ਸ਼ਹੀਦ ਭਗਤ ਸਿੰਘ ਨਗਰ ਵਾਸੀਆਂ ਵੱਲੋਂ ਵਿਧਾਇਕਾ ਦੇ ਸਨਮਾਨ ‘ਚ ਭਾਰੀ ਇਕੱਠ
ਕੈਲੇਫੋਰਨੀਆ (ਹੁਸਨ ਲੜੋਆ ਬੰਗਾ) – ਹਲਕਾ ਸ਼ਹੀਦ ਭਗਤ ਸਿੰਘ ਨਗਰ ਤੋਂ ਕਾਂਗਰਸੀ ਵਿਧਾਇਕਾ ਬੀਬੀ ਗੁਰਇਕਬਾਲ ਕੌਰ ਜੋ ਅੱਜ ਕੱਲ੍ਹ ਕੈਲੇਫੋਰਨੀਆ ਦੌਰੇ ‘ਤੇ ਹਨ ਨੇ ਬੰਬੇ ਗਾਰਡਨ ਵਿੱਚ ਨਵਾਂਸ਼ਹਿਰ ਨਾਲ ਜੁੜੇ ਲੋਕਾਂ ਦੇ ਭਰਵੇਂ ਇਕੱਠ ਵਿੱਚ ਸ਼ਰੀਕ ਕੀਤਾ। ਉਨ੍ਹਾਂ ਆਪਣੇ ਵਿਸਥਾਰਤ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਅੰਦਰ ਪਿਛਲੇ ਲਗਭਗ ਸੱਤ ਸਾਲਾਂ ਤੋਂ ਹਕੂਮਤ ਕਰ ਰਹੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਰਾਜਸੀ ਵਿਰੋਧੀਆਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੋਇਆ ਹੈ ਤੇ ਇਸੇ ਪੱਖਪਾਤੀ ਸੋਚ ਦਾ ਸਿੱਟਾ ਹੈ ਜਿਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸੀ ਜਾਂ ਹੋਰ ਪਾਰਟੀ ਦੇ ਵਿਧਾਇਕ ਚੁਣੇ ਗਏ ਹਨ ਉੱਥੇ ਵਿਕਾਸ ਉੱਕਾ ਹੀ…….. ਰੁਕ ਗਿਆ ਹੈ। ਸਰਕਾਰ ਤਾਨਾਸ਼ਾਹੀ ਵਰਗੀ ਨੀਤੀ ਅਪਣਾਉਂਦਿਆਂ ਉਨ੍ਹਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਲਗਭਗ ੩੭ ਸਾਲਾਂ ਤੋਂ ਨਵਾਂਸ਼ਹਿਰ ਹਲਕੇ ਦੀ ਸੇਵਾ ਕਰ ਰਿਹਾ ਹੈ। ਸ. ਦਿਲਬਾਗ ਸਿੰਘ ਨਵਾਂਸ਼ਹਿਰ ਨੇ ਨਵਾਂਸ਼ਹਿਰ ਦਾ ਵਿਕਾਸ ਤੇ ਤਰੱਕੀ ਇਸ ਹੱਦ ਤੱਕ ਕਰਵਾਈ ਸੀ ਕਿ ਇਸ ਦੀ ਦੇਸ ਵਿਦੇਸ਼ ਤੱਕ ਚਰਚਾ ਹੋਈ ਅਤੇ ਵਿਰੋਧੀ ਸਿਆਸਤਦਾਨ ਵੀ ਉਨ੍ਹਾਂ ਨੂੰ ਦਰਵੇਸ਼ ਆਗੂ ਦੱਸਦਿਆਂ ਨਵਾਂਸ਼ਹਿਰ ਦੀਆਂ ਉਦਾਹਰਨਾਂ ਦਿਆਂ ਕਰਦੇ ਸਨ। ਪਰ ਇਸ ਅਕਾਲੀ ਸਰਕਾਰ ਨੇ ਬਦਲਾ ਲਊ ਭਾਵਨਾ ਰੱਖਦਿਆਂ ਬਾਕੀ ਸੂਬੇ ਵਾਂਗ ਨਵਾਂਸ਼ਹਿਰ ਨੂੰ ਵੀ ਰੱਦੀ ਦੀ ਟੋਕਰੀ ਬਣਾ ਦਿੱਤਾ ਹੈ। ਵਾਰ ਵਾਰ ਕਹਿਣ ਤੇ ਵੀ ਮੁੱਖ ਮੰਤਰੀ ਸ. ਬਾਦਲ ਸੱਤ ਜ਼ਿਲ੍ਹਿਆਂ ਦੀ ਇੱਥੇ ਇਕੱਠੀ ਹੋਣ ਵਾਲੀ ਟਰੈਫ਼ਿਕ ਲਈ ਬਾਈਪਾਸ ਨਹੀਂ ਬਣਾ ਰਹੇ ਜਿਸ ਨਾਲ ਨਿੱਤ ਦਿਨ ਵੱਡੀਆਂ ਦੁਰਘਟਨਾਵਾਂ ਹੋ ਰਹੀਆਂ ਹਨ।
ਬੀਬੀ ਇਕਬਾਲ ਕੌਰ ਨੇ ਕਿਹਾ ਕਿ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਤੇ ਅਸੀਂ ਨਵਾਂਸ਼ਹਿਰ ਦਾ ਵਿਕਾਸ ਕਰਕੇ ਸ. ਦਿਲਬਾਗ ਸਿੰਘ ਦੇ ਸੁਪਨੇ ਪੂਰੇ ਕਰਾਂਗੇ। ਉਨ੍ਹਾਂ ਕਿਸੇ ਵੀ ਸਮੱਸਿਆ ਲਈ ਐਨ. ਆਰ. ਆਈ. ਭਰਾਵਾਂ ਨੂੰ ਸਿੱਧਾ ਸੰਪਰਕ ਕਰਨ ਲਈ ਕਿਹਾ। ਕਾਲਮ ਨਵੀਸ ਤਰਲੋਚਨ ਸਿੰਘ ਦੁਪਾਲਪੁਰ ਨੇ ਕਿਹਾ ਕਿ ਉਨ੍ਹਾਂ ਦਾ ਵੀ ਆਪਣੇ ਜ਼ਿਲ੍ਹੇ ਨਾਲ ਹਿਤ ਹੈ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਦਿਲਬਾਗ ਸਿੰਘ ਵਾਂਗ ਵਿਅਕਤੀ ਵਿਸ਼ੇਸ਼ ਨਾਲ ਜੁੜਨ ਦੀ ਲੋੜ ਹੈ। ਸੁੱਚਾ ਰਾਮ ਭਾਰਟਾ ਨੇ ਜ਼ਿਲ੍ਹੇ ਤੇ ਖ਼ਾਸ ਤੌਰ ‘ਤੇ ਨਵਾਂਸ਼ਹਿਰ ਅੰਦਰ ਮਿਆਰੀ ਵਿੱਦਿਅਕ ਢਾਂਚਾ ਉਸਾਰਨ ਦੀ ਵਕਾਲਤ ਕੀਤੀ। ਸਨੀਵੇਲ ਹਿੰਦੂ ਟੈਂਪਲ ਦੇ ਰਾਜ ਭਨੋਟ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵਿਤ ਫੇਰੀ ਦੌਰਾਨ ਸਮਾਂ ਮੰਗਿਆ ਹੈ ਤੇ ਉਹ ਨਵਾਂਸ਼ਹਿਰ ਅੰਦਰ ਸਰਕਾਰੀ ਇੰਜੀਨੀਅਰਿੰਗ ਕਾਲਜ ਦੀ ਮੰਗ ਕਰਨਗੇ। ਇਸ ਮੌਕੇ ‘ਤੇ ਗੁਰਇਕਬਾਲ ਕੌਰ ਦੇ ਬੇਟੇ ਤੇ ਜ਼ਿਲ੍ਹਾ ਨਵਾਂਸ਼ਹਿਰ ਯੂਥ ਕਾਂਗਰਸ ਮੁਖੀ ਅੰਗਦ ਸਿੰਘ ਨੇ ਵੀ ਅਕਾਲੀ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਸਭ ਕੁੱਝ ਹੜੱਪਣ ਦੀ ਸਹੁੰ ਖਾਧੀ ਹੈ। ਕਹਾਣੀਕਾਰ ਅਮਰਜੀਤ ਦਰਦੀ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਬਾਖ਼ੂਬੀ ਨਿਭਾਉਂਦਿਆਂ ਟਿੱਪਣੀ ਕੀਤੀ ਕਿ ਜਿੱਥੇ ਸੜਕਾਂ ਹੀ ਟੁੱਟਦੀਆਂ ਹੋਣ ਵਿਕਾਸ ਕਿਵੇਂ ਹੋ ਸਕਦਾ ਹੈ। ਮੌਜੂਦਾ ਸਰਕਾਰ ਨੇ ਪੰਜਾਬ ਨੂੰ ਆਰਥਿਕ ਤੌਰ ‘ਤੇ ਤਬਾਹ ਕਰ ਦਿੱਤਾ ਹੈ। ਯਾਦ ਰਹੇ ਕਿ ਬੀਬੀ ਗੁਰਇਕਬਾਲ ਕੌਰ ਸਿਆਸਤਦਾਨ ਦਿਲਬਾਗ ਸਿੰਘ ਦੇ ਪਰਿਵਾਰ ਦੇ ਹਨ ਤੇ ਉਨ੍ਹਾਂ ਦੇ ਪਤੀ ਪ੍ਰਕਾਸ਼ ਸਿੰਘ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਪਾਰਲੀਮਾਨੀ ਸਕੱਤਰ ਰਹਿ ਚੁੱਕੇ ਹਨ।
ਇਸ ਰਾਜਨੀਤਕ ਵਿਸ਼ਲੇਸ਼ਣ ਵਾਲੇ ਇਕੱਠ ਵਿੱਚ ਵਿਜੇ ਦੀ ਕਾਮੇਡੀ ਨੇ ਪੂਰਾ ਰੰਗ ਭਰਿਆ। ਹਰਸੁਖਬੀਰ ਸਿੰਘ ਬਣਵੈਤ ਦੇ ਯਤਨਾਂ ਨਾਲ ਆਯੋਜਿਤ ਇਕੱਠ ਵਿੱਚ ਜਸਪਾਲ ਸਿੰਘ ਬੀਰੋਵਾਲ, ਲਾਂਬਾ ਜੀ, ਗਲੋਬਲ ਪੰਜਾਬ ਟੀ ਵੀ ਤੋਂ ਮਨਦੀਪ ਕੌਰ ਸਿੱਧੂ, ਲਸ਼ਕਰੀ ਰਾਮ, ਗੋਲਡੀ ਜਾਡਲਾ, ਕੁਲਵੀਰ ਸਿੰਘ ਜਾਡਲਾ ਤੇ ਕਮਲਜੀਤ ਸਿੰਘ, ਬਲਦੇਵ ਸਿੰਘ, ਮਹਿੰਦਰ ਪਾਲ ਸਿੰਘ, ਰਣਜੀਤ ਸਿੰਘ ਕੰਗ, ਜੋਗਿੰਦਰ ਸਿੰਘ, ਸ਼ੰਕਰ ਸਿੰਘ, ਸ਼ਮਸ਼ੇਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਕੌਰ, ਕਸ਼ਮੀਰ ਕੌਰ, ਚਰਨਜੀਤ ਕੌਰ, ਮਨਵੀਰ ਭੌਰਾ, ਬੇਅੰਤ ਕੌਰ, ਜਸਵੀਰ ਕੌਰ, ਅੰਮ੍ਰਿਤ, ਰਮਨ, ਹਰਨੇਕ, ਤਰਨਜੀਤ ਸਿੰਘ ਸੱਗੀ, ਜਰਨੈਲ ਸਿੰਘ ਮੌਜੀ, ਪ੍ਰੀਤਮ ਸਿੰਘ ਫਰੀਮਾਂਟ, ਜਸਵਿੰਦਰ ਸਿੰਘ ਯੂਨੀਅਨ ਸਿਟੀ, ਰਜੇਸ਼ ਸ਼ਰਮਾ, ਨਰਿੰਦਰ ਕੌਰ, ਬੋਧ ਰਾਜ, ਸਤਨਾਮ ਸੱਤੀ, ਮਹਿੰਦਰ ਸੇਠੀ, ਪਰਮਿੰਦਰ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।
ਸਮਾਗਮ ਦੇ ਅੰਤ ਵਿੱਚ ਨਵਾਂਸ਼ਹਿਰ ਵਾਸੀਆਂ ਵੱਲੋਂ ਬੀਬੀ ਗੁਰਇਕਬਾਲ ਕੌਰ ਨੂੰ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
International News ਬਾਦਲ ਸਰਕਾਰ ਵਿਰੋਧੀ ਪਾਰਟੀ ਵਾਲੇ ਵਿਧਾਇਕਾਂ ਨਾਲ ਵਿਤਕਰਾ ਬੰਦ ਕਰੇ – ਗੁਰਇਕਬਾਲ...