾਂ ਸੋਚੋ ਅਤੇ ਅਫ਼ਵਾਹ ਆਦਿ ਕਹਾਣੀਆਂ ਵਿੱਚ ਵੀ ਨੈਤਿਕਤਾ ਦੀ ਸਿੱਖਿਆ ਦਿੱਤੀ ਗਈ ਹੈ। ਜਗਤ ਪੰਜਾਬੀ ਸਭਾ ਨੇ ਨੈਤਿਕਤਾ ਨਾਲ ਸੰਬੰਧਤ ਪਹਿਲਾਂ ਵੀ ਅੱਧਾ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ। ਇਹ ਪੁਸਤਕ ਵੀ ਉਸੇ ਲੜੀ ਦਾ ਹਿੱਸਾ ਹੈ। ਇਸ ਸ਼ੁਭ ਕਾਰਜ ਲਈ ਉਹ ਵਧਾਈ ਦੇ ਪਾਤਰ ਹਨ।
148 ਪੰਨਿਆਂ, 225 ਰੁਪਏ ਭਾਰਤੀ ਤੇ 10 ਪੌਂਡ ਕੀਮਤ ਵਾਲੀ ਇਹ ਪੁਸਤਕ ਅਸੀਮ ਪਬਲੀਕੇਸ਼ਨ ਬ੍ਰਾਮਪਟਨ ਕੈਨੇਡਾ ਨੇ ਪ੍ਰਕਾਸ਼ਤ ਕੀਤੀ ਹੈ।