ਜਲੰਧਰ, 28 ਜੁਲਾਈ (ਅਮੋਲਕ ਸਿੰਘ) – ਗ਼ਦਰ ਪਾਰਟੀ, ਕਿਰਤੀ ਲਹਿਰ, ਕਮਿਊਨਿਸਟ ਇਨਕਲਾਬੀ (ਨਕਸਲਬਾੜੀ) ਲਹਿਰ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਸੰਸਥਾਪਕਾਂ ‘ਚ ਮੋਢੀ ਕਤਾਰ ਦੇ ਘੁਲਾਟੀਏ ਬਾਬਾ ਬੂਝਾ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ਇਤਿਹਾਸ, ਸਾਡੇ ਸਮਿਆਂ ਦੇ ਭਖਦੇ ਸੁਆਲਾਂ ਬਾਰੇ ਗਹਿਰ-ਗੰਭੀਰ ਵਿਚਾਰਾਂ ਹੋਈਆਂ।
ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਇਸ ਨਾਲ ਜੁੜੇ ਕਾਮਿਆਂ ਨੇ ਬਾਬਾ ਬੂਝਾ ਸਿੰਘ ਦੀ ਤਸਵੀਰ ਨੂੰ ਫੁੱਲਾਂ ਨਾਲ ਸਿੱਜਦਾ ਕਰਦਿਆਂ ਖੜ੍ਹੇ ਹੋ ਕੇ ਅਹਿਦ ਲਿਆ ਕਿ ਬਾਬਾ ਬੂਝਾ ਸਿੰਘ ਜੋ ਜ਼ਿੰਦਗੀ ਸਫ਼ਰ ਦੇ ਅੱਠ ਦਹਾਕੇ ਤੋਂ ਵੀ ਵੱਧ ਪਾਰ ਕਰ ਚੁੱਕੇ ਸਨ, ਉਨ੍ਹਾਂ ਨੂੰ ਫੜਕੇ, ਵਹਿਸ਼ੀਆਨਾ ਤਸ਼ੱਦਦ ਢਾਅ ਕੇ, ਝੂਠੇ ਪੁਲਸ ਮੁਕਾਬਲੇ ‘ਚ ਸੱਤਰਵੇਂ ਦੇ ਦੌਰ ‘ਚ ਮਾਰ ਮੁਕਾਉਣ ਨਾਲ ਲੋਕ-ਮੁਕਤੀ ਸੰਗਰਾਮ ਦਾ ਸਫ਼ਰ ਨਹੀਂ ਰੁਕਿਆ। ਇਹ ਲੋਕ-ਸੰਘਰਸ਼, ਸਾਂਝੀਵਾਲਤਾ ਭਰੇ ਦੇਸੀ ਬਦੇਸੀ ਲੁੱਟ, ਦਾਬੇ ਅਤੇ ਜ਼ਬਰ ਤੋਂ ਮੁਕਤ ਨਿਜ਼ਾਮ ਤੱਕ ਜਾਰੀ ਰਹੇਗਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਗੁਰੂ ਨਾਨਕ ਇੰਜੀਨੀਅਰ ਕਾਲਜ ਲੁਧਿਆਣਾ ਵਿਖੇ ਪੜ੍ਹਦੇ ਸਮੇਂ ਬਾਬਾ ਬੂਝਾ ਸਿੰਘ ਤੋਂ ਮਿਲੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਅਮੁੱਲੇ ਸਬਕ ਅਜੋਕੀ ਪੀੜ੍ਹੀ ਲਈ ਵਰਦਾਨ ਕਰਾਰਾ ਦਿੱਤਾ।
ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਬਾਬਾ ਬੂਝਾ ਸਿੰਘ ਨਾਲ ਇਨਕਲਾਬੀ ਲਹਿਰ ‘ਚ ਗੁਜ਼ਾਰਿਆਂ ਅਤੇ ਆਪ ਵੀ ਨੂਰਮਹਿਲ ਬਾਗ਼ ਵਿੱਚ ਗੁਪਤ ਪ੍ਰੈੱਸ ਤੇ ‘ਲੋਕ ਯੁੱਧ’ ਪਰਚਾ ਛਾਪਦੇ ਅਤੇ 12 ਸਾਲ ਗੁਪਤਵਾਸ ਰਹੇ ਉਨ੍ਹਾਂ ਨੇ ਬਾਬਾ ਬੂਝਾ ਸਿੰਘ ਦੀਆਂ ਸੰਗਰਾਮੀ ਯਾਦਾਂ ਸਾਂਝੀਆਂ ਕੀਤੀਆਂ।
ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਬਾਬਾ ਬੂਝਾ ਸਿੰਘ, ‘ਕਲਮ ਅਤੇ ਇਨਕਲਾਬੀ ਸੰਘਰਸ਼ ਦੇ ਸੁਮੇਲ’ ਦਾ ਦੂਜਾ ਨਾਮ ਹੈ। ਉਨ੍ਹਾਂ ਕਿਹਾ ਕਿ ਮਨੀਪੁਰ, ਪਹਿਲਵਾਨ ਕੁੜੀਆਂ, ਆਦਿਵਾਸੀਆਂ ਦੇ ਉਜਾੜੇ ਲਈ ਵਿਆਪਕ ਹੱਲੇ ਦੀਆਂ ਗੋਂਦਾ ਗੁੰਦਣ, ਜੰਗਲ, ਜਲ, ਜ਼ਮੀਨ, ਸਿੱਖਿਆ, ਸਿਹਤ, ਰੁਜ਼ਗਾਰ, ਇਤਿਹਾਸ, ਸਾਹਿਤ ਅਤੇ ਲੋਕ ਕਲਾ ਆਦਿ ਤੋਂ ਲੋਕਾਂ ਨੂੰ ਵਿਰਵੇ ਕਰਨ ਵਾਲੇ ਲੋਕ ਦੁਖੀ ਨਿਜ਼ਾਮ ਨੂੰ ਮੂਲੋਂ ਬਦਲ ਕੇ ਲੋਕਾਂ ਦੇ ਸਵੈ-ਮਾਣ ਭਰਿਆ ਰਾਜ ਅਤੇ ਸਮਾਜ ਸਿਰਜਣ ਦਾ ਉਦੇਸ਼ ਸੀ; ਬਾਬਾ ਬੂਝਾ ਸਿੰਘ ਦਾ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਦੀ ਪੂਰਤੀ ਲਈ ਕਾਫ਼ਲਾ ਚੱਲਦਾ ਰਹੇਗਾ।
ਕਮੇਟੀ ਮੈਂਬਰ ਡਾ. ਸੈਲੇਸ਼ ਨੇ ਇਤਿਹਾਸ, ਸਾਹਿਤ, ਕਲਾ, ਸਭਿਆਚਾਰ ਦੀ ਮਹੱਤਵਪੂਰਨ ਭੂਮਿਕਾ ਨੂੰ ਸਮਝ ਕੇ ਬਾਬਾ ਬੂਝਾ ਸਿੰਘ ਦੇ ਸੁਪਨੇ ਸਾਕਾਰ ਕਰਨ ਦਾ ਸੁਨੇਹਾ ਦਿੱਤਾ।
ਤਰਕਸ਼ੀਲ ਆਗੂ ਪਰਮਜੀਤ ਸਿੰਘ ਨੇ ਜੋਗਿੰਦਰ ਆਜ਼ਾਦ ਦੀ ਕਵਿਤਾ ‘ਖ਼ਤਰਨਾਕ ਕੁੜੀਆਂ’ ਸੁਣਾਉਂਦੇ ਹੋਏ ਬਾਬਾ ਬੂਝਾ ਸਿੰਘ ਦੀ ਔਰਤ ਵਰਗ ਦੀ ਮੁਕਤੀ ਲਈ ਕਰਨੀ ਨੂੰ ਸਲਾਮ ਕੀਤਾ।
Home Page ਬਾਬਾ ਬੂਝਾ ਸਿੰਘ ਯਾਦਗਾਰੀ ਸਮਾਗਮ ‘ਚ ਲੋਕ ਸੰਗਰਾਮ ਜਾਰੀ ਰੱਖਣ ਦਾ ਅਹਿਦ