ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਉਸ ਦੇ ਘਰ ’ਚ ਰਾਤ ਨੂੰ ਚਾਕੂ ਨਾਲ ਹਮਲਾ

ਮੁੰਬਈ, 16 ਜਨਵਰੀ – ਇੱਥੇ ਦੇ ਬਾਂਦਰਾ ਇਲਾਕੇ ਵਿੱਚ ਅੱਜ ਰਾਤ ਨੂੰ ਅਣਪਛਾਤੇ ਬੰਦੇ ਨੇ ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਦੇ ‘ਸਤਗੁਰੂ ਸ਼ਰਨ’ ਇਮਾਰਤ ਦੀ 12ਵੀਂ ਮੰਜ਼ਿਲ ਵਿਚਲੇ ਅਪਾਰਟਮੈਂਟ ਵਿੱਚ ਦਾਖ਼ਲ ਹੋ ਕੇ ਅਦਾਕਾਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਰਾਤ ਢਾਈ ਵਜੇ ਦੀ ਇਸ ਘਟਨਾ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਅਦਾਕਾਰ ਖ਼ਾਨ ਨੂੰ ਫੌਰੀ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਐਮਰਜੈਂਸੀ ਸਰਜਰੀ ਕੀਤੀ। ਡਾਕਟਰਾਂ ਮੁਤਾਬਕ ਖ਼ਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਦੌਰਾਨ ਸੈਫ਼ ਦੇ ਘਰ ਕੰਮ ਕਰਦੀ ਮਹਿਲਾ ਨੇ ਪੁਲੀਸ ਥਾਣੇ ’ਚ ਦਰਜ ਐੱਫਆਈਆਰ ਵਿੱਚ ਹਮਲਾਵਰ ਵੱਲੋਂ ਇੱਕ ਕਰੋੜ ਰੁਪਏ ਮੰਗੇ ਜਾਣ ਦਾ ਦਾਅਵਾ ਕੀਤਾ ਹੈ। ਲੀਲਾਵਤੀ ਹਸਪਤਾਲ ਦੇ ਨਿਊਰੋ ਸਰਜਨ ਡਾ. ਨਿਿਤਨ ਡਾਂਗੇ ਨੇ ਕਿਹਾ ਕਿ ਚਾਕੂ ਨਾਲ ਕੀਤੇ ਹਮਲੇ ਕਰਕੇ ਖ਼ਾਨ ਦੀ ਛਾਤੀ ਦੇ ਬਿਲਕੁਲ ਪਿੱਛੇ ਰੀੜ ਦੀ ਹੱਡੀ ਉੱਤੇ ਗੰਭੀਰ ਸੱਟ ਲੱਗੀ।
ਡਾ. ਡਾਂਗੇ ਨੇ ਕਿਹਾ, ‘‘ਚਾਕੂ ਕੱਢਣ ਤੇ ਰੀੜ ਦੀ ਹੱਡੀ ਦੇ ਲੀਕ ਕਰਦੇ ਫਲੂਡ ਨੂੰ ਠੀਕ ਕਰਨ ਸਰਜਰੀ ਕਰਨੀ ਪਈ… ਵੈਸੇ ਖਾਨ ਦੀ ਹਾਲਤ ਸਥਿਰ ਹੈ। ਉਨ੍ਹਾਂ ਦੀ ਹਾਲਤ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹੈ। ਡਾ. ਉੱਤਾਮਨੀ ਨੇ ਦੱਸਿਆ, ‘‘ਸੈਫ਼ ਦੇ ਸਰੀਰ ’ਤੇ ਚਾਕੂ ਦੇ ਛੇ ਵਾਰ ਸਨ ਤੇ ਇਨ੍ਹਾਂ ਵਿੱਚੋਂ ਦੋ ਬਹੁਤ ਡੂੰਘੇ ਸਨ। ਇਕ ਤਾਂ ਰੀੜ ਦੀ ਹੱਡੀ ਦੇ ਬਹੁਤ ਨੇੜੇ ਸੀ। ਨਿਊਰੋਸਰਜਨ ਡਾ. ਨਿਿਤਨ ਡਾਂਗੇ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ, ਜਿਸ ਵਿੱਚ ਕੌਸਮੈਟਿਕ ਸਰਜਨ ਡਾ. ਲੀਨਾ ਜੈਨ ਤੇ ਐਨਸਥੀਸੀਆ ਮਾਹਿਰ ਡਾ. ਨਿਸ਼ਾ ਗਾਂਧੀ ਸ਼ਾਮਲ ਸਨ, ਨੇ ਅਦਾਕਾਰ ਦੀ ਸਰਜਰੀ ਕੀਤੀ। ਉਨ੍ਹਾਂ ਕਿਹਾ, ‘‘ਅਦਾਕਾਰ ਦੇ ਛੇ ਜ਼ਖ਼ਮ ਸਨ, ਦੋ ਹਲਕੇ, ਦੋ ਦਰਮਿਆਨੇ ਤੇ ਦੋ ਬਹੁਤ ਡੂੰਘੇ ਸਨ। ਇਨ੍ਹਾਂ ਵਿੱਚੋਂ ਇੱਕ ਜ਼ਖ਼ਮ ਪਿੱਠ ਉੱਤੇ ਰੀੜ ਦੀ ਹੱਡੀ ਦੇ ਬਹੁਤ ਨੇੜੇ ਸੀ। ਇਸੇ ਕਰਕੇ ਸਰਜਰੀ ਦੌਰਾਨ ਨਿਊਰੋਸਰਜਨ ਵੀ ਮੌਜੂਦ ਸੀ।’’ ਖ਼ਾਨ ਦੇ ਗੁੱਟ ਦਾ ਜ਼ਖ਼ਮ ਵੀ ਡੂੰਘਾ ਹੈ। ਖੱਬੇ ਹੱਥ ਦੇ ਇਸ ਜ਼ਖ਼ਮ ਲਈ ਪਲਾਸਟਿਕ ਸਰਜਨ ਦੀ ਲੋੜ ਪਏਗੀ।