ਛੇਹਰਟਾ, 28 ਜੂਨ (ਰਾਜ-ਤਾਜ ਰੰਧਾਵਾ) – ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ‘ਬਾਬਾ ਸਹਾਰੀ ਗੁਰੂ ਕਾ ਹਾਲੀ’ ਰੰਧਾਵਾ ਦੀ 10ਵੀਂ ਪੀੜ੍ਹੀ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ‘ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ’ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਆਪਣੇ ਪਰਿਵਾਰ ਦੇ ਜੀਆਂ ਸਮੇਤ ਆਪਣੇ ਨਿਵਾਸ ਅਸਥਾਨ ‘ਬਾਬਾ ਸਹਾਰੀ ਗੁਰੂ ਕਾ ਹਾਲੀ ਯਾਦਗਾਰੀ ਅਸਥਾਨ’ (ਸੰਨ੍ਹ ਸਾਹਿਬ ਰੋਡ ਨੇੜੇ ਗੁ: ਛੇਹਰਟਾ ਸਾਹਿਬ) ਵਿਖੇ ਪੁੱਜੇ ਇਤਿਹਾਸਕ ਸਿੱਖ ਪਰਿਵਾਰਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਪ੍ਰੋ: ਬਾਬਾ ਰੰਧਾਵਾ ਦੇ ਪਰਿਵਾਰ ਵਲੋਂ ਪੁੱਜੇ ਪਰਿਵਾਰਾਂ ਦੀ ਜਲ ਪਾਣੀ ਦੀ ਸੇਵਾ ਕੀਤੀ ਗਈ । ਇਤਿਹਾਸਕ ਸਿੱਖ ਪਰਿਵਾਰਾਂ ਨੇ ਪ੍ਰੋ: ਬਾਬਾ ਰੰਧਾਵਾ ਜੀ ਕੋਲ ਬੈਠਕੇ ਜਿਥੇ ਆਪਣੇ ਆਪਣੇ ਪਰਿਵਾਰਾਂ ਦੇ ਇਤਿਹਾਸਕ ਪਿਛੋਕੜ ਬਾਰੇ ਵਿਚਾਰਾਂ ਕੀਤੀਆਂ ਓਥੇ ਪ੍ਰੋ: ਬਾਬਾ ਰੰਧਾਵਾ ਨੇ ਵੀ ਆਪਣੇ ਪਰਿਵਾਰ ਬਾਰੇ ਦੱਸਿਆ ਕਿ 1595 ਈ: ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰੂ ਕੀ ਵਡਾਲੀ ਪ੍ਰਕਾਸ਼ ਲੈਣ ਦੀ ਖੁਸ਼ੀ ‘ਚ ਪੰਚਮ ਪਾਤਸ਼ਾਹ ਜੀ ਨੇ ਗੁਰੂ ਕੀ ਵਡਾਲੀ ਦੀ ਜੂਹ ਵਿੱਚ ਲਗਾਏ ਪੰਜ ਖੂਹਾਂ (ਦੋ ਹਰਟਾ, ਤਿੰਨ ਹਰਟਾ, ਚਾਰ ਹਰਟਾ, ਪੰਜ ਹਰਟਾ ਅਤੇ ਛੇ ਹਰਟਾ) ਦਾ ਮੁੱਖ ਸੇਵਾਦਾਰ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਬਾਬਾ ਸਹਾਰੀ ਨੂੰ ਲਾਇਆ ਅਤੇ ਪੰਜੇ ਖੂਹ ਚਾਲੂ ਕਰਨ ਤੋਂ ਬਾਅਦ ‘ਬਾਬਾ ਸਹਾਰੀ ਗੁਰੂ ਕਾ ਹਾਲੀ’ ਰੰਧਾਵਾ ਦਾ ਵਰ ਦੇਕੇ ਅਤੇ ਪੰਜਾਂ ਖੂਹਾਂ ਦੀ ਜ਼ਮੀਨ ਦਾ ਮਾਲਕ ਬਣਾਕੇ ਆਪ ਸ੍ਰੀ ਅੰਮ੍ਰਿਤਸਰ ਗੁਰੂ ਕੇ ਮਹਿਲ ਵਿਖੇ ਚਲੇ ਗਏ ਸਨ । ਪ੍ਰੋ: ਬਾਬਾ ਰੰਧਾਵਾ ਵਲੋਂ ਇਤਿਹਾਸਕ ਸਿੱਖ ਪਰਿਵਾਰਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ । ਸਨਮਾਨਿਤ ਹੋਣ ਵਾਲੇ ਤਿੰਨ ਇਤਿਹਾਸਕ ਸਿੱਖ ਪਰਿਵਾਰਾਂ ਵਿਚੋਂ ਪਹਿਲਾ ਪਰਿਵਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ ਸੇਵਕ ਭਾਈ ਰੂਪ ਚੰਦ ਜੀ ਦੇ ਪਰਿਵਾਰ ਵਿਚੋਂ ਮਲੇਰ ਕੋਟਲਾ-ਨਾਭਾ ਰੋਡ ‘ਤੇ ਵੱਸੇ ਨਗਰ ਬਾਗੜੀਆ ਤੋਂ ਭਾਈ ਦਿਲਾਵਰ ਸਿੰਘ ਬਾਗੜੀਆ (ਜਿਨ੍ਹਾਂ ਦੇ ਵਡੇਰਿਆਂ ਭਾਈ ਰੂਪ ਚੰਦ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੇੜੇ ਵਸਾਏ ਗੁਰੂ ਕੇ ਲਾਹੌਰ ਵਿਖੇ ਦਸ਼ਮ ਪਾਤਸ਼ਾਹ ਜੀ ਦੇ ਲਾਵਾਂ ਫੇਰੇ ਕਰਨ ਦੀ ਰਸਮ ਨਿਭਾਈ ਸੀ) ਜੀ ਹਨ ।
ਦੂਸਰਾ ਇਤਿਹਾਸਕ ਸਿੱਖ ਪਰਿਵਾਰ ਮਹਾਰਾਜਾ ਰਣਜੀਤ ਸਿੰਘ ਦੀ ਦੂਸਰੀ ਪਤਨੀ ਰਾਜ ਕੌਰ ਦੇ ਪਰਿਵਾਰ ਵਿਚੋਂ ਇਸਟੇਟ ਫੋਰਟ ਜਗਤਪੁਰ ਸਿਖਾਂ ਦੇ (ਨੇੜੇ ਕੱਥੂਨੰਗਲ ਅੰਮ੍ਰਿਤਸਰ) ਦੇ ਨਿਵਾਸੀ ਅਤੇ ਮਹਾਰਾਜਾ ਸਾਹਿਬ ਜੀ ਦੀ ਸਤਵੀਂ ਪੀੜ੍ਹੀ ‘ਚੋਂ ਕੰਵਰ ਡਾ: ਜਸਵਿੰਦਰ ਸਿੰਘ ਸ਼ੁਕਰਚੱਕੀਆ ਤੋਂ ਇਲਾਵਾ ਉਨ੍ਹਾਂ ਦੇ ਦੋ ਬੇਟੇ ਪ੍ਰਿੰਸ ਪ੍ਰਤਾਪ ਸਿੰਘ ਸ਼ੁਕਰਚੱਕੀਆ, ਕੰਵਰ ਰਣਜੀਤ ਸਿੰਘ ਸ਼ੁਕਰਚੱਕੀਆ, ਨੂੰਹ ਕੰਵਰਾਣੀ ਅਮਨਦੀਪ ਕੌਰ, ਦੋਹਤੀ ਪ੍ਰਿੰਸੈਸ ਸੁਖਸੀਰਤ ਕੌਰ ਅਤੇ ਪੋਤਰਾ ਪ੍ਰਿੰਸ ਗੁਰਨੂਰ ਸਿੰਘ ਸ਼ਾਮਲ ਹਨ । ਇਥੇ ਇਹ ਵਰਨਣਯੋਗ ਹੈ ਕਿ 27 ਜੂਨ 2023 ਈ: ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ 184ਵੀਂ ਬਰਸੀ ਦੇ ਦਿਹਾੜੇ ‘ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੰਸ਼ਜ ਬ੍ਰਹਮ ਗਿਆਨੀ ਬਾਬਾ ਬੁੱਢਾ ਵੰਸ਼ਜ ਨੂੰ ਮਿਲਣ ਆਏ ਹਨ ।
ਤੀਸਰੇ ਇਤਿਹਾਸਕ ਸਿੱਖ ਪਰਿਵਾਰ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੱਕੇ ਨਾਲ ਸੰਬੰਧਿਤ ਅਨਿੱਨ ਮੁਸਲਮਾਨ ਸੇਵਕ ਦੀ ਵੰਸ਼ ‘ਚੋਂ ਜਿੰਨ੍ਹਾਂ ਨੇ ਸਿੱਖੀ ਧਾਰਨ ਕਰ ਲਈ ਸੀ ਦੇ ਵੰਸ਼ਜ ਸਈਅਦ ਪ੍ਰਿਥੀਪਾਲ ਸਿੰਘ ਕਸ਼ਮੀਰ ਨਿਵਾਸੀ ਦੇ ਪੋਤਰੇ ਅੰਮ੍ਰਿਤਧਾਰੀ ਨੌਜਵਾਨ ਸਿੱਖ ਇਤਿਹਾਸਕਾਰ ਸਿਮਰ ਸਿੰਘ ਪਟਿਆਲਾ ਹਨ ।
ਪ੍ਰੋ: ਬਾਬਾ ਰੰਧਾਵਾ ਨੇ ਇਲਾਕੇ ਦੀਆਂ ਕੁਝ ਹੋਰ ਸ਼ਖ਼ਸੀਅਤਾਂ ਨੂੰ ਵੀ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਜਿਨ੍ਹਾਂ ਵਿਚ ਗੀਤਕਾਰ ਸੁਰਜੀਤ ਸਿੰਘ ਮਾਨ, ਬਾਬਾ ਸਤਨਾਮ ਸਿੰਘ, ਭਾਈ ਬਲਕਾਰ ਸਿੰਘ ਅਤੇ ਭਾਈ ਸਰਬਜੀਤ ਸਿੰਘ ਮਝੈਲ ਸ਼ਾਮਲ ਹਨ । ਇਤਿਹਾਸਕ ਸਿੱਖ ਪਰਿਵਾਰਾਂ ਦੇ ਦਰਸ਼ਨ ਕਰਨ ਵਾਲਿਆਂ ‘ਚ ਫੂਡ ਸਪਲਾਈ ਮਹਿਕਮੇ ਦੇ ਰਿਟਾ: ਇੰਸਪੈਕਟਰ ਰਘੁਬੀਰ ਸਿੰਘ ਸਾਥੀ, ਨਾਮਧਾਰੀ ਜੀਤ ਸਿੰਘ, ਭਾਈ ਜੀਤ ਸਿੰਘ ਫਰੂਟ ਵਾਲੇ ਆਦਿ ਸ਼ਾਮਲ ਸਨ । ਸਨਮਾਨ ਸਮਾਰੋਹ ਸਮੇਂ ਗੀਤਕਾਰ ਸੁਰਜੀਤ ਸਿੰਘ ਮਾਨ ਨੇ ਬਿਨ੍ਹਾਂ ਸਾਜ਼ਾਂ ਤੋਂ ਆਪਣੀ ਸੁਰੀਲੀ ਆਵਾਜ਼ ਨਾਲ ਆਏ ਮਹਿਮਾਨਾਂ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਿਫਤ ਵਿਚ ‘ਤੇਰੇ ਚਰਨਾਂ ਤੋਂ ਜਾਵਾਂ ਬਲਿਹਾਰੇ ਗੁਰੂ ਕੀ ਵਡਾਲੀ ‘ਚ ਆਉਣ ਵਾਲਿਆ’ ਧਾਰਮਿਕ ਗੀਤ ਗਾਕੇ ਨਿਹਾਲ ਕੀਤਾ ।
Home Page ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੇ ਇਤਿਹਾਸਕ ਸਿੱਖ ਪਰਿਵਾਰਾਂ...