ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਨਿੰਦਾ ਕਰਨ ਦੀ ਬਜਾਏ ਕਾਂਗਰਸ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਆਪਣੀ ਕੇਂਦਰ ਦੀ ਸਰਕਾਰ ਤੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਮੁਆਵਜ਼ੇ ਦੀ ਰਕਮ ਵਿਚ ਵਾਧਾ ਕਰਵਾਉਣ ਲਈ ਅੱਗੇ ਆਉਣ ਤਾਂ ਜੋ ਕੁਦਰਤੀ ਆਪਦਾ ਦੇ ਸ਼ਿਕਾਰ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਜੀਦਾ ਮੁੱਦੇ ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਸ੍ਰੀ ਬਾਜਵਾ ਸਮੇਤ ਸਾਰੇ ਕਾਂਗਰਸੀ ਆਗੂਆਂ ਨੂੰ ਕੁਦਰਤੀ ਆਪਦਾ ਦੇ ਪੀੜਤਾਂ ਲਈ ਮੁਆਵਜ਼ੇ ਨੂੰ ਵਧਾਉਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁੱਕਣਾ ਚਾਹੀਦਾ ਹੈ। ਸ: ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਸੂਬੇ….. ਦੇ ਲੋਕਾਂ ਪ੍ਰਤੀ ਜਵਾਬਦੇਹ ਹਨ ਕਿ ਕਿਉਂ ਉਨ੍ਹਾਂ ਨੇ ਕੇਂਦਰ ਵੱਲੋਂ ਲਾਈਆਂ ਗਈਆਂ ਸ਼ਰਤਾਂ ਦੇ ਖ਼ਿਲਾਫ਼ ਬੋਲਣ ਦੀ ਬਜਾਏ ਚੁੱਪੀ ਸਾਧੀ ਹੋਈ ਹੈ ਜਦ ਕਿ ਕੇਂਦਰ ਦੀਆਂ ਇਹ ਸ਼ਰਤਾਂ ਕਰਕੇ ਸੂਬਾ ਸਰਕਾਰ ਚਾਹੁੰਦੀ ਹੋਈ ਵੀ ਹੜ੍ਹ ਪੀੜਤਾਂ ਦੀ ਖੁੱਲ੍ਹੇ ਦਿਲ ਨਾਲ ਮਦਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸੂਬਾ ਸਰਕਾਰ ਦੀ ਸਿਰਫ਼ ਨਿੰਦਾ ਕਰਨ ਖ਼ਾਤਰ ਹੀ ਨਿੰਦਾ ਕਰ ਰਹੇ ਹਨ ਜਦ ਕਿ ਉਹ ਆਪ ਕੇਂਦਰ ਸਰਕਾਰ ਦੇ ਇਸ ਰਵਈਏ ਪ੍ਰਤੀ ਚੁੱਪ ਬੈਠੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਕ ਪਾਸੇ ਤਾਂ ਹੜ੍ਹਾਂ ਕਾਰਨ ਲੋਕਾਂ ਦੇ ਘਰਾਂ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਦੂਜੇ ਪਾਸੇ ਸ: ਬਾਜਵਾ ਸਮੇਤ ਸੂਬੇ ਤੋਂ ਬਾਕੀ ਕਾਂਗਰਸੀ ਸੰਸਦ ਮੈਂਬਰ ਅਤੇ ਕੇਂਦਰੀ ਵਜ਼ੀਰ ਹੜ੍ਹ ਪੀੜਤਾਂ ਪ੍ਰਤੀ ਕੇਂਦਰ ਸਰਕਾਰ ਦੇ ਇਸ ਮਤਰੇਈ ਮਾਂ ਵਾਲੀ ਸੋਚ ਪ੍ਰਤੀ ਚੁੱਪ ਬੈਠੇ ਹਨ। ਉਨ੍ਹਾਂ ਕਿਹਾ ਕਿ ਸ: ਬਾਜਵਾ ਅਤੇ ਉਨ੍ਹਾਂ ਦੇ ਸਾਥੀ ਅਖ਼ਬਾਰਾਂ ਵਿਚ ਗੈਰਜਿੰਮੇਵਾਰਾਨਾ ਬਿਆਨ ਦੇ ਕੇ ਹੜ੍ਹਾਂ ਦੀ ਮਾਰ ਹੇਠ ਆਏ ਵਿਅਕਤੀਆਂ ਦੇ ਜ਼ਖ਼ਮਾਂ ਤੇ ਲੂਣ ਛਿੜਕ ਰਹੇ ਹਨ। ਸ: ਬਾਦਲ ਨੇ ਕਾਂਗਰਸੀ ਆਗੂਆਂ ਨੂੰ ਅਜਿਹਾ ਕਰਨ ਤੋਂ ਵਰਜਦਿਆਂ ਇਸ ਗੰਭੀਰ ਸਮੱਸਿਆ ਪ੍ਰਤੀ ਕੋਈ ਉਸਾਰੂ ਕੰਮ ਕਰਨ ਲਈ ਆਖਿਆ। ਕਾਂਗਰਸੀ ਆਗੂਆਂ ਨੂੰ ਇਸ ਗੰਭੀਰ ਮਸਲੇ ਤੇ ਸਿਆਸੀ ਰੋਟੀਆਂ ਨਾ ਸੇਕਣ ਦੀ ਸਲਾਹ ਦਿੰਦਿਆਂ ਸ: ਬਾਦਲ ਨੇ ਕਿਹਾ ਕਿ ਸੂਬੇ ਦੇ ਲੋਕ ਕਾਂਗਰਸੀ ਆਗੂਆਂ ਨੂੰ ਉਨ੍ਹਾਂ ਦੇ ਪੰਜਾਬ ਵਿਰੋਧੀ ਰਵਈਏ ਅਤੇ ਮਾੜੇ ਰੋਲ ਲਈ ਕਦੇ ਵੀ ਮਾਫ਼ ਨਹੀਂ ਕਰਨਗੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਕਾਂਗਰਸੀ ਆਗੂਆਂ ਵੱਲੋਂ ਇਸ ਗੰਭੀਰ ਮਸਲੇ ਤੇ ਕੀਤੀ ਜਾ ਰਹੀ ਜ਼ਹਿਰੀਲੀ ਬਿਆਨਬਾਜ਼ੀ ਨੇ ਇਨ੍ਹਾਂ ਆਗੂਆਂ ਦਾ ਪੰਜਾਬ ਵਿਰੋਧੀ ਚਿਹਰਾ ਇਕ ਵਾਰ ਫਿਰ ਤੋਂ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਇਸ ਮਸਲੇ ਪ੍ਰਤੀ ਪੂਰੀ ਤਰਾਂ ਨਾਲ ਗੈਰ ਸੰਜੀਦਾ ਹਨ ਅਤੇ ਇਸ ਔਖੇ ਸਮੇਂ ਜਦੋਂ ਰਾਜ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਮਿਲ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੋਈ ਕੰਮ ਕਰਨਾ ਚਾਹੀਦਾ ਸੀ ਕਾਂਗਰਸੀ ਆਗੂ ਆਪਣੇ ਸੌੜੇ ਹਿੱਤਾਂ ਕਾਰਨ ਸੂਬੇ ਦੀ ਫਿਜ਼ਾ ਵਿਚ ਜ਼ਹਿਰ ਘੋਲ ਰਹੇ ਹਨ।
ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੁਦਰਤੀ ਵਹਾਅ ਅਨੁਸਾਰ ਸੇਮ ਨਾਲੇ ਬਣਾਉਣ ਲਈ ਲੋਕਾਂ ਤੋਂ ਮਦਦ ਮੰਗਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸੇਮ ਦੀ ਮਾਰ ਤੋਂ ਜਿਆਦਾ ਅਸਰਦਾਰ ਢੰਗ ਨਾਲ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੇਮ ਦੀ ਸਮੱਸਿਆ ਨਾਲ ਨਜਿੱਠਣ ਦਾ ਇਹ ਹੀ ਇਕੋ ਇਕ ਹੱਲ ਹੈ ਅਤੇ ਸੂਬੇ ਅਤੇ ਖ਼ਿੱਤੇ ਦੇ ਹਿੱਤਾਂ ਖ਼ਾਤਰ ਲੋਕਾਂ ਨੂੰ ਆਪਣੇ ਹਿੱਤਾਂ ਨੂੰ ਪਾਸੇ ਰੱਖ ਕੇ ਸੂਬਾ ਸਰਕਾਰ ਵੱਲੋਂ ਉਲੀਕੇ ਜਾ ਰਹੇ ਮਾਸਟਰ ਪਲਾਨ ਅਨੁਸਾਰ ਸੇਮ ਨਾਲਿਆਂ ਦੇ ਨਿਰਮਾਣ ਵਿਚ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਲੋਕ ਡ੍ਰੇਨਾਂ ਦੀ ਸੁਚੱਜੇ ਨਿਰਮਾਣ ਦੇ ਵਿਚ ਸਹਿਯੋਗ ਦੇਣ ਅਤੇ ਜੇਕਰ ਪ੍ਰਸਤਾਵਿਤ ਡ੍ਰੇਨ ਕੁਦਰਤੀ ਵਹਾਅ ਦੇ ਨਿਯਮ ਕਾਰਨ ਉਨ੍ਹਾਂ ਦੀ ਜ਼ਮੀਨ ਵਿਚੋਂ ਨਿਕਲਦੀ ਹੋਵੇ ਤਾਂ ਉਹ ਉਸ ਨੂੰ ਬਣਾਉਣ ਲਈ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਮਾਲਵੇ ਦੇ ਇਸ ‘ਦੁਖਾਂਤ’ ਜਿਸ ਨੇ ਇਸ ਖ਼ਿੱਤੇ ਦੀ ਆਰਥਿਕਤਾ ਨੂੰ ਨਸ਼ਟ ਕਰ ਦਿੱਤਾ ਹੈ ਦਾ ਟਾਕਰਾ ਸਹੀ ਢੰਗ ਨਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਅਫ਼ਸਰ ਸਾਰੀ ਸਥਿਤੀ ਦੀ ਘੋਖ ਕਰਕੇ ਇਕ ਮਾਸਟਰ ਪਲਾਨ ਤਿਆਰ ਕਰ ਰਹੇ ਹਨ ਤਾਂ ਜੋ ਸਹੀ ਢੰਗ ਨਾਲ ਡ੍ਰੇਨਾਂ ਕੱਢ ਕੇ ਸੇਮ ਦੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਵੇ ਦੇ ਮੁਕੰਮਲ ਹੁੰਦਿਆਂ ਹੀ ਮਾਸਟਰ ਪਲਾਨ ਅਨੁਸਾਰ ਡ੍ਰੇਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਸੂਬੇ ਦੇ ਲੋਕਾਂ ਨੂੰ ਸੇਮ ਤੋਂ ਛੁਟਕਾਰੇ ਲਈ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੇ ਮਾਹਿਰਾਂ ਤੋਂ ਇਸ ਸਬੰਧੀ ਮਦਦ ਮੰਗੀ ਹੈ ਤਾਂ ਜੋ ਸੇਮ ਪ੍ਰਭਾਵਿਤ ਇਲਾਕਿਆਂ ਵਿਚ ਡ੍ਰੇਨਾਂ ਦੀ ਉਸਾਰੀ ਮਜ਼ਬੂਤੀ ਅਤੇ ਨਵੀਨੀਕਰਨ ਵੱਲ ਖਾਸ ਤਵੱਜੋ ਦਿੱਤੀ ਜਾ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ ਯੋਜਨਾ ਕਮਿਸ਼ਨ ਦੀ ਇਕ ਟੀਮ ਵੀ ਛੇਤੀ ਹੀ ਸੇਮ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਇਸ ਦੇ ਹੱਲ ਲਈ ਕੋਈ ਠੋਸ ਉਪਰਾਲੇ ਕਰੇਗੀ। ”ਸਰਕਾਰ ਇਕੱਲਿਆਂ ਹੀ ਕੁਝ ਨਹੀਂ ਕਰ ਸਕਦੀ ਅਤੇ ਅਜਿਹੇ ਵੱਡੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਲੋਕਾਂ ਦੀ ਮਦਦ ਬਹੁਤ ਜਰੂਰੀ ਹੈ। ਇਸ ਲਈ ਆਓ ਆਪਾਂ ਸਾਰੇ ਇਕੱਠੇ ਹੋ ਕੇ ਸੂਬੇ ਨੂੰ ਸੇਮ ਮੁਕਤ ਬਣਾਉਣ ਲਈ ਹੰਭਲਾ ਮਾਰੀਆਂ”, ਸ: ਬਾਦਲ ਨੇ ਅੱਗੇ ਕਿਹਾ।
ਮੁੱਖ ਮੰਤਰੀ ਨੇ ਅੱਜ ਮਰਾੜਕਲਾਂ, ਬਰੀਵਾਲਾ, ਬਾਜਾ ਮਰਾੜ, ਬਾਹਮਣਵਾਲਾ, ਲੁਬਾਣਿਆਂ ਵਾਲੀ, ਲੰਡੇ ਰੋਡੇ ਅਤੇ ਕੋਟਲੀ ਦੇਵਨ ਵਿਖੇ ਆਯੋਜਿਤ ਸਮਾਗਮਾਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ੩੮ ਪੰਚਾਇਤਾਂ ਦੀਆਂ ਹੜ੍ਹਾਂ ਨਾਲ ਸਬੰਧਿਤ ਮੁਸ਼ਕਲਾਂ ਸੁਣਨ ਦੇ ਨਾਲ ਪਿੰਡਾਂ ਦੇ ਵਿਕਾਸ ਸਬੰਧੀ ਹੋਰ ਮਸਲਿਆਂ ਦੀ ਵੀ ਸੁਣਵਾਈ ਕੀਤੀ ਅਤੇ ਮੌਕੇ ਤੇ ਹੀ ਪ੍ਰਵਾਨ ਪ੍ਰੋਜੈਕਟ ਸ਼ੁਰੂ ਕਰਨ ਸਬੰਧੀ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ।
ਇਸ ਤੋਂ ਪਹਿਲਾਂ ਹਲਕਾ ਇੰਚਾਰਜ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਚ ਆਉਣ ਤੇ ਜੀ ਆਇਆਂ ਨੂੰ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਲੋਕ ਸਭਾ ਸ: ਸ਼ੇਰ ਸਿੰਘ ਘੁਬਾਇਆ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਬਰਕੰਦੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਹਰਦੀਪ ਸਿੰਘ ਡਿੰਪੀ ਢਿੱਲੋਂ, ਐਸ.ਜੀ.ਪੀ.ਸੀ. ਮੈਂਬਰ ਸ: ਸੁਖਦਰਸ਼ਨ ਸਿੰਘ ਮਰਾੜ, ਸਰਕਲ ਪ੍ਰਧਾਨ ਸ: ਮਨਜਿੰਦਰ ਸਿੰਘ ਬਿੱਟੂ, ਸ: ਹੀਰਾ ਸਿੰਘ ਚੜ੍ਹੇਵਾਨ, ਸ: ਜਗਮੋਹਨ ਸਿੰਘ ਫੱਤਣਵਾਲਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ.ਐਸ.ਪੀ. ਸ: ਸੁਰਜੀਤ ਸਿੰਘ ਆਦਿ ਵੀ ਹਾਜਰ ਸਨ।
Indian News ਬਾਜਵਾ ਕੇਂਦਰ ਸਰਕਾਰ ਪਾਸੋਂ ਹੜ੍ਹ ਪੀੜਤਾਂ ਦੇ ਮੁਆਵਜ਼ੇ ਵਿਚ ਵਾਧਾ ਕਰਵਾ ਕੇ...