ਜਲੰਧਰ – ਉੱਘੇ ਦੇਸ਼ ਭਗਤ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਦੀ ਚੌਥੀ ਬਰਸੀ ਦੇ ਅਵਸਰ ‘ਤੇ ਵਾਤਾਵਰਨ ਬਚਾਉ ਚੇਤਨਾ ਫੋਰਮ ਪੰਜਾਬ ਵਲੋਂ ਗ਼ਦਰ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਰਘਬੀਰ ਕੌਰ, ਜਨਰਲ ਸਕੱਤਰ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ ਪ੍ਰੋ. ਕੁਲਵੰਤ ਸਿੰਘ ਔਜਲਾ, ਇੰਜ. ਅਜੀਮਲ ਸਿੰਘ, ਸ੍ਰੀ ਨਿਰਮਲ ਸਿੰਘ ਸੰਘਾ, ਪ੍ਰੋ. ਗੋਪਾਲ ਸਿੰਘ ਬੁੱਟਰ ਤੇ ਇੰਜ. ਕੁਲਵੰਤਵੀਰ ਸਿੰਘ ਕਲੇਰ ਮੰਚ ‘ਤੇ ਸਸ਼ੋਭਿਤ ਹੋਏ। ਸਮਾਗਮ ਦੇ ਆਰੰਭ ਵਿੱਚ ਵਾਤਾਵਰਣ ਬਚਾਉ ਚੇਤਨਾ ਫੋਰਮ ਪੰਜਾਬ ਦੇ ਕਨਵੀਨਰ ਇੰਜ. ਸੀਤਲ ਸਿੰਘ ਸੰਘਾ ਨੇ ਇਸ ਸਮਾਗਮ ਦੀ ਸੰਖੇਪ ਰੂਪ-ਰੇਖਾ ਦੱਸਦਿਆਂ ਵੱਡੀ ਗਿਣਤੀ ‘ਚ ਆਏ ਬੁੱਧੀਜੀਵੀਆਂ ਦਾ ਸਵਾਗਤ ਕੀਤਾ। ਇਸ ਸੈਮੀਨਾਰ ਵਿੱਚ ਪ੍ਰਸਿੱਧ ਪ੍ਰਵਾਸੀ ਚਿੰਤਕ ਡਾ. ਸੁਰਿੰਦਰ ਧੰਜਲ ਨੇ ‘ਅਜੋਕੀ ਸਮਾਜ ਸਭਿਆਚਾਰਕ ਸਥਿਤੀ ਵਿੱਚ ਬੁੱਧੀਜੀਵੀ ਵਰਗ ਦੀ ਭੂਮਿਕਾ’ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਨ ਦਿੱਤਾ। ਆਪਣੇ ਪ੍ਰਵਚਨ ਦਾ ਆਰੰਭ ਕਰਦਿਆਂ ਡਾ. ਧੰਜਲ ਨੇ ਕਿਹਾ ਕਿ ਉਮਰ ਅਤੇ ਵਿਚਾਰਾਂ ਵਲੋਂ ਹਾਣੀ ਰਹੇ ਦੋ ਮਹਾਨ ਦੇਸ਼ ਭਗਤ ਬੁੱਧੀਜੀਵੀਆਂ ਸ਼ਹੀਦੇ ਆਜ਼ਮ ਸ. ਭਗਤ ਸਿੰਘ ਅਤੇ ਬਾਬਾ ਭਗਤ ਬਿਲਗਾ ਨੇ ਆਪਣੇ ਸਮੇਂ ਦੇ ਸਮਾਜ ਸਭਿਆਚਾਰਕ ਹਾਲਾਤ ਵਿੱਚ ਮਹੱਤਵਪੂਰਨ ਤੇ ਇਤਿਹਾਸਕ ਮੁੱਲ ਵਾਲੀ ਭੂਮਿਕਾ ਨਿਭਾਈ। ਜਿਸ ਦੀ ਵਡਿਆਈ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਵਿੱਚੋਂ ਦੇਖੀ ਜਾ ਸਕਦੀ ਹੈ। ਅਜੋਕੀ ਸਮਾਜ ਸਭਿਆਚਾਰਕ ਸਥਿਤੀ ਬਹੁਤ ਹੀ ਜਟਿਲ ਅਤੇ ਖਤਰਨਾਕ ਚੁਣੌਤੀਆਂ ਨਾਲ ਭਰੀ ਹੋਈ ਹੈ। ਇਸ ਸਮੇਂ ਅਗਾਂਹ ਵਧੂ ਵਿਚਾਰਾਂ ਵਾਲੇ ਬੁੱਧੀਜੀਵੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਿਆਨ-ਵਿਗਿਆਨ ਅਤੇ ਤਕਨਾਲੋਜੀ ਤੋਂ ਪ੍ਰਾਪਤ ਨਵੀਆਂ ਸੋਝੀਆਂ ਨਾਲ ਸਮਾਜ ਨੂੰ ਨਵੀਂ ਸੇਧ ਦੇਣ ਅਤੇ ਇਨ੍ਹਾਂ ਸਭ ਚੁਣੌਤੀਆਂ ਦੇ ਸਮਾਧਾਨ ਤਲਾਸ਼ਣ ਵਿੱਚ ਬਣਦਾ ਯੋਗਦਾਨ ਪਾਉਣ। ਡਾ. ਧੰਜਲ ਦੇ ਭਾਸ਼ਣ ਸਬੰਧੀ ਟਿੱਪਣੀ ਕਰਦਿਆਂ ਹੋਇਆ ਉੱਘੇ ਕਮਿਊਨਿਸਟ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਬੁੱਧੀਮਾਨ ਪ੍ਰਤਿਭਾ ਦਾ ਜਨਮ ਲੋਕ ਹਿਤੈਸ਼ੀ ਅਤੇ ਅਗਾਂਹਵਧੂ ਲਹਿਰਾਂ ਵਿਚੋਂ ਹੁੰਦਾ ਹੈ ਅਤੇ ਪ੍ਰਤਿਭਾਵਾਨ ਉਨ੍ਹਾਂ ਲਹਿਰਾਂ ਨੂੰ ਹੋਰ ਵਿਕਸਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਅੱਜ ਵੀ ਬੁੱਧੀਜੀਵੀਆਂ ਦੀ ਇਸ ਭੂਮਿਕਾ ਦੀ ਬਹੁਤ ਜ਼ਰੂਰਤ ਹੈ। ਬਜ਼ੁਰਗ ਦੇਸ਼ ਭਗਤ ਕਾਮਰੇਡ ਗੰਧਰਵ ਸੇਨ ਨੇ ਵੀ ਬੁੱਧੀਜੀਵੀ ਵਰਗ ਨੂੰ ਆਪਣੇ ਕਰਤੱਵ ਨੂੰ ਪਹਿਚਾਨਣ ਨੂੰ ਲੋੜ ‘ਤੇ ਜ਼ੋਰ ਦਿੱਤਾ। ਸਮਾਗਮ ਦੇ ਦੂਜੇ ਦੌਰ ਵਿੱਚ ਬਾਬਾ ਬਿਲਗਾ ਜੀ ਨੂੰ ਸਮਰਪਿਤ ਕਵੀ-ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਪ੍ਰੋ. ਔਜਲਾ, ਪ੍ਰੋ. ਬੁੱਟਰ, ਇੰਜ. ਮਨੋਹਰ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਕੰਗ, ਡਾ. ਰਾਮਮੂਰਤੀ, ਪ੍ਰਕਾਸ਼ ਕੌਰ ਸੰਧੂ, ਚਰਨ ਸੀਚੇਵਾਲੀਆਂ ਅਤੇ ਪ੍ਰੋ. ਸਰਦੂਲ ਸਿੰਘ ਔਜਲਾ ਨੇ ਆਪਣੀਆਂ ਕਾਵਿ ਰਚਨਾਵਾਂ ਪ੍ਰਸਤੁਤ ਕੀਤੀਆਂ। ਸਮਾਗਮ ਦੇ ਅਖੀਰ ਵਿੱਚ ਇੰਜ. ਮਨੋਹਰ ਸਿੰਘ ਖਹਿਰਾ ਨੇ ਭਰਵੀਂ ਗਿਣਤੀ ਵਿੱਚ ਆਏ ਸਰੋਤਿਆਂ ਅਤੇ ਆਪਣੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
Indian News ਬਾਬਾ ਭਗਤ ਸਿੰਘ ਬਿਲਗਾ ਦੀ ਬਰਸੀ ਮੌਕੇ ਹੋਇਆ ਪ੍ਰਭਾਵਸ਼ਾਲੀ ਸੈਮੀਨਾਰ