ਬੈਰੂਤ, 5 ਅਗਸਤ – ਲੈਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਹਾਲ ਦੇ ਸਾਲਾਂ ਦੇ ਸਭ ਤੋਂ ਭਿਆਨਕ ਬੰਬ ਧਮਾਕੇ ਵਿੱਚ 75 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਜਦੋਂ ਕਿ ਢਾਈ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਉੱਥੇ ਦੇ ਸਿਹਤ ਮੰਤਰੀ ਨੇ ਦਿੱਤੀ। ਸੰਦੇਹ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੋ ਸਕਦੀ ਹੈ। ਹੁਣੇ ਵੀ ਵੱਡੀ ਗਿਣਤੀ ‘ਚ ਲੋਕ ਮਲਬੇ ਵਿੱਚ ਦੱਬੇ ਹਨ। ਮੁਕਾਮੀ ਰੈੱਡਕਰਾਸ ਅਧਿਕਾਰੀ ਨੇ ਅਣਗਿਣਤਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਹੈ। ਇਸਰਾਈਲ ਨੇ ਧਮਾਕੇ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੂਰ-ਦੂਰ ਤੱਕ ਦੀਆਂ ਇਮਾਰਤਾਂ ਵਿੱਚ ਲੱਗੇ ਸ਼ੀਸ਼ੇ ਟੁੱਟ ਗਏ ਅਤੇ ਆਸਪਾਸ ਦੀਆਂ ਇਮਾਰਤਾਂ ਦੀ ਬਾਲਕਨੀਆਂ ਧਰਾ ਸ਼ਾਹੀ ਹੋ ਗਈਆਂ।
ਲੈਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਕਿਹਾ ਕਿ ਇੱਕ ਗੋਦਾਮ ਵਿੱਚ 2750 ਟਨ ਅਮੋਨੀਅਮ ਨਾਈਟ੍ਰੇਟ ਸਾਲਾਂ ਤੋਂ ਜਮ੍ਹਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਧਮਾਕਾ ਅਸਵੀਕਾਰਨਯੋਗ ਹੈ, ਦੋਸ਼ੀ ਨੂੰ ਲੱਭ ਕੇ ਸਜ਼ਾ ਦਬਾਉਣ ਤੱਕ ਆਰਾਮ ਨਾਲ ਨਹੀਂ ਬੈਠਾਂਗੇ। ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਪਹਿਲਾਂ ਇਕ ਡੁੱਬ ਰਹੇ ਸਮੁੰਦਰੀ ਜਹਾਜ਼ ਵਿਚੋਂ ਕੈਮੀਕਲ ਜ਼ਬਤ ਕੀਤੇ ਗਏ ਸਨ।
ਧਮਾਕੇ ਦੀ ਅਵਾਜ਼ ਕਈ ਮੀਲ ਦੂਰ ਤੱਕ ਸੁਣੀ ਗਈ। ਲੋਕਾਂ ਨੇ ਸਮਝਿਆ ਕਿ ਭੁਚਾਲ ਆ ਗਿਆ ਹੈ ਅਤੇ ਉਹ ਬੇਤਹਾਸ਼ਾ ਭੱਜਣ ਲੱਗੇ, ਪਰ ਜਦੋਂ ਹਾਲਤ ਦੀ ਜਾਣਕਾਰੀ ਮਿਲੀ ਤਾਂ ਲੋਕ ਆਪਣਿਆਂ ਦੀ ਤਲਾਸ਼ ਵਿੱਚ ਧਮਾਕੇ ਵਾਲੀ ਥਾਂ ਦੇ ਵੱਲ ਭੱਜੇ। ਕੁੱਝ ਹੀ ਦੇਰ ਵਿੱਚ ਘਟਨਾ ਵਾਲੀ ਥਾਂ ਦੇ ਆਸਪਾਸ ਹਜ਼ਾਰਾਂ ਲੋਕਾਂ ਦੀ ਭੀੜ ਲੱਗ ਗਈ। ਅਜਿਹੇ ਵਿੱਚ ਜ਼ਖ਼ਮੀਆਂ ਤੱਕ ਪੁੱਜਣ ਅਤੇ ਉੱਥੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਕਾਰਜ ਵਿੱਚ ਲੱਗੀ ਐਂਬੂਲੈਂਸ ਨੂੰ ਕਠਨਾਈ ਦਾ ਸਾਹਮਣਾ ਕਰਨਾ ਪਿਆ। ਜਿੱਥੇ ਧਮਾਕਾ ਹੋਇਆ ਹੈ, ਉਹ ਬੰਦਰਗਾਹ ਦੇ ਨਜ਼ਦੀਕ ਦਾ ਇਲਾਕਾ ਹੈ ਅਤੇ ਉਸ ਥਾਂ ਉੱਤੇ ਕੰਪਨੀਆਂ ਦੇ ਗੁਦਾਮ ਹਨ।
ਸੂਤਰਾਂ ਨੇ ਕਿਸੇ ਕੈਮੀਕਲ ਦੇ ਗੁਦਾਮ ਵਿੱਚ ਵਿਸਫੋਟ ਹੋਣ ਦਾ ਵੀ ਖ਼ਦਸ਼ਾ ਜਤਾਇਆ ਹੈ। ਜਾਂਚ ਕਾਰਜ ਸ਼ੁਰੂ ਹੋ ਗਿਆ ਹੈ। ਧਮਾਕੇ ਦੇ ਬਾਅਦ ਦੇ ਹਾਲਾਤ ਦੇ ਫੁਟੇਜ਼ ਮੁਕਾਮੀ ਲੋਕ ਸੋਸ਼ਲ ਮੀਡੀਆ ਉੱਤੇ ਪਾ ਰਹੇ ਹਨ। ਕਈ ਜ਼ਖ਼ਮੀਆਂ ਦੀ ਦਿਲ ਹਿਲਾਉਣ ਵਾਲੀ ਹਾਲਤ ਹੈ।
Home Page ਬੈਰੂਤ ਵਿੱਚ ਹੋਏ ਜ਼ੋਰਦਾਰ ਬੰਬ ਧਮਾਕੇ ਵਿੱਚ ਦਰਜਨਾਂ ਲੋਕਾਂ ਦੀ ਮੌਤ, ਢਾਈ...