
ਅੰਮ੍ਰਿਤਸਰ, 22 ਅਪ੍ਰੈਲ – ਗੁ: ਗੁਰੂ ਕੇ ਮਹਿਲ ਅੰਮ੍ਰਿਤਸਰ (ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ) ਵਿਖੇ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ, ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਨੌਵੇਂ ਪਾਤਸ਼ਾਹ ਜੀ ਦੇ 404ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਜਥੇ ਸਮੇਤ 48ਵੀਂ ਮਹੀਨਾਵਾਰੀ ਸ਼ਬਦ ਚੌਕੀਂ ਸਾਹਿਬ ਸਜਾਈ ਗਈ।
ਸਾਲ 2021 ਈ: ‘ਚ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ‘ਤੇ ਬਾਬਾ ਵਾਹਿਗੁਰੂ ਸਿੰਘ (ਇੰਚਾਰਜ ਕਾਰ ਸੇਵਾ ਗੁ: ਗੁਰੂ ਕੇ ਮਹਿਲ) ਜੀ ਦੀ ਬੇਨਤੀ ‘ਤੇ ਪ੍ਰੋ: ਬਾਬਾ ਰੰਧਾਵਾ ਵਲੋਂ ਚੌਕੀ ਸਾਹਿਬ ਆਰੰਭ ਕੀਤੀ ਗਈ ਸੀ ਜੋ ਚਾਰ ਸਾਲਾਂ ਤੋਂ ਲਗਾਤਾਰ ਹਰ ਮਹੀਨੇ ਸਜਾਈ ਜਾ ਰਹੀ ਹੈ।
ਗੁ: ਸ੍ਰੀ ਛੇਹਰਟਾ ਸਾਹਿਬ ਦੇ ਪਿਛਲੇ ਪਾਸੇ ਸੰਨ੍ਹ ਸਾਹਿਬ ਰੋਡ ‘ਤੇ ਸਥਿੱਤ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਦੇ ਯਾਦਗਾਰੀ ਅਸਥਾਨ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ (ਐਨ.ਆਰ.ਆਈ ਭਵਨ) ਤੋਂ ਸ਼ਬਦ ਚੌਕੀ ਜਥਾ ਅਰਦਾਸ ਕਰਕੇ ਸ਼ਾਮ 6 ਵਜੇ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦੇ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡਦਾ ਹੋਇਆ ਗੁ: ਗੁਰੂ ਕੇ ਮਹਿਲ ਅੰਮ੍ਰਿਤਸਰ ਨੂੰ ਰਵਾਨਾ ਹੋਇਆ। ਸ਼ਬਦ ਚੌਕੀ ਜਥੇ ਵਲੋਂ ਪਹਿਲਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਜੁਲਮ ਵਿਰੁੱਧ ਲੜੇ ਗਏ “ਪਹਿਲਾ ਧਰਮ ਯੁੱਧ ਪਹਿਲੀ ਫਤਿਹ” ਦੇ ਇਤਿਹਾਸਕ ਗੁ: ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਸ਼ਬਦ ਚੌਕੀ ਸਜਾਕੇ ਗੁ: ਗੁਰੂ ਕੇ ਮਹਿਲ ਵੱਲ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਚਾਲੇ ਪਾਏ ਗਏ।
ਗੁ: ਗੁਰੂ ਕੇ ਮਹਿਲ ਪਹੁੰਚਕੇ ਸਬਦ ਚੌਕੀ ਜਥੇ ਵਲੋਂ ਗੁਰੂ ਜੱਸ ਕਰਦੇ ਹੋਏ ਗੁ: ਸਾਹਿਬ ਦੀਆਂ ਪੰਜ ਪਰਕਰਮਾਂ ਕਰਨ ਉਪਰੰਤ ਗੁ: ਸਾਹਿਬ ਦੇ ਵੱਡੇ ਦਰਬਾਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਸ੍ਰੀ ਭੋਰਾ ਸਾਹਿਬ (ਜਨਮ ਅਸਥਾਨ ਪਾਤਸ਼ਾਹੀ ਨੌਵੀਂ) ਵਿਖੇ ਮੂਲ ਮੰਤਰ ਅਤੇ ਗੁਰਮੰਤ੍ਰ ਦੇ ਜਾਪ ਕਰਦਿਆਂ ਪੰਜ ਪ੍ਰਕਰਮਾ ਕੀਤੀਆਂ ਗਈਆਂ। ਪੰਜ ਪ੍ਰਕਰਮਾਂ ਕਰਨ ਉਪਰੰਤ ਜਥੇ ਨੇ ਬੈਠਕੇ ਸੰਗਤਾਂ ਸਮੇਤ ਚੌਪਈ ਸਾਹਿਬ ਦੇ ਪਾਠ ਕੀਤੇ। ਪ੍ਰੋ: ਬਾਬਾ ਰੰਧਾਵਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਸ਼ਬਦ ਚੌਕੀਂ ਸਜਾਉਂਣ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ । ਸ਼ਬਦ ਚੌਂਕੀ ਜਥੇ ‘ਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਤੋਂ ਇਲਾਵਾ ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਸੰਤਾ ਸਿੰਘ, ਭਾਈ ਗੁਰਦੇਵ ਸਿੰਘ, ਬੀਬਾ ਰਾਜਬੀਰ ਕੌਰ ਰੰਧਾਵਾ, ਪਰਮਜੀਤ ਸਿੰਘ ਤੇਗ, ਬੀਬਾ ਰੀਤ ਕੌਰ, ਭਾਈ ਸਿਕੰਦਰ ਸਿੰਘ, ਭਾਈ ਬਲਜੀਤ ਸਿੰਘ ਕਾਕਾ, ਬਾਬਾ ਬਲਵਿੰਦਰ ਸਿੰਘ ਅਤੇ ਬੀਬੀ ਸਿਰੋਜ ਕੌਰ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੀਆਂ ਹੋਰ ਸੰਗਤਾਂ ਵਲੋਂ ਵੀ ਸ਼ਬਦ ਚੌਕੀ ਸਾਹਿਬ ਨਾਲ ਹਾਜਰੀਆਂ ਭਰੀਆਂ ਗਈਆਂ।