ਬੈਡਮਿੰਟਨ: ਭਾਰਤ ਦੀ ਸਿੰਧੂ ਨੇ ਚੀਨ ਦੀ ਵਾਂਗ ਜ਼ੀ ਯੀ ਨੂੰ ਹਰਾ ਕੇ ਸਿੰਗਾਪੁਰ ਓਪਨ ਖਿਤਾਬ ਜਿੱਤਿਆ

ਸਿੰਗਾਪੁਰ, 17 ਜੁਲਾਈ – ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਭਾਰਤ ਦੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਇੱਥੇ ਐਤਵਾਰ ਨੂੰ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਚੀਨ ਦੀ ਵਾਂਗ ਜ਼ੀ ਯੀ ਨੂੰ ਹਰਾ ਕੇ ਸਿੰਗਾਪੁਰ ਓਪਨ ਸੁਪਰ 500 ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਉਸ ਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜੇਤੂ 22 ਸਾਲਾ ਵਾਂਗ ਨੂੰ 21-9, 11-21, 21-15 ਨਾਲ ਹਰਾਇਆ। ਸਿੰਧੂ ਦਾ ਇਸ ਸੀਜ਼ਨ ਦਾ ਇਹ ਤੀਜਾ ਖਿਤਾਬ ਹੈ। ਪਹਿਲੀ ਗੇਮ ’ਚ ਪਹਿਲੇ ਦੋ ਅੰਕ ਗੁਆਉਣ ਤੋਂ ਬਾਅਦ ਉਸ ਨੇ ਡਰਿਫਟ ਦੀ ਮਦਦ ਨਾਲ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ। ਦੂਜੀ ਗੇਮ ਵਿੱਚ ਵਾਂਗ ਜੇਤੂ ਰਹੀ। ਤੀਜੇ ਅਤੇ ਫੈਸਲਾਕੁਨ ਗੇਮ ਵਿੱਚ ਸਖ਼ਤ ਟੱਕਰ ਦੇਖਣ ਨੂੰ ਮਿਲੀ। ਇਸ ਦੌਰਾਨ ਸਿੰਧੂ ਨੇ ਸ਼ਾਨਦਾਰ ਖੇਡ ਕਾਇਮ ਰੱਖਦਿਆਂ ਖਿਤਾਬ ਆਪਣੇ ਨਾਮ ਕਰ ਲਿਆ।