ਬਾਬਾ ਬੁੱਢਾ ਜੀ ਦੀ 9ਵੀਂ ਪੀੜ੍ਹੀ ਸੰਤ ਅਮਰੀਕ ਸਿੰਘ ਰੰਧਾਵਾ ਦਾ 100 ਸਾਲਾ ਜਨਮ ਦਿਹਾੜਾ ਮਨਾਇਆ ਗਿਆ

ਅਜਾਇਬ ਘਰ ਦਾ ਉਦਘਾਟਨ ਅਤੇ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 2 ਅਗਸਤ – ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੜ੍ਹਾਈ ਕਰਨ ਤੋਂ ਬਾਅਦ ਬਾਬਾ ਖੜਕ ਸਿੰਘ ਨਾਲ ਗੁਰੂ ਕੀ ਵਡਾਲੀ ‘ਚ ਛੇਵੇਂ ਪਾਤਸ਼ਾਹ ਜੀ ਦੇ ਨਵੇਂ ਬਣ ਰਹੇ ਜਨਮ ਅਸਥਾਨ ਵਿਖੇ 7 ਸਾਲ ਸੇਵਾ ਕਮਾਉਣ ਉਪਰੰਤ ਗੁ: ਛੇਹਰਟਾ ਸਾਹਿਬ ਵਿਖੇ 20 ਸਾਲ ਬਾਤੌਰ ਮੈਨੇਜਰ ਦੀਆਂ ਯਾਦਗਾਰੀ ਸੇਵਾਵਾਂ ਨਿਭਾਉਣ ਵਾਲੇ ਸੰਤ ਅਮਰੀਕ ਸਿੰਘ ਰੰਧਾਵਾ (ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੀ 9ਵੀਂ ਪੀੜ੍ਹੀ) ਦਾ “100 ਸਾਲਾ ਜਨਮ ਦਿਹਾੜਾ” ਉਨ੍ਹਾਂ ਦੀ ਸੰਤਾਨ ਸੂਰਤਾ ਸਿੰਘ, ਬਾਬਾ ਰਘਬੀਰ ਸਿੰਘ, ਭਾਈ ਇੰਦਰਜੀਤ ਸਿੰਘ, ਅਜੀਤ ਸਿੰਘ, ਰਾਸ਼ਟਰਪਤੀ ਅਵਾਰਡੀ ਹਜੂਰਾ ਸਿੰਘ, ਬੇਟੀ ਸੁਰਜੀਤ ਕੌਰ ਬਾਜਵਾ ਤੇ ਜਵਾਈ ਐਡਵੋਕੇਟ ਬਰਾਜਿੰਦਰਾ ਸਿੰਘ ਬਾਜਵਾ ਸ਼ਿਕਾਰ ਮਾਸੀਆਂ ਅਤੇ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ‘ਯਾਦਗਾਰੀ ਅਸਥਾਨ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ’ ਸੰਨ੍ਹ ਸਾਹਿਬ ਰੋਡ, ਨੇੜੇ ਗੁ: ਛੇਹਰਟਾ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਵੱਡੇ ਹਾਲ ‘ਚ ਦੀਵਾਨ ਸਜਾਏ ਗਏ । ਭਾਈ ਗੁਰਲਾਲ ਸਿੰਘ ਧਾਰੀਵਾਲ ਕਲੇਰ ਅਜਨਾਲਾ ਦੇ ਜਥੇ ਨੇ ਕੀਰਤਨ ਅਤੇ ਹਰਿਗੋਬਿੰਦਪੁਰਾ (ਥੇਹ) ਵਾਲੀਆਂ ਬੀਬੀਆਂ ਦੇ ਜਥੇ ਵਲੋਂ ਢੋਲਕੀ ਛੈਣਿਆਂ ਨਾਲ ਸ਼ਬਦ ਕੀਰਤਨ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਸੰਤਾਨ ਬਾਬਾ ਸੁਖਦੇਵ ਸਿੰਘ ਬੇਦੀ (ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ) ਵਲੋਂ ਡਿਜੀਟਲ ਅਜਾਇਬਘਰ ਦਾ ਉਦਘਾਟਨ ਕੀਤਾ ਗਿਆ।
ਵੱਖ ਵੱਖ ਸੰਪਰਦਾਵਾਂ ਦੇ ਮੁੱਖੀਆਂ ਨੂੰ ਪ੍ਰੋ: ਬਾਬਾ ਰੰਧਾਵਾ ਵਲੋਂ ਲੋਈਆਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਸਨਮਾਨਿਤ ਹੋਣ ਵਾਲਿਆਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਬੰਸ਼ ਬਾਬਾ ਸੁਖਦੇਵ ਸਿੰਘ ਚੋਲਾ ਸਾਹਿਬ ਵਾਲੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ -ਕਮ-ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਿਆਨੀ ਰਘਬੀਰ ਸਿੰਘ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿ: ਅਮਰਜੀਤ ਸਿੰਘ, ਬਾਬਾ ਬਾਜ ਸਿੰਘ ਗੱਗੋਬੂਹਾ (ਵੰਸ਼ਜ ਬਾਬਾ ਬੀਰ ਸਿੰਘ ਨੌਰੰਗਾਬਾਦ), ਬਾਬਾ ਹਰਦੀਪ ਸਿੰਘ ਵੰਸ਼ਜ ਬਾਬਾ ਮਹਾਰਾਜ ਸਿੰਘ, ਬਾਬਾ ਮੌਜੀਦਾਸ (ਕੰਮੋਕੀ ਮਾੜੀ ਭਿਖੀਵਿੰਡ), ਬਾਬਾ ਮਹਿੰਦਰ ਸਿੰਘ ਤਲਵੰਡੀ ਝੂੰਗਲਾ (ਨੀਲਧਾਰੀ ਸੰਪਰਦਾ ਪਿਪਲੀ), ਬਾਬਾ ਜੀਤ ਸਿੰਘ ਬੇਦੀ ਗੁਰੂ ਕੀ ਵਡਾਲੀ, ਭਾਈ ਜਸਵਿੰਦਰ ਸਿੰਘ ਮੱਲ੍ਹੀ (ਪ੍ਰਧਾਨ ਗੁ: ਸ੍ਰੀ ਮੀਰੀ ਪੀਰੀ ਸਾਹਿਬ ਤਰਨਤਾਰਨ), ਨਾਮਧਾਰੀ ਸੰਪਰਦਾ ਵਲੋਂ ਜੀਤ ਸਿੰਘ ਛੇਹਰਟਾ, ਸਿੰਗਾਪੁਰ ਤੋਂ ਸਰਦਾਰ ਜਰਨੈਲ ਸਿੰਘ ਜਾਮਾਰਾਏ ਤੇ ਸਰਦਾਰ ਪਰਮਾਤਮਾ ਸਿੰਘ, ਪਰਮ ਸੰਤ ਆਰਤੀ ਦੇਵਾ ਛੇਹਰਟਾ, ਭਾਈ ਦੀਦਾਰ ਸਿੰਘ ਮਿੱਡਾ ਸ਼ਾਮਲ ਸਨ । ਜਿਨ੍ਹਾਂ ਹੋਰ ਸੰਪਰਦਾਵਾਂ ਦੇ ਨੁਮਾਇੰਦਿਆਂ ਨੇ ਹਾਜ਼ਰੀਆਂ ਭਰੀਆਂ ਓਨ੍ਹਾਂ ‘ਚ ਬਾਬਾ ਬਿਧੀ ਚੰਦ ਜੀ ਦੀ ਵੰਸ਼, ਬਾਬਾ ਨਿਰਮਲ ਸਿੰਘ ਭੂਰੀ ਵਾਲੇ ਤਰਨਤਾਰਨ, ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ ਘਨੂੰਪੁਰ ਕਾਲੇ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਕੁਲਵੰਤ ਸਿੰਘ ਖੁਰਮਣੀਆ, ਸੰਤ ਪ੍ਰਤਾਪ ਸਿੰਘ ਕੋਕਰੀ ਕਲਾਂ ਟਕਸਾਲ ਦੇ ਭਤੀਜੇ ਬਲਵਿੰਦਰ ਸਿੰਘ ਹੇਤਮਪੁਰਾ, ਪਸੌਰੀ ਬਾਬਾ ਗੁਰਿੰਦਰ ਸਿੰਘ ਸਾਹਨੀ, ਸਰਦਾਰ ਦਲਜੀਤ ਸਿੰਘ ਲਾਲਪੁਰਾ (ਬੇਟਾ ਜਥੇ: ਪ੍ਰੇਮ ਸਿੰਘ ਲਾਲਪੁਰਾ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਸਾਬਕਾ ਐਮਐਲਏ ਤਰਨਤਾਰਨ ਵਲੋਂ ਰਛਪਾਲ ਸਿੰਘ ਲਾਲਪੁਰਾ), ਸ੍ਰੋ: ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ ਵਲੋਂ ਦਿਲਰਾਜ ਸਿੰਘ ਗਿੱਲ ਸ਼ਾਮਲ ਸਨ । ਸਮਾਗਮ ਦੌਰਾਨ ਖੀਰ ਤੇ ਮਾਹਲ ਪੂੜਿਆਂ ਦਾ ਅਟੁੱਟ ਲੰਗਰ ਵਰਤਿਆ।
ਇਥੇ ਇਹ ਵਰਨਣਯੋਗ ਹੈ ਕਿ ਸੰਤ ਅਮਰੀਕ ਸਿੰਘ ਰੰਧਾਵਾ ਦਾ ਜਨਮ ਛੇਵੇਂ ਪਾਤਸ਼ਾਹ ਜੀ ਦੇ ਜਨਮ ਅਸਥਾਨ ਗੁਰੂ ਕੀ ਵਡਾਲੀ ਵਾਲੇ ਨਗਰ ਵਿਖੇ ਗੁਰੂ ਕੇ ਹਾਲੀਆਂ ਦੀ ਰੰਧਾਵਾ ਪੱਤੀ ‘ਚ 1 ਅਗਸਤ 1923 ਈ: ਨੂੰ ਸਰਦਾਰ ਸੋਹਣ ਸਿੰਘ ਰੰਧਾਵਾ ਦੇ ਗ੍ਰਹਿ ਤੇ ਮਾਤਾ ਗ਼ੁਲਾਬ ਕੌਰ ਰੰਧਾਵਾ ਦੀ ਕੁੱਖੋਂ ਹੋਇਆ ਸੀ । ਆਪ ਜੀ ਦੀ ਸ਼ਾਦੀ ਅਜਨਾਲਾ ਨੇੜੇ ਪ੍ਰਸਿੱਧ ਪਿੰਡ ਧਾਰੀਵਾਲ ਕਲੇਰ ਵਿਖੇ ਸਰਦਾਰ ਸੁੰਦਰ ਸਿੰਘ ਤੇ ਮਾਤਾ ਰਾਮ ਕੌਰ ਦੀ ਸਪੁੱਤਰੀ ਬੀਬੀ ਹਰਬੰਸ ਕੌਰ ਨਾਲ ਹੋਈ ਸੀ।
ਫੋਟੋਆ: ਸੰਤ ਅਮਰੀਕ ਸਿੰਘ ਰੰਧਾਵਾ—–ਬਾਬਾ ਸੁਖਦੇਵ ਸਿੰਘ ਬੇਦੀ ਨੂੰ ਸਨਮਾਨਿਤ ਕਰਦੇ ਹੋਏ ਪ੍ਰੋ: ਬਾਬਾ ਰੰਧਾਵਾ ਤੇ ਹੋਰ