ਲਾਹੌਰ, 13 ਨਵੰਬਰ (ਕੂਕ ਪੰਜਾਬੀ ਸਮਾਚਾਰ) – ਪਾਕਿਸਤਾਨ ਦੇ ਸ਼ਹਿਰ ਲਾਹੌਰ ਸਥਿਤ ਮਿਨਹਾਜ਼ ਯੂਨੀਵਰਸਿਟੀ ਵੱਲੋਂ ਸਾਇੰਸ, ਰਿਜਨ ਅਤੇ ਰਿਲੀਜ਼ਨ (Science, Reason and Religion) ਦੇ ਵਿਸ਼ੇ ‘ਤੇ 26 ਅਤੇ 27 ਅਕਤੂਬਰ 2019 ਨੂੰ 2 ਦਿਨਾਂ ਇੰਟਰਨੈਸ਼ਨਲ ਕਾਨਫ਼ਰੰਸ ਕਰਵਾਈ ਗਈ। ਦੋ ਦਿਨ ਤੱਕ ਚੱਲੀ ਇਸ ਕਾਨਫ੍ਰੈਂਸ ‘ਚ ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ, ਥਾਈਲੈਂਡ, ਨਾਈਜੀਰੀਆ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਤੋਂ ਕੁੱਲ 12 ਵਿਦਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਯੂਨੀਵਰਸਿਟੀ ਵੱਲੋਂ ਨਿਊਜ਼ੀਲੈਂਡ ਤੋਂ “ਵਰਲਡ ਕੌਂਸਲ ਆਫ਼ ਸਿੱਖ ਅਫੇਅਰਜ਼” ਦੇ ਨੁਮਾਇੰਦੇ ਸ. ਬਿਕਰਮ ਸਿੰਘ ਮਝੈਲ ਨੂੰ ਸੱਦਾ ਦਿੱਤਾ ਗਿਆ ਸੀ। ਇਸ ਦੌਰੇ ‘ਚ ਉਨ੍ਹਾਂ ਦੇ ਨਾਲ ਸ. ਰਾਣਾ ਜੱਜ ਵੀ ਗਏ ਸਨ। ਇੰਟਰਨੈਸ਼ਨਲ ਕਾਨਫ਼ਰੰਸ ‘ਚ ਵੱਖ ਵੱਖ ਬੁਲਾਰਿਆਂ ਨੇ ਸਾਇੰਸ ਤੇ ਧਰਮ ਦੇ ਆਪਸੀ ਸੰਬੰਧਾਂ ਬਾਰੇ ਵਿਚਾਰ ਆਪਣੇ-ਆਪਣੇ ਧਰਮ ਦੇ ਹਵਾਲੇ ਤੋਂ ਰੱਖੇ।
ਵਰਲਡ ਕੌਂਸਲ ਆਫ਼ ਸਿੱਖ ਅਫੇਅਰਜ਼ ਤੋਂ ਸ. ਬਿਕਰਮ ਸਿੰਘ ਮਝੈਲ ਨੇ ਸਾਇੰਸ ਅਤੇ ਸਿੱਖ ਧਰਮ ਬਾਰੇ ਸਲਾਈਡ ਸ਼ੋ ਅਤੇ ਵਿਚਾਰਾਂ ਰਾਹੀਂ “ਸਿੱਖ ਵਿਚਾਰਧਾਰਾ ਅਤੇ ਸਾਇੰਸ” ਬਾਰੇ ਵਿਸਥਾਰ ਸਹਿਤ ਖ਼ੁਲਾਸਾ ਕੀਤਾ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਕਾਇਨਾਤ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਅਤੇ ਇਸ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਸ੍ਰਿਸ਼ਟੀ ਦੇ ਆਕਾਰ ਆਦਿ ਬਾਰੇ ਹਵਾਲਿਆਂ ਸਹਿਤ ਖ਼ੁਲਾਸਾ ਕੀਤਾ। ਉਨ੍ਹਾਂ ਨਾਲ ਹੀ ਸਿੱਖ ਧਰਮ ਦਾ ਦੂਜੇ ਧਰਮਾਂ ਦੇ ਨਾਲ ਆਪਸੀ ਸਾਂਝ ਦਾ ਵੀ ਜ਼ਿਕਰ ਕੀਤਾ। ਕਾਨਫ਼ਰੰਸ ਦੌਰਾਨ ਸਵਾਲ ਜਵਾਬ ਦੇ ਦੌਰ (Panel Discussion) ਵਿੱਚ ਅਮਰੀਕਨ ਵਿਦਵਾਨ ਰੈਮਸੇ ਅਤੇ ਥਾਈਲੈਂਡ ਤੋਂ ਬੁੱਧ ਧਰਮ ਦੇ ਵਿਦਵਾਨ ਦੁਜਈ ਦੇ ਨਾਲ ਸਿੱਖ ਧਰਮ ਵੱਲੋਂ ਨਿਊਜ਼ੀਲੈਂਡ ਦੇ ਸ. ਮਝੈਲ ਨੂੰ ਸ਼ਾਮਿਲ ਕੀਤਾ ਗਿਆ ਸੀ। ਇਹ ਬਹੁਤ ਹੀ ਜਾਣਕਾਰੀ ਭਰਪੂਰ ਦੌਰ ਸੀ ਜਿਸ ਵਿੱਚ ਵਿਚਾਰਾਂ ਦੀ ਸਾਂਝ ਦੇ ਨਾਲ ਧਰਮ ਦੇ ਹਵਾਲੇ ਰਾਹੀ ਜਵਾਬ ਦਿੱਤੇ ਗਏ। ਇਸ ਮੌਕੇ ਵਿਦਵਾਨਾਂ ਅਤੇ ਹਾਜ਼ਰ ਸਰੋਤਿਆਂ ਵੱਲੋਂ ਸਿੱਖ ਧਰਮ ਦੀ Interfaith philosophy ਬਾਰੇ ਜਾਣਕਾਰੀ ਹਾਸਿਲ ਕਰਨ ਦੀ ਬੜੀ ਤਾਂਘ ਮਹਿਸੂਸ ਕੀਤੀ ਗਈ ਅਤੇ ਇਸ ਦੀ ਖੁੱਲ੍ਹੇ ਲਫ਼ਜ਼ਾਂ ਵਿੱਚ ਤਾਰੀਫ਼ ਕੀਤੀ ਗਈ।
ਯੂਨੀਵਰਸਿਟੀ ਦੇ ਪ੍ਰਬੰਧਕਾਂ ਮੁਤਾਬਿਕ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਸਿੱਖ ਨੇ ਪਾਕਿਸਤਾਨ ਦੀ ਕਿਸੇ ਯੂਨੀਵਰਸਿਟੀ ਵਿੱਚ ਸਿੱਖ ਧਰਮ ਵੱਲੋਂ ਸ਼ਮੂਲੀਅਤ ਕੀਤੀ ਅਤੇ ਸਿੱਖੀ ਦੇ ਫ਼ਲਸਫ਼ੇ ਬਾਰੇ ਆਪਣੇ ਵਿਚਾਰ ਰੱਖੇ ਹਨ। ਯੂਨੀਵਰਸਿਟੀ ਵੱਲੋਂ ਸ. ਮਝੈਲ ਅਤੇ ਰਾਣਾ ਜੱਜ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਡੇਰਾ ਸਾਹਿਬ ਅਤੇ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਆਦਿ ਗੁਰੂ ਅਸਥਾਨਾਂ ਦੇ ਦਰਸ਼ਨ ਵੀ ਕਰਵਾਏ। ਵਿਦਾਇਗੀ ਸਮੇਂ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨ੍ਹ ਵਜੋਂ ਸ਼ੀਲਡ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।
ਸ. ਮਝੈਲ ਹੁਣਾ ਦਾ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੀ ਮਿਨਹਾਜ਼ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਇਸ 2 ਦਿਨਾਂ ਇੰਟਰਨੈਸ਼ਨਲ ਕਾਨਫ਼ਰੰਸ ਬਾਰੇ ਕਹਿਣਾ ਹੈ ਕਿ ਇਹ ਬਹੁਤ ਹੀ ਵਧੀਆਂ ਤਜ਼ਰਬਾ ਰਿਹਾ ਕਿ ਜਦੋਂ ਤੁਸੀਂ ਕਿਸੇ ਹੋਰ ਮੁਲਕ ‘ਚ ਜਾ ਕੇ ਸਿੱਖੀ ਦੀ ਗੱਲ ਰੱਖਦੇ ਹੋ ਤਾਂ ਉੱਥੇ ਮੌਜੂਦ ਸਰੋਤੇ ਤੁਹਾਨੂੰ ਕਿੰਨੇ ਧਿਆਨ ਨਾਲ ਸੁਣਦੇ ਅਤੇ ਸੁਆਲ ਕਰਦੇ ਹਨ।
Home Page ਬਿਕਰਮ ਸਿੰਘ ਮਝੈਲ ਦਾ ਪਾਕਿਸਤਾਨ ਯੂਨੀਵਰਸਿਟੀ ‘ਚ ਸਾਇੰਸ, ਰਿਜਨ ਅਤੇ ਰਿਲੀਜ਼ਨ ‘ਤੇ...