ਨਵੀਂ ਦਿੱਲੀ, 14 ਮਾਰਚ – ਸ਼ਹਿਰੀ ਹਵਾਬਾਜ਼ੀ ਸੁਰੱਖਿਆ ਨਿਗਰਾਨ ਬੀਸੀਏਐੱਸ ਨੇ ਹਵਾਈ ਅੱਡਿਆਂ ‘ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਕਿਰਪਾਨ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਬਿਊਰੋ ਆਫ਼ ਸਿਵਲ ਏਵੀਏਸ਼ਨ ਸਕਿਉਰਿਟੀ (ਬੀਸੀਏਐੱਸ) ਨੇ 4 ਮਾਰਚ ਨੂੰ ਭਾਰਤ ਦੇ ਕਿਸੇ ਵੀ ਹਵਾਈ ਅੱਡੇ ਅੰਦਰ ਏਵੀਏਸ਼ਨ ਸੈਕਟਰ ਦੇ ਸਿੱਖ ਮੁਲਾਜ਼ਮਾਂ ਦੇ ਕਿਰਪਾਨ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਸੀਏਐੱਸ ਦੇ ਇਸ ਕਦਮ ਦੀ ਆਲੋਚਨਾ ਕੀਤੀ ਸੀ। ਇਸ ਮਗਰੋਂ ਬੀਸੀਏਐੱਸ ਨੇ 12 ਮਾਰਚ ਨੂੰ ਪਾਬੰਦੀ ਹਟਾ ਲਈ ਸੀ। ਬੀਸੀਏਐੱਸ ਵੱਲੋਂ 4 ਮਾਰਚ ਨੂੰ ਜਾਰੀ ਹੁਕਮਾਂ ‘ਚ ਕਿਹਾ ਸੀ,”ਕਿਰਪਾਨ ਸਿਰਫ਼ ਸਿੱਖ ਯਾਤਰੂ ਹੀ ਨਾਲ ਲਿਜਾ ਸਕਦੇ ਹਨ। ਇਸ ਦੇ ਬਲੇਡ ਦੀ ਲੰਬਾਈ ਛੇ ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ ਅਤੇ ਕਿਰਪਾਨ ਦੀ ਕੁੱਲ ਲੰਬਾਈ 9 ਇੰਚ ਤੋਂ ਵਧ ਨਾ ਹੋਵੇ।”
ਉਨ੍ਹਾਂ ਕਿਹਾ ਸੀ ਕਿ ਕਿਰਪਾਨ ਪਹਿਨਣ ਦੀ ਇਜਾਜ਼ਤ ਮੁਸਾਫ਼ਰਾਂ ਨੂੰ ਸਿਰਫ਼ ਭਾਰਤ ਅੰਦਰ ਹਵਾਈ ਸਫ਼ਰ ਦੌਰਾਨ ਹੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘਰੇਲੂ ਜਾਂ ਕੌਮਾਂਤਰੀ ਕਿਸੇ ਵੀ ਟਰਮੀਨਲ ਸਮੇਤ ਹਵਾਈ ਅੱਡੇ ‘ਤੇ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਹੁਕਮਾਂ ‘ਤੇ ਰੋਸ ਜਤਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 9 ਮਾਰਚ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ 4 ਮਾਰਚ ਨੂੰ ਜਾਰੀ ਹੁਕਮ ਸਿੱਖਾਂ ਦੇ ਹੱਕਾਂ ‘ਤੇ ਹਮਲਾ ਹੈ। ਇਸ ਮਗਰੋਂ 12 ਮਾਰਚ ਨੂੰ ਬੀਸੀਏਐੱਸ ਨੇ ਆਪਣੇ ਹੁਕਮਾਂ ‘ਚ ਸੋਧ ਕੀਤੀ ਅਤੇ ਕਿਸੇ ਵੀ ਹਵਾਈ ਅੱਡੇ ‘ਤੇ ਕੰਮ ਕਰਦੇ ਸਿੱਖ ਮੁਲਾਜ਼ਮਾਂ ਵੱਲੋਂ ਕਿਰਪਾਨ ਧਾਰਨ ਕਰਨ ‘ਤੇ ਲਾਈ ਗਈ ਪਾਬੰਦੀ ਵਾਲਾ ਪੈਰਾ ਹਟਾ ਦਿੱਤਾ ਗਿਆ।
Home Page ਬੀਸੀਏਐੱਸ ਨੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਦੇ ਕਿਰਪਾਨ ‘ਤੇ ਰੋਕ ਸਬੰਧੀ ਹੁਕਮ ਵਾਪਸ...