ਆਕਲੈਂਡ, 18 ਜੁਲਾਈ – ਬਲੈਕ ਸਟਿੱਕਸ ਮਹਿਲਾ ਹਾਕੀ ਪ੍ਰੋ ਲੀਗ ਦੇ ਸੀਜ਼ਨ 5 ਵਿੱਚ ਹਟਣ ਤੋਂ ਬਾਅਦ ਨਹੀਂ ਖੇਡੇਗੀ। ਬਲੈਕ ਸਟਿੱਕਸ ਵੁਮੈਨ ਟੀਮ ਅਗਲੇ ਸਾਲ ਹੋਣ ਵਾਲੇ ਪੈਰਿਸ ਉਲੰਪਿਕ ਦੀਆਂ ਆਪਣੀਆਂ ਤਿਆਰੀਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਆਗਾਮੀ ਹਾਕੀ ਪ੍ਰੋ ਲੀਗ ਸੀਜ਼ਨ ਤੋਂ ਹਟ ਗਈ ਹੈ।
ਹਾਕੀ ਨਿਊਜ਼ੀਲੈਂਡ ਨੇ 18 ਜੁਲਾਈ ਦਿਨ ਮੰਗਲਵਾਰ ਨੂੰ ਹੈਰਾਨੀਜਨਕ ਕਦਮ ਦੀ ਪੁਸ਼ਟੀ ਕਰਦੇ ਹੋਏ ਇੱਕ ਬਿਆਨ ਵਿੱਚ ਖ਼ੁਲਾਸਾ ਕੀਤਾ ਕਿ ਉਸ ਨੂੰ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (ਐਫਆਈਐਚ) ਦੁਆਰਾ ਹਾਕੀ ਪ੍ਰੋ ਲੀਗ ਲਈ ਕੁਆਲੀਫ਼ਾਈ ਕਰਨ ਦੇ ਬਾਵਜੂਦ ਮੁਕਾਬਲੇ ਤੋਂ ਹਟਣ ਦੀ ਇਜਾਜ਼ਤ ਦਿੱਤੀ ਗਈ ਹੈ। ਇੱਕ ਸੋਧੇ ਹੋਏ ਫਾਰਮੈਟ ‘ਚ ਹਾਕੀ ਪ੍ਰੋ ਲੀਗ ਦੇ ਸੀਜ਼ਨ 5 ਵਿੱਚ 2023 ਦੇ ਅੰਤ ਤੋਂ ਲੈ ਕੇ 2024 ਦੇ ਮੱਧ ਤੱਕ ਚੱਲਣ ਵਾਲੇ 7 ‘ਮਿੰਨੀ-ਟੂਰਨਾਮੈਂਟ’ ਸ਼ਾਮਿਲ ਹੋਣਗੇ। ਇਸ ਦੇ ਨਾਲ ਬਲੈਕ ਸਟਿੱਕਸ ਵੁਮੈਨ ਟੀਮ ਨੂੰ ਭਾਰਤ ਅਤੇ ਯੂਰਪ ‘ਚ ਘਰ ਤੋਂ ਦੂਰ ਤਿੰਨ ਮਿੰਨੀ-ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਦੀ ਲੋੜ ਹੋਵੇਗੀ।
ਹਾਕੀ ਨਿਊਜ਼ੀਲੈਂਡ ਦੇ ਮੁਖੀ ਕਾਰਜਕਾਰੀ ਐਂਥਨੀ ਕ੍ਰਮੀ ਨੇ ਕਿਹਾ ਕਿ ਲੀਗ ਵਿੱਚ ਭਾਗ ਲੈਣ ਵਾਲੇ ਇੱਕ ਸੰਸਥਾਪਕ ਰਾਸ਼ਟਰ ਦੇ ਰੂਪ ‘ਚ ਇਹ ਸਾਡੇ ਲਈ ਇੱਕ ਮੁਸ਼ਕਲ ਫ਼ੈਸਲਾ ਸੀ, ਪਰ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਆਪਣੇ ਕੈਲੰਡਰ ਦੇ ਸਭ ਤੋਂ ਮਹੱਤਵਪੂਰਨ ਈਵੈਂਟ ਉਲੰਪਿਕ ਖੇਡਾਂ ਦੇ ਲਈ ਕੁਆਲੀਫ਼ਾਈ ਕਰਨ ਅਤੇ ਤਿਆਰੀ ਕਰਨ ਲਈ ਸਭ ਤੋਂ ਵਧੀਆ ਹਾਲਤ ‘ਚ ਹਾਂ, ਸਹੀ ਫ਼ੈਸਲਾ ਹੈ। ਪਰ ਫ਼ਿਲਹਾਲ, ਖਿਡਾਰੀਆਂ ਦਾ ਧਿਆਨ ਆਗਾਮੀ ਓਸ਼ੀਆਨਾ ਕੱਪ ‘ਚ ਕੁਆਲੀਫ਼ਾਈ ਕਰਨ ਦੇ ਟੀਚੇ ‘ਤੇ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਸ਼ੁਰੂ ‘ਚ ਹਾਕੀ ਪ੍ਰੋ ਲੀਗ ਵਿੱਚ ਬਲੈਕ ਸਟਿੱਕਸ ਪੁਰਸ਼ਾਂ ਦੀ ਟੀਮ ਨੇ 16 ਖੇਡਾਂ ਵਿੱਚੋਂ ਸਿਰਫ਼ 2 ਜਿੱਤਾਂ ਨਾਲ ਆਖ਼ਰੀ ਸਥਾਨ ‘ਤੇ ਰਹਿਣ ਤੋਂ ਬਾਅਦ ਨਿਰਾਸ਼ ਕੀਤਾ ਸੀ। ਜਦੋਂ ਕਿ ਬਲੈਕ ਸਟਿੱਕਸ ਵੁਮੈਨ ਟੀਮ ਦਾ ਪ੍ਰਦਰਸ਼ਨ ਜ਼ਿਆਦਾ ਚੰਗਾ ਨਹੀਂ ਰਿਹਾ ਸੀ, 9 ਟੀਮਾਂ ਦੇ ਮੁਕਾਬਲੇ ‘ਚ 8ਵੇਂ ਸਥਾਨ ‘ਤੇ ਰਹੀ, ਜੋ ਅਮਰੀਕਾ ਤੋਂ ਇੱਕ ਸਥਾਨ ਉੱਪਰ ਸੀ। ਬਲੈਕ ਸਟਿੱਕਸ ਵੁਮੈਨ ਟੀਮ ਨੇ ਆਪਣੇ 16 ਮੈਚਾਂ ਵਿੱਚੋਂ 2 ਜਿੱਤੇ ਅਤੇ 3 ਬਰਾਬਰੀ ‘ਤੇ ਰਹੇ ਅਤੇ 11 ਹਾਰੇ ਸਨ।
ਹਾਕੀ ਪ੍ਰੋ ਲੀਗ ‘ਚ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਵਜੂਦ, ਕ੍ਰਮੀ ਨੇ ਕਿਹਾ ਕਿ ਹਾਕੀ ਨਿਊਜ਼ੀਲੈਂਡ ਨੇ ਪੈਰਿਸ ਉਲੰਪਿਕ ਤੋਂ ਬਾਅਦ ਮੁਕਾਬਲੇ ‘ਚ ਆਪਣੀ ਭਾਗੀਦਾਰੀ ਨੂੰ ਮੁੜ ਦੇਖਣ ਦੀ ਯੋਜਨਾ ਬਣਾਈ ਹੈ।
ਜੇਕਰ ਬਲੈਕ ਸਟਿੱਕਸ ਵੁਮੈਨ ਟੀਮ ਅਗਸਤ ‘ਚ ਫੰਗਾਰੇਈ ਵਿੱਚ ਆਪਣੇ ਓਸ਼ੇਨੀਆ ਕੱਪ ਖ਼ਿਤਾਬ ਦਾ ਬਚਾਅ ਕਰਦੀ ਹੈ ਤਾਂ ਉਸ ਨੂੰ ਜਨਵਰੀ ‘ਚ ਉਲੰਪਿਕ ਕੁਆਲੀਫਾਇੰਗ ਈਵੈਂਟ ਲਈ ਸਪੇਨ ਜਾਂ ਚੀਨ ਦੀ ਯਾਤਰਾ ਕਰਨੀ ਪਵੇਗੀ। ਜਦੋਂ ਕਿ ਪੁਰਸ਼ ਹਾਕੀ ਟੀਮ ਆਪਣੇ ਕੁਆਲੀਫਿਕੇਸ਼ਨ ਟੂਰਨਾਮੈਂਟ ਲਈ ਸਪੇਨ ਜਾਂ ਪਾਕਿਸਤਾਨ ਜਾਏਗੀ।
Hockey ਬਲੈਕ ਸਟਿੱਕਸ ਵੁਮੈਨ ਉਲੰਪਿਕ ‘ਤੇ ਧਿਆਨ ਕੇਂਦਰਿਤ ਕਰਨ ਲਈ ਹਾਕੀ ਪ੍ਰੋ ਲੀਗ...