ਉਘਾ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਕੈਂਸਰ ਜਾਗਰੂਕਤਾ ਮੁਹਿੰਮ ਦਾ ਬ੍ਰਾਂਡ ਅੰਬੈਸਡਰ
ਚੰਡੀਗੜ੍ਹ, 24 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੈਂਸਰ ਦਾ ਸਮੇਂ ਸਿਰ ਅਤੇ ਮੁਢਲੇ ਪੜਾਅ ਉੱਤੇ ਪਤਾ ਲਾਉਣ ਲਈ ਪ੍ਰਭਾਵੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਸ ਦਾ ਬ੍ਰਾਂਡ ਅੰਬੈਸਡਰ ਉੱਘੇ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੂੰ ਬਣਾਉਣ ਦਾ ਐਲਾਨ ਕੀਤਾ ਹੈ। ਰਾਜ ਵਿੱਚ ਕੈਂਸਰ ਦੇ ਖ਼ਾਤਮੇ ਲਈ ਦ੍ਰਿੜ੍ਹ ਗੈਰ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਉੱਘੇ ਕੈਂਸਰ ਹਸਪਤਾਲਾਂ ਦੇ ਉੱਘੇ ਕੈਂਸਰ ਮਾਹਿਰਾਂ ਦੀ ਸਰਗਰਮ ਭੂਮਿਕਾ ਦੇ ਨਾਲ ਸਾਰੇ ਜ਼ਿਲ੍ਹਾ ਪੱਧਰੀ ਹਸਪਤਾਲਾਂ ਵਿਖੇ ਕੈਂਸਰ ਦਾ ਮੁਢਲੇ ਪੜਾਅ ‘ਤੇ ਪਤਾ ਲਾਉਣ ਅਤੇ ਸਮੇਂ ਸਿਰ ਇਲਾਜ ਕਰਨ ਲਈ ਇਹ ਮੁਹਿੰਮ ਅਰੰਭੀ ਗਈ ਹੈ।
ਅੱਜ ਸਵੇਰੇ ਸਥਾਨਕ ਪੰਜਾਬ ਭਵਨ ਵਿਖੇ ਕੈਂਸਰ ਸਕਰੀਨਿੰਗ ਮੁਹਿੰਮ ਸ਼ੁਰੂ ਕਰਨ ਵੇਲੇ ਆਪਣੇ ਸੰਬੋਧਨ ਵਿੱਚ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੈਂਸਰ ਵਰਗੀ ਮਾਰੂ ਬਿਮਾਰੀ ਨਾਲ ਲੜਨ ਲਈ ਇਕ ਵਿਆਪਕ ਕਾਰਜ ਯੋਜਨਾ…. ਤਿਆਰ ਕੀਤੀ ਹੈ ਅਤੇ ਇਸ ਵਿਰੁੱਧ ਜੰਗੀ ਪੱਧਰ ‘ਤੇ ਪਹਿਲਕਦਮੀ ਸ਼ੁਰੂ ਕਰ ਦਿੱਤੀ ਹੈ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ਼ ਸਾਇੰਸਿਜ਼ ਫਰੀਦਕੋਟ, ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਮੈਡੀਕਲ ਕਾਲਜ ਪਟਿਆਲਾ ਵਿਖੇ ਤਿੰਨ ਅਤਿ ਆਧੁਨਿਕ ਕੈਂਸਰ ਇਲਾਜ ਹਸਪਤਾਲ ਸਥਾਪਤ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਕੈਂਸਰ ਦੇ ਇਲਾਜ ਅਤੇ ਇਸ ਦਾ ਪਤਾ ਲਾਉਣ ਲਈ ਅਤਿ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਰਾਜ ਸਰਕਾਰ ਨੇ ਭਾਬਾ ਅਟਾਮਿਕ ਰਿਸਰਚ ਸੈਂਟਰ ਮੁੰਬਈ (ਬੀ.ਏ.ਆਰ.ਸੀ) ਦੀ ਭਾਈਵਾਲੀ ਨਾਲ ਮੁੱਲਾਂਪੁਰ ਵਿਖੇ 400 ਬਿਸਤਰਿਆਂ ਦਾ ਨਵਾਂ ਕੈਂਸਰ ਹਸਪਤਾਲ ਸਥਾਪਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਠਿੰਡਾ ਵਿਖੇ ਵੀ ਕੈਂਸਰ ਦੇ ਇਲਾਜ ਲਈ 100 ਬਿਸਤਰਿਆਂ ਵਾਲਾ ਹਸਪਤਾਲ ਬਣਾਇਆ ਜਾ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਕੇਂਦਰ ਮੰਤਰੀ ਮੰਡਲ ਵਲੋਂ ਆਪਣੀ ਅਗਲੀ ਮੀਟਿੰਗ ਵਿੱਚ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਰਾਜ ਸਰਕਾਰ ਨੇ ਰਾਜ ਵਿੱਚ ਕੈਂਸਰ ਦੇ ਇਲਾਜ ਲਈ 200 ਕਰੋੜ ਰੁਪਏ ਦਾ ਇੱਕ ਸਮਰਪਿਤ ਫੰਡ ਸਥਾਪਤ ਕੀਤਾ ਹੈ। ਇਸ ਵੇਲੇ ਰਾਜ ਸਰਕਾਰ ਕੈਂਸਰ ਦੇ ਇਲਾਜ ਲਈ ਹਰੇਕ ਮਰੀਜ਼ ਨੂੰ 1.5 ਲੱਖ ਰੁਪਏ ਮੁਹੱਈਆ ਕਰਵਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਚਲਾਈ ਕੈਂਸਰ ਜਾਗਰੂਕਤਾ ਪ੍ਰੋਗਰਾਮ ਹੇਠ ਸਰਕਾਰ ਨੇ ਘਰ-ਘਰ ਜਾ ਕੇ ਸਰਵੇ ਕੀਤਾ ਸੀ ਜਿਸ ਵਿੱਚ ਰਾਜ ਭਰ ਦੇ ਤਕਰੀਬਨ 27 ਮਿਲੀਅਨ ਲੋਕਾਂ ਨੂੰ ਲਿਆਂਦਾ ਗਿਆ ਹੈ। ਹੁਣ ਸਰਕਾਰ ਨੇ ਸਾਰੇ 22 ਜ਼ਿਲ੍ਹਿਆਂ ਵਿੱਚ ਕੈਂਸਰ ਸਕਰੀਨਿੰਗ ਕੈਂਪ 28 ਅਤੇ 29 ਸਤੰਬਰ, 2013 ਨੂੰ ਲਾਇਆ ਜਾ ਰਿਹਾ ਹੈ। ਸਿਹਤ ਨਾਲ ਸਬੰਧਿਤ ਸਮੱਸਿਆਵਾਂ ਨੂੰ ਅਣਗੌਲਣ ਦੇ ਲੋਕਾਂ ਵਿੱਚ ਆਮ ਰੁਝਾਨ ਦਾ ਜ਼ਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਕੈਂਸਰ ਦੀ ਭਿਆਨਕ ਬਿਮਾਰੀ ਦੇ ਵੱਖ ਵੱਖ ਲੱਛਣਾਂ ਬਾਰੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰਨਾ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਕੈਂਸਰ ਦੇ ਮਰੀਜ਼ਾਂ ਨੂੰ ਮੁਢਲੇ ਪੜਾਅ ਅਤੇ ਸਮੇਂ ਸਿਰ ਸਿਹਤ ਸੰਭਾਲ ਸਹੂਲਤਾਂ ਮੁਹੱਈਆ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਨੌਜਵਾਨ ਕ੍ਰਿਕਟ ਖਿਡਾਰੀ ਸ੍ਰੀ ਯੁਵਰਾਜ ਸਿੰਘ ਜੋ ਇਸ ਬਿਮਾਰੀ ਨਾਲ ਬਹਾਦਰੀ ਨਾਲ ਲੜ ਕੇ ਬਾਹਰ ਨਿਕਲੇ ਹਨ, ਇਸ ਮੁਹਿੰਮ ਵਿੱਚ ਸਰਗਰਮ ਸ਼ਮੂਲੀਅਤ ਕਰਨਗੇ ਅਤੇ ਕੈਂਸਰ ਦੇ ਮਾਰੂ ਪ੍ਰਭਾਵਾਂ ਅਤੇ ਇਸ ਦੇ ਇਲਾਜ ਸਬੰਧੀ ਲੋਕਾਂ ਨੂੰ ਜਾਣੂ ਕਰਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ (ਸ. ਬਾਦਲ) ਨੇ ਖੁਦ ਆਪਣੇ ਪਰਿਵਾਰ ਵਿੱਚ ਵੀ ਕੈਂਸਰ ਦੀ ਨਾਮੁਰਾਦ ਬਿਮਾਰੀ ਨੂੰ ਝੱਲਿਆ ਹੈ। ਇਸ ਬਿਮਾਰੀ ਨਾਲ ਉਨ੍ਹਾਂ ਦੇ ਪਿਤਾ ਜੀ ਅਤੇ ਪਤਨੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨੇ ਮੈਕਸ ਹੈਲਥ ਕੇਅਰ ਅਤੇ ਗੈਰ ਸਰਕਾਰੀ ਸੰਸਥਾਵਾਂ ਰੋਕੋ ਕੈਂਸਰ ਅਤੇ ਰਾਣੀ ਬਰੈਸਟ ਕੈਂਸਰ (ਆਰ.ਬੀ.ਸੀ) ਵਰਗੀਆਂ ਨਿੱਜੀ ਸਿਹਤ ਸੰਸਥਾਵਾਂ ਨੂੰ ਵੀ ਰਾਜ ਵਿਚੋਂ ਕੈਂਸਰ ਦੀਆਂ ਜੜ੍ਹਾਂ ਪੁੱਟਣ ਲਈ ਸਰਕਾਰੀ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕੈਂਸਰ ਦੇ ਇਲਾਜ ਲਈ ਰਿਆਇਤੀ ਦਰਾਂ ਉੱਤੇ ਦਵਾਈਆਂ ਮੁਹੱਈਆ ਕਰਾਉਣ ਲਈ ਰੂਪ ਰੇਖਾ ਤਿਆਰ ਕਰਨ ਵਾਸਤੇ ਆਖਿਆ ਹੈ। ਇਸ ਮੌਕੇ ਸ਼੍ਰੀ ਯੁਵਰਾਜ ਸਿੰਘ ਨੇ ਲੋਕਾਂ ਨੂੰ ਸਿਹਤ ਜਾਂਚ ਲਈ ਜ਼ਿਲ੍ਹਾ ਹੈਡਕੁਆਟਰਾਂ ਉੱਤੇ ਆਯੋਜਿਤ ਕੀਤੇ ਜਾ ਰਹੇ ਕੈਂਪਾਂ ਵਿੱਚ ਆਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਉਹ ਆਪਣੀ ਜਾਂਚ ਕਰਾ ਸਕਣ ਅਤੇ ਜੇ ਕੈਂਸਰ ਦਾ ਪਤਾ ਮੁਢਲੀ ਸਟੇਜ ਵਿੱਚ ਲਗਦਾ ਹੈ ਤਾਂ ਇਸ ਦੇ ਇਲਾਜ ਦੇ ੧੦੦ ਫ਼ੀਸਦੀ ਠੀਕ ਹੋਣ ਦੇ ਮੌਕੇ ਹਨ। ਯੁਵਰਾਜ ਸਿੰਘ ਨੇ ਕਿਹਾ ਕਿ ਉਸ ਨੇ ਵੀ ਕੈਂਸਰ ਦੀ ਸਮੱਸਿਆ ਦਾ ਸਾਹਮਣਾ ਕੀਤਾ ਹੈ ਅਤੇ ਠੀਕ ਹੋਏ ਹਨ ਜਦੋਂ ਕਿ ਉਨ੍ਹਾਂ ਨੂੰ ਇਸ ਬਿਮਾਰੀ ਦਾ ਪਤਾ ਲੱਗਾ ਸੀ ਤਾਂ ਉਹ ਪੂਰੀ ਤਰ੍ਹਾਂ ਹਿੱਲ ਗਏ ਸਨ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀਮਤੀ ਵਿੰਨੀ ਮਹਾਜਨ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਗਗਨਦੀਪ ਸਿੰਘ ਬਰਾੜ, ਸਕੱਤਰ ਸਿਹਤ ਸ੍ਰੀ ਹੁਸਨ ਲਾਲ, ਡਾਇਰੈਕਟਰ ਸਿਹਤ ਸ੍ਰੀ ਅਸ਼ੋਕ ਨਈਅਰ, ਪ੍ਰਬੰਧਕੀ ਡਾਇਰੈਕਟਰ ਅਤੇ ਸੀ.ਈ.ਓ. ਮੈਕਸ ਹੈਲਥ ਕੇਅਰ ਡਾ. ਅਜੇ ਬਖਸ਼ੀ ਅਤੇ ਕੈਂਸਰ ਦੀ ਬਿਮਾਰੀ ਦੇ ਹੋਰ ਮਾਹਿਰ ਹਾਜ਼ਰ ਸਨ।
Indian News ਬਾਦਲ ਵਲੋਂ ਕੈਂਸਰ ਦਾ ਮੁੱਢਲੇ ਪੜਾਅ ‘ਤੇ ਪਤਾ ਲਾਉਣ ਲਈ ਜਾਗਰੂਕਤਾ ਮੁਹਿੰਮ...