ਪਟਨਾ, 9 ਅਗਸਤ – ਬਿਹਾਰ ਦੇ ਘਾਗ ਸਿਆਸਤਦਾਨ ਨਿਤੀਸ਼ ਕੁਮਾਰ ਨੇ ਸੂਬੇ ਦੀ ਗੱਠਜੋੜ ਸਰਕਾਰ ’ਚ ਭਾਈਵਾਲ ਭਾਜਪਾ ਨਾਲੋਂ ਅੱਜ ਮੁੜ ਤੋੜ-ਵਿਛੋੜਾ ਕਰ ਲਿਆ ਹੈ। ਸੂਬੇ ਵਿੱਚ ਤੇਜ਼ੀ ਨਾਲ ਬਦਲਦੇ ਸਿਆਸੀ ਘਟਨਾਕ੍ਰਮ ਦੌਰਾਨ ਨਿਤੀਸ਼ ਨੇ ਅੱਜ ਰਾਜਪਾਲ ਫਾਗੂ ਚੌਹਾਨ ਨਾਲ ਦੋ ਵਾਰ ਮੁਲਾਕਾਤ ਕੀਤੀ। ਕੁਮਾਰ ਰਾਜਪਾਲ ਨੂੰ ਪਹਿਲੀ ਵਾਰ ਐੱਨਡੀਏ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਲਈ ਮਿਲੇ ਅਤੇ ਦੂਜੀ ਵਾਰ ਉਨ੍ਹਾਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਅਗਵਾਈ ਵਾਲੇ ‘ਮਹਾਗਠਬੰਧਨ’ (ਮਹਾ ਗੱਠਜੋੜ) ਦਾ ਆਗੂ ਚੁਣੇ ਜਾਣ ਮਗਰੋਂ ਸੂਬੇ ਵਿੱਚ ਮੁੜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਮੁਲਾਕਾਤ ਕੀਤੀ। ਕੁਮਾਰ ਨੇ ਰਾਜਪਾਲ ਨੂੰ 164 ਵਿਧਾਇਕਾਂ ਦੀ ਹਮਾਇਤ ਦੇ ਦਾਅਵੇ ਵਾਲੀ ਚਿੱਠੀ ਸੌਂਪੀ ਹੈ।
ਬਿਹਾਰ ਅਸੈਂਬਲੀ ਵਿੱਚ ਕੁੱਲ 242 ਸੀਟਾਂ ਹਨ ਤੇ ਸਰਕਾਰ ਬਣਾਉਣ ਲਈ 122 ਵਿਧਾਇਕਾਂ ਦੀ ਹਮਾਇਤ ਲੋੜੀਂਦੀ ਹੈ। ਉਧਰ ਬਿਹਾਰ ਭਾਜਪਾ ਦੇ ਪ੍ਰਧਾਨ ਸੰਜੈ ਜੈਸਵਾਲ ਨੇ ਜੇਡੀਯੂ ਆਗੂ ’ਤੇ 2020 ਦੀਆਂ ਅਸੈਂਬਲੀ ਚੋਣਾਂ ਵਿੱਚ ਲੋਕਾਂ ਵੱਲੋਂ ਦਿੱਤੇ ਫ਼ਤਵੇ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ ਹੈ। ਜੈਸਵਾਲ ਨੇ ਦਾਅਵਾ ਕੀਤਾ ਕਿ ਕੁਮਾਰ ਨੂੰ ‘ਬਿਹਾਰ ਦੇ ਲੋਕ ਸਜ਼ਾ ਦੇਣਗੇ।’
ਨਿਤੀਸ਼ ਕੁਮਾਰ ਦੀ ਅੱਜ ਦੀ ਪੇਸ਼ਕਦਮੀ, 2017 ਵਿੱਚ ਜੇਡੀਯੂੁ ਆਗੂ ਵੱਲੋਂ ਪੁੱਟੇ ਕਦਮ ਤੋਂ ਬਿਲਕੁਲ ਉਲਟ ਹੈ। ਨਿਤੀਸ਼ ਕੁਮਾਰ ਉਦੋਂ ਮਹਾਗਠਬੰਧਨ ਸਰਕਾਰ ਨੂੰ ਅਲਵਿਦਾ ਆਖਦਿਆਂ ਮੁੜ ਐੱਨਡੀਏ ਵਿੱਚ ਸ਼ਾਮਲ ਹੋ ਗਏ ਸਨ। ਪਿਛਲੇ 9 ਸਾਲਾਂ ਵਿੱਚ ਦੂਜੀ ਵਾਰ ਹੈ ਜਦੋਂ ਨਿਤੀਸ਼ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਨਿਤੀਸ਼ ਸਾਲ 2013 ਵਿੱਚ ਨਰਿੰਦਰ ਮੋਦੀ ਨੂੰ ਗੱਠਜੋੜ ਦਾ ਪ੍ਰਧਾਨ ਮੰਤਰੀ ਉਮੀਦਵਾਰ ਐਲਾਨੇ ਜਾਣ ਮਗਰੋਂ ਐੱਨਡੀਏ ਤੋਂ ਲਾਂਭੇ ਹੋ ਗਏ ਸਨ।
ਇਸ ਤੋਂ ਪਹਿਲਾਂ ਅੱਜ ਜੇਡੀਯੂ ਨੇ ਮੀਟਿੰਗ ਕੀਤੀ, ਜਿਸ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਸਣੇ ਪਾਰਟੀ ਦੇ ਸਿਖਰਲੇ ਆਗੂ ਤੇ ਹੋਰ ਵਰਕਰ ਸ਼ਾਮਲ ਹੋਏ। ਮੀਟਿੰਗ ਦੌਰਾਨ ਪਾਰਟੀ ਨੇ ਭਾਜਪਾ ਉੱਤੇ ‘ਪਿੱਠ ਵਿੱਚ ਛੁਰਾ ਮਾਰਨ’ ਦਾ ਦੋਸ਼ ਲਾਇਆ। ਇਸ ਮਗਰੋਂ ਨਿਤੀਸ਼ ਰਾਜ ਭਵਨ ਗਏ ਤੇ ਉਨ੍ਹਾਂ ਜੇਡੀਯੂ-ਭਾਜਪਾ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ। ਰਾਜ ਭਵਨ ਤੋਂ ਨਿਤੀਸ਼ ਆਪਣੇ ਘਰ ਆਏ ਤੇ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪਾਰਟੀ ਮੀਟਿੰਗ ਵਿੱਚ ਲਏ ਫੈਸਲੇ ਮੁਤਾਬਕ ਅਸੀਂ ਐੱਨਡੀੲੇ ਤੋਂ ਲਾਂਭੇ ਹੋ ਗਏ ਹਾਂ। ਇਸ ਲਈ ਮੈਂ ਐੱਨਡੀਏ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ।’’ ਕੁਮਾਰ ਮਗਰੋਂ ਆਪਣੀ ਰਿਹਾਇਸ਼ ਨਜ਼ਦੀਕ ਹੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਗਏ, ਜਿੱਥੇ ਆਰਜੇਡੀ, ਕਾਂਗਰਸ ਤੇ ਖੱਬੀਆਂ ਪਾਰਟੀਆਂ ਸਣੇ ਮਹਾਗਠਬੰਧਨ ਦੇ ਸਾਰੇ ਆਗੂ ਮੌਜੂਦ ਸਨ। ਕੁਮਾਰ, ਜੋ ਜੇਡੀਯੂ ਦੇ ਕੌਮੀ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ਼ ਲੱਲਣ ਸਿੰਘ ਨੂੰ ਨਾਲ ਲੈ ਕੇ ਰਾਬੜੀ ਦੇਵੀ ਦੀ ਰਿਹਾਇਸ਼ ’ਤੇ ਗਏ ਸਨ, ਉਥੇ ਅੱਧੇ ਘੰਟੇ ਦੇ ਕਰੀਬ ਰੁਕੇ। ਜਦੋਂ ਉਹ ਮੁੜੇ ਤਾਂ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਮੌਜੂਦ ਸਨ। ਯਾਦਵ ਨੇ ਹੱਥ ਵਿੱਚ ਨਿਤੀਸ਼ ਕੁਮਾਰ ਨੂੰ ਹਮਾਇਤ ਵਾਲਾ ਪੱਤਰ ਫੜਿਆ ਹੋਇਆ ਸੀ। ਪੰਦਰਾਂ ਮਿੰਟਾਂ ਬਾਅਦ ਕੁਮਾਰ ਨੇ ਤੇਜਸਵੀ ਯਾਦਵ ਤੇ ਜੇਡੀਯੂ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਮੁੜ ਰਾਜਪਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੇ ਹਿੰਦੁਸਤਾਨੀ ਅਵਾਮ ਮੋਰਚਾ (ਐੱਚਏਐੱਮ) ਦੇ ਚਾਰ ਵਿਧਾਇਕਾਂ ਨੇ ਨਵੀਂ ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਦੀ ਪੇਸ਼ਕਸ਼ ਕੀਤੀ ਹੈ। ਤੇਜਸਵੀ ਯਾਦਵ ਨੇ ਕਿਹਾ, ‘‘ਨਿਤੀਸ਼ ਦੇਸ਼ ਦੇ ਸਭ ਤੋਂ ਤਜਰਬੇਕਾਰ ਮੁੱਖ ਮੰਤਰੀ ਹਨ, ਜਿਨ੍ਹਾਂ ਇਹ ਦਲੇਰਾਨਾ ਕਦਮ ਪੁੱਟਿਆ ਹੈ।’’
242 ਬਿਹਾਰ ਅਸੈਂਬਲੀ ਵਿੱਚ ਆਰਜੇਡੀ ਦੇ 79, ਭਾਜਪਾ ਦੇ 77 ਤੇ ਜੇਡੀਯੂ ਦੇ 44 ਵਿਧਾਇਕ ਹਨ। ਜੇਡੀਯੂ ਕੋਲ ਹਿੰਦੁਸਤਾਨੀ ਅਵਾਮ ਮੋਰਚਾ ਦੇ 4 ਤੇ 1 ਆਜ਼ਾਦ ਵਿਧਾਇਕ ਦੀ ਹਮਾਇਤ ਹੈ। ਹੋਰਨਾਂ ਪਾਰਟੀਆਂ ਵਿੱਚ ਕਾਂਗਰਸ ਦੇ 19, ਸੀਪੀਆਈਐੈੱਮਐੱਲ (ਐੱਲ) ਦੇ 12 ਤੇ ਸੀਪੀਆਈ ਤੇ ਸੀਪੀਐੱਮ ਦੇ 2-2 ਵਿਧਾਇਕ ਹਨ। 1 ਵਿਧਾਇਕ ਅਸਦੂਦੀਨ ਓਵਾਇਸੀ ਦੀ ਪਾਰਟੀ ਏਆਈਐੱਮਆਈਐੱਮ ਦਾ ਹੈ।
ਭਾਜਪਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਦਾ ‘ਨਿਰਾਦਰ ਤੇ ਵਿਸ਼ਵਾਸਘਾਤ’ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਨੇ ਕਿਹਾ ਕਿ ਨਿਤੀਸ਼ ਨੇ ਪ੍ਰਧਾਨ ਮੰਤਰੀ ਬਣਨ ਦੀ ਆਪਣੀ ਖਾਹਿਸ਼ ਨੂੰ ਪੂਰਾ ਕਰਨ ਲਈ ਹੀ ਜੇਡੀਯੂ ਨਾਲੋਂ ਤੋੜ-ਵਿਛੋੜਾ ਕਰਕੇ ਆਰਜੇਡੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਨਾਲ ਹੱਥ ਮਿਲਾਇਆ ਹੈ। ਭਾਜਪਾ ਆਗੂਆਂ ਨੇ ਚੇਤੇ ਕਰਵਾਇਆ ਕਿ ਨਿਤੀਸ਼ ਨੇ ਸਾਲ 2017 ਵਿੱਚ ਆਰਜੇਡੀ ਆਗੂ ਤੇਜਸਵੀ ਯਾਦਵ ’ਤੇ ਲੱਗੇ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦੇ ਹਵਾਲੇ ਨਾਲ ਹੀ ਮਹਾਗਠਬੰਧਨ ਸਰਕਾਰ ਨੂੰ ਅਲਵਿਦਾ ਆਖੀ ਸੀ ਤੇ ਹੁਣ ਉਹ ਇਸੇ ਗੱਠਜੋੜ ਨਾਲ ਸਾਂਝ ਪਾਉਣ ਦੇ ਆਪਣੇ ਫੈਸਲੇ ਨੂੰ ਕਿਵੇਂ ਤਰਕਸੰਗਤ ਠਹਿਰਾਉਣਗੇ। ਉਨ੍ਹਾਂ ਚੁਟਕੀ ਲੈਂਦਿਆਂ ਨਿਤੀਸ਼ ਕੁਮਾਰ ਨੂੰ ‘ਪਲਟੂ ਰਾਮ’ ਦੱਸਿਆ। ਬੀਤੇ ਵਿੱਚ ਸਭ ਤੋਂ ਪਹਿਲਾਂ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਨਿਤੀਸ਼ ਕੁਮਾਰ ’ਤੇ ਇਹ ਫਬਤੀ ਕੱਸੀ ਸੀ। ਉਧਰ ਆਰਸੀਪੀ ਸਿੰਘ, ਜੋ ਕਦੇ ਨਿਤੀਸ਼ ਦੇ ਬਹੁਤ ਨੇੜੇ ਸਨ, ਨੇ ਵੀ ਮੁੱਖ ਮੰਤਰੀ ’ਤੇ 2020 ਅਸੈਂਬਲੀ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ ਮਿਲੇ ਫ਼ਤਵੇ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਭਾਜਪਾ ਨੇ ਹੀ 1996 ਵਿੱਚ ਮੁੱਖ ਮੰਤਰੀ ਉਮੀਦਵਾਰ ਵਜੋਂ ਨਿਤੀਸ਼ ਦੇ ਨਾਂ ’ਤੇ ਮੋਹਰ ਲਾਈ ਸੀ। ਸਾਲ 2020 ਵਿੱਚ ਜੇਡੀਯੂ ਨਾਲੋਂ ਵੱਧ ਸੀਟਾਂ ਜਿੱਤਣ ਦੇ ਬਾਵਜੂਦ ਭਾਜਪਾ ਨੇ ਨਿਤੀਸ਼ ਨੂੰ ਮੁੱਖ ਮੰਤਰੀ ਦੀ ਕੁਰਸੀ ਦਿੱਤੀ। ਸਿੰਘ ਨੇ ਕਿਹਾ ਕਿ 2013 ਵਿੱਚ ਨਿਤੀਸ਼ ਦੇ ਮਨ ਵਿੱਚ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਸੀ, ਜਿਸ ਕਰਕੇ ਉਨ੍ਹਾਂ ਨੂੰ ਭਾਜਪਾ ਨਾਲੋਂ ਵੱਖ ਹੋਣ ਦਾ ਕਾਰਨ ਮਿਲ ਗਿਆ, ਹੁਣ ਫਿਰ ਉਹੀ ਖਾਹਿਸ਼ ਉਨ੍ਹਾਂ ਦੇ ਮਨ ਵਿੱਚ ਘਰ ਕਰ ਗਈ ਹੈ। ਸਿੰਘ ਨੇ ਕੁਮਾਰ ਨੂੰ ‘ਪਲਟੂ ਰਾਮ’ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਇਆ। ਤੇਜਸਵੀ ਯਾਦਵ ਨੇ ਵੀ 2017 ਵਿੱਚ ਕੁਮਾਰ ਲਈ ਇਹ ਫ਼ਬਤੀ ਵਰਤੀ ਸੀ। ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੇਕਰ ਭਾਜਪਾ, ਜੇਡੀਯੂ ਨੂੰ ਪ੍ਰੇਸ਼ਾਨ ਕਰ ਰਹੀ ਸੀ ਤਾਂ ਕੁਮਾਰ ਨੂੰ 2020 ਵਿੱਚ ਇਸ ਬਾਰੇ ਗੱਲ ਕਰਨੀ ਚਾਹੀਦੀ ਸੀ। ਪ੍ਰਸਾਦ ਨੇ ਕਿਹਾ ਕਿ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਵੋਟਾਂ ਲਈਆਂ ਤੇ ਹੁਣ ਸੱਤਾ ਦਾ ਸੁੱਖ ਭੋਗਣ ਲਈ ਲੋਕ ਫ਼ਤਵੇ ਦਾ ਨਿਰਾਦਰ ਕਰ ਰਹੇ ਹਨ। ਭਾਜਪਾ ਆਗੂ ਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਕੁਮਾਰ ਨੂੰ ‘ਮੌਕਾਪ੍ਰਸਤ’ ਦੱਸਿਆ।
Home Page ਬਿਹਾਰ ਸਿਆਸਤ: ਨਿਤੀਸ਼ ਕੁਮਾਰ ਨੇ ਐੱਨਡੀਏ ਗੱਠਜੋੜ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ...