ਬੀਬੀ ਜਸਬੀਰ ਕੌਰ ਦੀ ਅੰਤਿਮ ਅਰਦਾਸ ਮੌਕੇ ਪੰਥਕ ਆਗੂਆਂ ਨੇ ਸ਼ਹੀਦ ਪਰਿਵਾਰ ਦੇ ਯੋਗਦਾਨ ਦੀ ਕੀਤੀ ਚਰਚਾ

ਸ਼ਹੀਦ ਭਾਈ ਕੇਹਰ ਸਿੰਘ ਦੇ ਜੀਵਨ ਵਿੱਚਲੇ ਸਿਦਕ ਅਤੇ ਇਖਲਾਕ ਬਾਰੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ
1984 ’ਚ ਬੇਸ਼ਕ ਸਾਡੀ ਪੱਗ ’ਤੇ ਹਮਲਾ ਹੋਇਆ ਪਰ ਦਿੱਲੀ ਦੇ ਸਿੱਖਾਂ ਨੇ ਪਿੱਠ ਨਹੀਂ ਵਿਖਾਈ: ਜੀ.ਕੇ.
ਨਵੀਂ ਦਿੱਲੀ,18 ਅਕਤੂਬਰ  – ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਮੂਹ ਸਿੱਖਾਂ ਨੂੰ ਕੌਮੀ ਮਸਲਿਆਂ ’ਤੇ ਇਕਸੁਰ ਰੱਖਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਹੀਦ ਭਾਈ ਕੇਹਰ ਸਿੰਘ ਦੀ ਧਰਮ ਸੁਪਤਨੀ ਬੀਬੀ ਜਸਬੀਰ ਕੌਰ ਦੀ ਅੰਤਿਮ ਅਰਦਾਸ ਮੌਕੇ ਕੀਤਾ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਾਮਲੇ ’ਚ ਫਾਂਸੀ ਦੇ ਫੰਦੇ ਨੂੰ ਚੁੰਮਣ ਵਾਲੇ ਸ਼ਹੀਦ ਭਾਈ ਕੇਹਰ ਸਿੰਘ ਦੇ ਜੀਵਨ ਵਿਚਲੇ ਸਿਦਕ ਅਤੇ ਇਖ਼ਲਾਕ ਬਾਰੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ।
ਜਿਸ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਸ਼ਾਮਿਲ ਸਨ। ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਸ਼ਹੀਦ ਪਰਿਵਾਰ ਵੱਲੋਂ ਕੌਮ ਪ੍ਰਤੀ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ।
ਜੀ.ਕੇ. ਨੇ ਕਿਹਾ ਕਿ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਬਹੁਤ ਸੰਤਾਪ ਹੰਢਾਇਆ ਹੈ। ਅਸਲ ’ਚ 1984 ਨੂੰ ਸਹੀ ਮਾਇਨੇ ’ਚ ਦਿੱਲੀ ਸ਼ਹਿਰ ਨੇ ਆਪਣੇ ਪਿੰਡੇ ’ਤੇ ਹੰਢਾਇਆ ਹੈ। ਬੇਸ਼ੱਕ ਪੰਜਾਬ ’ਚ ਕਾਲੇ ਦੌਰ ਦੌਰਾਨ 25 ਤੋਂ 30 ਹਜ਼ਾਰ ਸਿੱਖ ਨੌਜਵਾਨ ਮਾਰਿਆ ਗਿਆ। ਪਰ ਪੰਜਾਬ ਤੋਂ ਬਾਹਰ ਨਵੰਬਰ 1984 ਦੌਰਾਨ 12 ਤੋਂ 15 ਹਜ਼ਾਰ ਸਿੱਖਾਂ ਦਾ ਕਤਲ ਹੋਇਆ। ਜੀ.ਕੇ. ਨੇ ਕਿਹਾ ਕਿ ਜਿਸ ਸ਼ਹਿਰ ’ਚ ਸਾਡਾ ਕਤਲ ਹੋਇਆ ਅਸੀਂ ਅੱਜ ਵੀ ਚੜ੍ਹਦੀਕਲਾ ਨਾਲ ਇਸ ਸ਼ਹਿਰ ਵਿਚ ਜਿਉਂਦੇ ਹੋਏ ਸੱਜਣ-ਟਾਈਟਲਰ ਵਰਗਿਆਂ ਨੂੰ ਕਾਨੂੰਨੀ ਚੱਕਰ ’ਚ ਫਸਾ ਕੇ ਰੱਖਿਆ ਹੋਇਆ ਹੈ। ਸੰਗਤ ’ਚ ਕਈ ਸਿੰਘ ਅਜਿਹੇ ਬੈਠੇ ਹਨ ਜਿਨ੍ਹਾਂ ’ਤੇ 1984 ਤੋਂ ਬਾਅਦ ਟਾਡਾ ਅਤੇ ਐਨ.ਐਸ.ਏ. ਤਹਿਤ ਪਰਚੇ ਦਰਜ ਹੋਏ ਹਨ।


ਜੀ.ਕੇ. ਨੇ 1984 ਕਤਲੇਆਮ ਤੋਂ ਬਾਅਦ ਆਮ ਚੋਣਾਂ ਦੌਰਾਨ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਲੋਕ ਸਭਾ ’ਚ ਪ੍ਰਾਪਤ ਹੋਈਆਂ ਸੀਟਾਂ ਨੂੰ ਫ਼ਿਰਕਾਪ੍ਰਸਤੀ ਦਾ ਸਿਖਰ ਦੱਸਿਆ। ਜੀ.ਕੇ. ਨੇ ਹੈਰਾਨੀ ਪ੍ਰਗਟਾਈ ਕਿ ਜਦੋਂ ਦੇਸ਼ ’ਚ ਆਜ਼ਾਦੀ ਮੌਕੇ ਕਾਂਗਰਸ ਤੋਂ ਇਲਾਵਾ ਚੋਣਾਂ ਲੜਨ ਵਾਲੀ ਕੋਈ ਵੱਡੀ ਸਿਆਸੀ ਪਾਰਟੀ ਨਹੀਂ ਸੀ ਉਸ ਵੇਲੇ ਵੀ ਜਵਾਹਰ ਲਾਲ ਨਹਿਰੂ ਅਤੇ 1971 ਦੀ ਜੰਗ ਬਾਅਦ ਅਜਿਹਾ ਕ੍ਰਿਸ਼ਮਾ ਕਰਨ ’ਚ ਇੰਦਰਾ ਗਾਂਧੀ ਵੀ ਨਾਕਾਮਯਾਬ ਰਹੀ ਸੀ। ਜੀ.ਕੇ. ਨੇ ਕਿਹਾ ਕਿ 1984 ’ਚ ਬੇਸ਼ੱਕ ਸਾਡੀ ਪੱਗ ’ਤੇ ਹਮਲਾ ਹੋਇਆ ਪਰ ਦਿੱਲੀ ਦੇ ਸਿੱਖਾਂ ਨੇ ਪਿੱਠ ਨਹੀਂ ਵਿਖਾਈ, ਨਾ ਝੁਕੇ ਸਗੋਂ ਹਰ ਕੌਮੀ ਮਸਲੇ ’ਤੇ ਯੋਧਿਆਂ ਵਾਂਗ ਹੁੰਗਾਰ ਭਰੀ। ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਉਸਾਰੀ ਗਈ ਯਾਦਗਾਰ ਨੂੰ ਕਾਤਲਾਂ ਦੇ ਮੂੰਹ ’ਤੇ ਚਪੇੜ ਲੱਗਣ ਵਜੋਂ ਪਰਿਭਾਸ਼ਿਤ ਕੀਤਾ।
ਭਾਈ ਰਣਜੀਤ ਸਿੰਘ ਨੇ ਭਾਈ ਕੇਹਰ ਸਿੰਘ ਦੇ ਫਾਂਸੀ ਚੜ੍ਹਨ ਦੇ ਪੂਰੇ ਸਫ਼ਰ ਨੂੰ ਬਿਆਨ ਕਰਦੇ ਹੋਏ ਸੀਨੀਅਰ ਵਕੀਲ ਰਾਮ ਜੇਠਮਲਾਨੀ ਵੱਲੋਂ ਭਾਈ ਕੇਹਰ ਸਿੰਘ ਲਈ ਲੜੀ ਗਈ ਕਾਨੂੰਨੀ ਲੜਾਈ ਪ੍ਰਤੀ ਜੇਠਮਲਾਨੀ ਦਾ ਧੰਨਵਾਦ ਵੀ ਜਤਾਇਆ। ਭਾਈ ਰਣਜੀਤ ਸਿੰਘ ਨੇ ਭਾਈ ਕੇਹਰ ਸਿੰਘ ਵੱਲੋਂ ਫਾਂਸੀ ਦੇ ਤਖ਼ਤੇ ’ਤੇ ਫਾਂਸੀ ਚੜ੍ਹਨ ਤੋਂ ਪਹਿਲਾ ਜਪੁਜੀ ਸਾਹਿਬ ਦਾ ਪਾਠ ਪੂਰੀ ਚੜ੍ਹਦੀਕਲਾ ਨਾਲ ਕਰਨ ਦਾ ਵੀ ਖ਼ੁਲਾਸਾ ਕੀਤਾ। ਭਾਈ ਰੋਡੇ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਚੁੱਕਣ ਦਾ ਕਾਰਜ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸੂਰਮਿਆਂ ਵੱਲੋਂ ਕਰਨ ਦਾ ਦਾਅਵਾ ਕੀਤਾ। ਭਾਈ ਰੋਡੇ ਨੇ ਕਿਹਾ ਕਿ ਭਾਈ ਕੇਹਰ ਸਿੰਘ ਅਤੇ ਸਾਥੀਆਂ ਨੇ ਕੌਮ ਦਾ ਮਾਨ ਵਧਾਇਆ ਹੈ।
ਮਾਨ ਨੇ ਦੁੱਖ ਦੀ ਘੜੀ ’ਚ ਸ਼ਹੀਦ ਪਰਿਵਾਰ ਦੇ ਨਾਲ ਖੜਨ ਵਾਸਤੇ ਦਿੱਲੀ ਕਮੇਟੀ ਦਾ ਧੰਨਵਾਦ ਜਤਾਉਂਦੇ ਹੋਏ ਫਾਂਸੀ ਚੜ੍ਹੇ ਸਿੰਘਾਂ ਦੇ ਅੰਤਿਮ ਸੰਸਕਾਰ ਦੀ ਥਾਂ ਅਤੇ ਤਰੀਕੇ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਬੀਤੇ ਲੰਬੇ ਸਮੇਂ ਤੋਂ ਲੜੀ ਜਾ ਰਹੀ ਲੜਾਈ ਦੀ ਵੀ ਜਾਣਕਾਰੀ ਦਿੱਤੀ। ਮਾਨ ਨੇ ਕਿਹਾ ਕਿ ਅਸੀਂ ਸ਼ਹੀਦ ਪਰਿਵਾਰ ਦੀ ਇੱਜ਼ਤ ਕਰਦੇ ਹਾਂ ਕਿਉਂਕਿ ਇਨ੍ਹਾਂ ਨੇ ਕੌਮ ਦੀ ਇੱਜ਼ਤ ਦੀ ਰਾਖੀ ਕੀਤੀ ਹੈ। ਸੰਸਦ ਤੋਂ ਸਰਕਾਰੀ ਦਫ਼ਤਰਾਂ ਤਕ ਸ਼ਹੀਦਾਂ ਦੇ ਅੰਤਿਮ ਸੰਸਕਾਰ ਦੀ ਜਾਣਕਾਰੀ ਲੈਣ ਲਈ ਮਾਨ ਨੇ ਉਨ੍ਹਾਂ ਵੱਲੋਂ ਕੀਤੀ ਗਈ ਜੱਦੋਜਹਿਦ ਨੂੰ ਨਿਰਾਸ਼ਾਜਨਕ ਦੱਸਿਆ।
ਮਾਨ ਨੇ ਕਿਹਾ ਕਿ ਸਾਡੀ ਫ਼ੌਜ ਦੇਸ਼ ਵਿਚ ਕੁਝ ਵੀ ਹੋ ਜਾਵੇ ਤਾਂ ਉੱਥੇ ਸਭ ਤੋਂ ਪਹਿਲੇ ਭੇਜੀ ਜਾਂਦੀ ਹੈ। ਪਰ ਨਵੰਬਰ 1984 ’ਚ ਸਿੱਖਾਂ ਦੇ ਕਤਲੇਆਮ ਮੌਕੇ ਦਿੱਲੀ ਸ਼ਹਿਰ ’ਚ ਅਮਨ ਬਹਾਲੀ ਲਈ ਫ਼ੌਜ ਨੂੰ ਉਤਾਰਨ ਤੋਂ ਗੁਰੇਜ਼ ਕੀਤਾ ਗਿਆ। ਦਿੱਲੀ ਸ਼ਹਿਰ ਨੇ ਜਿੱਥੇ ਮੁਸਲਮਾਨ ਬਾਦਸ਼ਾਹ ਤੈਮੂਰ, ਨਾਦਰਸ਼ਾਹ ਅਤੇ ਔਰੰਗਜ਼ੇਬ ਵੱਲੋਂ ਕੀਤੇ ਗਏ ਕਤਲੇਆਮ ਨੂੰ ਝੇਲਿਆ ਹੈ ਉੱਥੇ ਹੀ ਆਪਣੀ ਹੀ ਸਰਕਾਰ ਵੱਲੋਂ ਮਾਰੇ ਗਏ ਸਿੱਖਾਂ ਨੂੰ ਦੰਗਾ ਦੱਸਣ ਦੀ ਵੀ ਗੁਸਤਾਖ਼ੀ ਕੀਤੀ ਹੈ। ਨਿਆਂਪਾਲਿਕਾ ਅਤੇ ਕਾਰਜਪਾਲਿਕਾ ਦੀ ਇਸ ਮਸਲੇ ’ਤੇ ਧਾਰੀ ਚੁੱਪ ਨੂੰ ਗ਼ਲਤ ਦੱਸਦੇ ਹੋਏ ਮਾਨ ਨੇ ਦੇਸ਼ ਦੀ ਸੰਤੋ ਵੱਡੀ ਅਦਾਲਤ ਸੁਪਰੀਮ ਕੋਰਟ ’ਤੇ ਸਿੱਖਾਂ ਨੂੰ ਇਨਸਾਫ਼ ਨਾ ਦੇਣ ਦਾ ਵੀ ਦੋਸ਼ ਲਗਾਇਆ।
ਕੈਨੇਡਾ ਦੀ ਇੱਕ ਸੂਬਾ ਅਸੈਂਬਲੀ ਵੱਲੋਂ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਦੱਸਣ ਦੇ ਪਾਸ ਕੀਤੇ ਗਏ ਮਤੇ ਦਾ ਹਵਾਲਾ ਦਿੰਦੇ ਹੋਏ ਮਾਨ ਨੇ ਪੰਜਾਬ ਵਿਧਾਨਸਭਾ ਵੱਲੋਂ ਇਸ ਮਸਲੇ ’ਤੇ ਅਜੇ ਤਕ ਕੀਤੇ ਗਏ ਕਿਨਾਰੇ ’ਤੇ ਨਰਾਜ਼ਗੀ ਜਤਾਈ। ਮਾਨ ਨੇ ਖ਼ੁਲਾਸਾ ਕੀਤਾ ਕਿ ਦੇਸ਼ ਦੀ ਸੁਰੱਖਿਆ ਸਬੰਧੀ ਫ਼ੈਸਲੇ ਲੈਣ ਵਾਲੀਆਂ ਸੰਸਦ ਦੀਆਂ 2 ਸਰਬਉੱਚ ਕਮੇਟੀਆਂ ’ਚ ਸਿੱਖਾਂ ਦੀ ਭਾਗੀਦਾਰੀ ਨਹੀਂ ਹੈ। ਜਿਸ ਕਰਕੇ ਭਵਿੱਖ ’ਚ ਪਾਕਿਸਤਾਨ ਜਾਂ ਚੀਨ ਨਾਲ ਜੰਗ ਲੜਨ ਦਾ ਫ਼ੈਸਲਾ ਲੈਣ ਵੇਲੇ ਸਿੱਖ ਹੱਕਾਂ ਨੂੰ ਢਾਹ ਲੱਗਣ ਦਾ ਖ਼ਦਸ਼ਾ ਬਣਿਆ ਰਹੇਗਾ। ਕਿਉਂਕਿ ਦੋਵਾਂ ਮੁਲਕਾਂ ਦੇ ਨਾਲ ਜੰਗ ਵੇਲੇ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੋਵੇਗਾ।
ਪੀਰ ਮੁਹੰਮਦ ਨੇ ਇੰਦਰਾ ਗਾਂਧੀ ਕੱਤਲ ਕਾਂਡ ਦੇ ਦੋਸ਼ੀ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਯਾਦਗਾਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਉਣ ਦੀ ਦਿੱਲੀ ਕਮੇਟੀ ਤੋਂ ਮੰਗ ਕੀਤੀ। ਹਿਤ ਨੇ ਕਿਹਾ ਕਿ ਇੱਕ ਸੱਚਾ ਸਿੱਖ ਇਸ ਗੱਲ ਤੋਂ ਕਦੇ ਇਨਕਾਰੀ ਨਹੀਂ ਹੋ ਸਕਦਾ ਕਿ ਅਸੀਂ ਇੰਦਰਾ ਨੂੰ ਮਾਰਿਆ ਸੀ ਕਿਉਂਕਿ ਇੰਦਰਾ ਗਾਂਧੀ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ’ਤੇ ਜਿਹਾਦੀ ਮਾਨਸਿਕਤਾ ਨਾਲ ਤੋਪਾਂ ਰਾਹੀਂ ਹਮਲਾ ਕੀਤਾ ਸੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਸਣੇ ਕਈ ਪੰਥਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।