ਨਵੀਂ ਦਿੱਲੀ, 17 ਦਸੰਬਰ – ਇੱਥੇ ਦੇ ਸਿੰਘੂ ਬਾਡਰ ਉੱਤੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਉੱਥੇ ਹੀ 16 ਦਸੰਬਰ ਨੂੰ 65 ਸਾਲਾ ਬਾਬਾ ਰਾਮ ਸਿੰਘ ਨਾਨਕਸਰ ਸੀਂਗੜਾ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਬਾਅਦ ਦੁਪਹਿਰ ਆਪਣੇ-ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਲਈ ਹੈ। ਕਰਨਾਲ ਜ਼ਿਲ੍ਹੇ ਦੇ ਨਿਸਿੰਗ ਇਲਾਕੇ ਵਿੱਚ ਨਾਨਕਸਰ ਸੰਪਰਦਾ ਦੇ ਵੱਡੇ ਸੰਚਾਲਕ ਬਾਬਾ ਰਾਮ ਸਿੰਘ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਨੋਟ ਵੀ ਲਿਖਿਆ। ਉਨ੍ਹਾਂ ਵੱਲੋਂ ਇਹ ਕਦਮ ਕਿਸਾਨਾਂ ‘ਤੇ ਕੇਂਦਰ ਸਰਕਾਰ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਦੇ ਰੋਸ ਵਜੋਂ ਚੁੱਕਿਆ ਗਿਆ ਹੈ। ਬਾਬਾ ਰਾਮ ਸਿੰਘ ਸੀਂਗੜਾ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਖ਼ੁਲਾਸਾ ਕੀਤਾ ਕਿ ਉਨ੍ਹਾਂ ਕੋਲੋਂ ਕਿਸਾਨਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ। ਆਪਣੇ ਹੱਕ ਲੈਣ ਲਈ ਕਿਸਾਨ ਸੜਕਾਂ ਉੱਤੇ ਰੁਲ ਰਹੇ ਹਨ ਪਰ ਕੇਂਦਰ ਸਰਕਾਰ ਨਿਆਂ ਨਹੀਂ ਕਰ ਰਹੀ। ਜੇਕਰ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ। ਹਰ ਕਿਸੇ ਨੇ ਕਿਸਾਨ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਇਆ ਹੈ, ਕਿਸੇ ਨੇ ਪੁਰਸਕਾਰ ਤੇ ਸਨਮਾਨ ਵਾਪਸ ਕਰਕੇ ਆਪਣਾ ਰੋਸ ਪ੍ਰਗਟਾ ਕੀਤਾ ਹੈ ਪਰ ਉਹ ਅੱਜ ਕਿਸਾਨਾਂ ਦੇ ਹੱਕ ‘ਚ ਅਤੇ ਸਰਕਾਰੀ ਜ਼ੁਲਮਾਂ ਦੇ ਰੋਸ ਵਜੋਂ ਆਪਣੀ ਜ਼ਿੰਦਗੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਦੇ ਹਨ।
ਬਾਬਾ ਰਾਮ ਸਿੰਘ ਸੀਂਗੜਾ ਨੂੰ ਗੰਭੀਰ ਹਾਲਤ ਵਿੱਚ ਪਾਣੀਪਤ ਦੇ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਹ ਪਿਛਲੇ ਕਈ ਦਿਨਾਂ ਤੋਂ ਕਿਸਾਨੀ ਅੰਦੋਲਨ ਵਿੱਚ ਹਾਜ਼ਰੀ ਲੱਗਾ ਰਹੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਕਰਨਾਲ ਭੇਜ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਬਾਬਾ ਰਾਮ ਸਿੰਘ ਵੱਲੋਂ ਚੁੱਕੇ ਕਦਮ ਨੂੰ ਗ਼ਲਤ ਦੱਸਦੇ ਹੋਏ ਕਿਹਾ ਕਿ ਖ਼ੁਦਕੁਸ਼ੀ ਇਸ ਮਸਲੇ ਦਾ ਹੱਲ ਨਹੀਂ ਹੈ।
Home Page ਬਾਬਾ ਰਾਮ ਸਿੰਘ ਨੇ ਕਿਸਾਨਾਂ ਦੇ ਹੱਕ ‘ਚ ਆਪਣੇ ਆਪ ਨੂੰ ਗੋਲੀ...