ਹੁਲਾਰਾ ਜ਼ਿੰਦਗੀ ਨੂੰ….ਪਿੰਡ ਸਾਂਭ ਲੈਣ ਪ੍ਰਵਾਸੀ ਜੇ
ਆਕਲੈਂਡ, 9 ਸਤੰਬਰ (ਹਰਜਿੰਦਰ ਸਿੰਘ ਬਸਿਆਲਾ) – ਪੰਜਾਬ ਦੇ ਪਿੰਡਾਂ ਦੀ ਜੇਕਰ ਨੁਹਾਰ ਬਦਲਣੀ ਹੋਵੇ ਜਾਂ ਪਿੰਡ ਵੱਸਦੇ ਲੋਕਾਂ ਦੀ ਜ਼ਿੰਦਗੀ ਨੂੰ ਹੁਲਾਰਾ ਦੇਣਾ ਹੋਵੇ ਤਾਂ ਪ੍ਰਵਾਸੀ ਲੋਕਾਂ ਦਾ ਵੱਡਾ ਸਹਿਯੋਗ ਅਤੇ ਅਹਿਮ ਰੋਲ ਅਦਾ ਹੋ ਸਕਦਾ ਹੈ। ਵਿਦੇਸ਼ੀ ਵੱਸਦੇ ਲੋਕ ਆਪਣੇ-ਆਪਣੇ ਪਿੰਡ ਦੀਆਂ ਜੜ੍ਹਾਂ, ਤਿੜ੍ਹਾਂ, ਘਰਾਂ, ਕੋਠੀਆਂ, ਜ਼ਮੀਨਾਂ-ਜਾਇਦਾਦਾਂ ਅਤੇ ਸ਼ਰੀਕੇ ਭਾਈਚਾਰੇ ਨਾਲ ਜੁੜੇ ਹੋਏ ਹਨ। ਇਸ ਦੀ ਇਕ ਉਦਾਹਰਣ ਪਿੰਡ ਬਸਿਆਲਾ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਪ੍ਰਵਾਸੀਆਂ ਨੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਪੇਸ਼ ਕੀਤੀ। ਬੀਤੇ ਦਿਨੀਂ ਪਿੰਡ ਦੇ ਇਕ ਨੌਜਵਾਨ ਸਰਬਜੀਤ ਸਿੰਘ (36) ਸਪੁੱਤਰ ਸ. ਅਵਤਾਰ ਸਿੰਘ ਕੁੱਕੀ (ਲੰਬੜਦਾਰ) ਦੀ ਅਚਨਚੇਤ ਮੌਤ ਹੋ ਗਈ ਸੀ। ਇਸ ਨੌਜਵਾਨ ਦੀ ਮਾਤਾ ਪਹਿਲਾਂ ਹੀ ਅਕਾਲ ਚਲਾਣਾ ਕਰ ਗਈ ਸੀ। ਇਸ ਦੀ ਧਰਮ-ਪਤਨੀ ਅਤੇ 2 ਸਾਲ ਦੀ ਛੋਟੀ ਬੇਟੀ ਇਸ ਵੇਲੇ ਪਿੰਡ ਹੀ ਰਹਿੰਦੇ ਹਨ। ਬਿਮਾਰੀ ਕਾਰਨ ਇਸ ਪਰਿਵਾਰ ਦਾ ਵੱਖ-ਵੱਖ ਹਸਪਤਾਲਾਂ ‘ਚ ਕਾਫ਼ੀ ਖਰਚਾ ਹੋ ਗਿਆ ਸੀ ਅਤੇ ਇਹ ਪਰਿਵਾਰ ਜ਼ਮੀਨ ਆਦਿ ਵੇਚ ਕੇ ਆਪਣੇ ਪੁੱਤਰ ਦਾ ਇਲਾਜ ਕਰਵਾ ਰਿਹਾ ਸੀ। ਸਭ ਕੁੱਝ ਕਰਨ ਦੇ ਬਾਵਜੂਦ ਕੁਦਰਤ ਨੇ ਉਨ੍ਹਾਂ ਦਾ ਪੁੱਤਰ ਸਦਾ ਲਈ ਖੋਹ ਲਿਆ, ਜਿਸ ਦਾ ਪੂਰੇ ਪਿੰਡ ਵਿੱਚ ਬਹੁਤ ਅਫ਼ਸੋਸ ਮਨਾਇਆ ਗਿਆ। ਬਸਿਆਲਾ ਐਨ. ਆਰ. ਆਈ. ਵੈੱਲਫੇਅਰ ਸੁਸਾਇਟੀ ਜੋ ਕਈ ਸਾਲਾਂ ਤੋਂ ਆਪਣੇ ਨਗਰ ਦੇ ਲਈ ਕੰਮ ਰਹੀ ਸੀ, ਦੇ ਸਹਿਯੋਗ ਨਾਲ ਅੱਜ ਇਸ ਭੋਗ ਵਾਲੇ ਦਿਨ ਇਸ ਪਰਿਵਾਰ ਦੀ ਡੇਢ ਲੱਖ ਰੁਪਏ ਦੇ ਚੈੱਕ ਨਾਲ ਮਦਦ ਕੀਤੀ ਗਈ। ਇਹ ਸਾਰੀ ਰਕਮ ਸੁਸਾਇਟੀ ਦੇ ਵੱਟਸਅਪ ਗਰੁੱਪ ਦੇ ਵਿੱਚ ਇਕੱਤਰ ਕੀਤੀ ਗਈ ਅਤੇ ਦਿਨਾਂ ਵਿੱਚ ਹੀ ਇਹ ਕੀਤਾ ਗਿਆ ਉੱਦਮ ਪਰਿਵਾਰ ਦੀ ਕੁੱਝ ਮਦਦ ਕਰਨ ਵਿੱਚ ਕਾਮਯਾਬ ਹੋ ਗਿਆ। ਅੱਜ ਡੇਢ ਲੱਖ ਦੀ ਰਾਸ਼ੀ ਵਾਲਾ ਚੈੱਕ ਐਨ. ਆਰ. ਵੈੱਲਫੇਅਰ ਸੁਸਾਇਟੀ ਤੋਂ ਪ੍ਰਤੀਨਿਧ ਮਾਸਟਰ ਸ. ਗੁਰਚਰਨ ਸਿੰਘ ਬਸਿਆਲਾ, ਸ. ਮੁਖਤਿਆਰ ਸਿੰਘ, ਸ. ਗੁਰਜੀਤ ਸਿੰਘ ਜੀਤਾ ਅਤੇ ਨਗਰ ਤੋਂ ਪਿੰਡ ਦੇ ਸਰਪੰਚ ਸ. ਹਰਦੇਵ ਸਿੰਘ ਪਾਬਲਾ, ਮਾਸਟਰ ਧਰਮਪਾਲ ਸਿੰਘ, ਸ. ਜਗਤਾਰ ਸਿੰਘ ਅਤੇ ਸ. ਰਣਦੀਪ ਸਿੰਘ ਦੀਪੂ ਨੇ ਸ. ਅਵਤਾਰ ਸਿੰਘ ਲੰਬੜਦਾਰ ਨੂੰ ਭੇਟ ਕੀਤਾ। ਪਰਿਵਾਰ ਨੇ ਸਾਰੇ ਐਨ. ਆਰ. ਆਈਜ਼ ਅਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਐਨ. ਆਰ. ਆਈ. ਵੈਲਫੇਅਰ ਸੁਸਾਇਟੀ ਬਸਿਆਲਾ ਵੱਲੋਂ ਵੀ ਸਾਰੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਅਫ਼ਰੀਕਾ ਸਮੇਤ ਕਈ ਮੁਲਕਾਂ ਤੋਂ ਦਾਨ ਰਾਸ਼ੀ ਪ੍ਰਾਪਤ ਹੋਈ। ਸੋ ਪੰਜਾਬ ਦੇ ਪਿੰਡਾਂ ਵਿੱਚ ਵੱਸਦੀ ਜ਼ਿੰਦਗੀ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ ਜੇਕਰ ਪਿੰਡਾਂ ਦੇ ਪ੍ਰਵਾਸੀ ਆਪਣੇ-ਆਪਣੇ ਪਿੰਡ ਦੀ ਸਹਾਇਤਾ ਵਾਸਤੇ ਕੁਝ ਯੋਗਦਾਨ ਪਾਉਂਦੇ ਰਹਿਣ।
Home Page ਬਸਿਆਲਾ ਐਨ. ਆਰ. ਆਈ. ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਦੇ ਇਕ ਪਰਿਵਾਰ ਦੀ...