ਬਰੱਸਲਜ਼ – 22 ਮਾਰਚ ਦਿਨ ਮੰਗਲਵਾਰ ਨੂੰ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਵਿਖੇ ਕੀਤੇ ਗਏ ਤਿੰਨ ਲੜੀਵਾਰ ਬੰਬ ਧਮਾਕਿਆਂ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਤਿਵਾਦੀਆਂ ਵੱਲੋਂ ਕੀਤੇ ਗਏ ਲੜੀਵਾਰ ਆਤਮਘਾਤੀ ਬੰਬ ਧਮਾਕਿਆਂ ਵਿੱਚ 35 ਵਿਅਕਤੀ ਮਾਰੇ ਗਏ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਧਮਾਕਿਆਂ ਦੇ ਕਰਕੇ ਬੈਲਜੀਅਮ ਨੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਚਾਰਲਸ ਮਾਈਕਲ ਨੇ ਇਸ ਹਮਲੇ ਨੂੰ ਹਿੰਸਕ ਤੇ ਕਾਇਰਾਨਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਤ੍ਰਾਸਦੀ ਦਾ ਦਿਨ ਹੈ ਤੇ ਕਾਲਾ ਦਿਨ ਹੈ। ਖ਼ਬਰ ਮੁਤਾਬਿਕ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈਐੱਸਆਈਐੱਸ) ਨੇ ਆਪਣੇ ਸਿਰ ਲੈ ਲਈ ਹੈ। ਧਮਾਕਿਆਂ ਬਾਅਦ ਬੈਲਜੀਅਮ ਵਿੱਚ ਵੱਡੇ ਅਤਿਵਾਦੀ ਖ਼ਤਰੇ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਪੂਰੇ ਯੂਰਪ ਵਿੱਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ।
ਬਰੱਸਲਜ਼ ਦੇ ਜੁਵੈਂਟਮ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੋ ਬੰਬ ਧਮਾਕੇ ਹੋਏ ਅਤੇ ਇਕ ਧਮਾਕਾ ਮਾਲਬੀਕ ਮੈਟਰੋ ਸਟੇਸ਼ਨ ਨੇੜੇ ਹੋਇਆ, ਇਨ੍ਹਾਂ ਲੜੀਵਾਰ ਹੋਏ ਧਮਾਕਿਆਂ ਦੇ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ ਤੇ ਲੋਕ ਇੱਧਰ-ਉੱਧਰ…… ਭੱਜਦੇ ਨਜ਼ਰ ਆਏ। ਜੁਵੈਂਟਮ ਹਵਾਈ ਅੱਡੇ ‘ਤੇ ਅਮਰੀਕੀ ਏਅਰਲਾਈਨਜ਼ ਦੇ ਚੈਕਿੰਗ ਅਤੇ ਨਿਕਾਸੀ ਹਾਲ ਕੋਲ ਸਥਾਨਕ ਸਮੇਂ ਸਵੇਰੇ 8 ਵਜੇ ਦੇ ਲਗਭਗ ਦੋ ਧਮਾਕੇ ਹੋਏ। ਪੁਲੀਸ ਮੁਤਾਬਿਕ ਇਸ ਹਮਲੇ ਵਿੱਚ ਇਕ ਆਤਮਘਾਤੀ ਹਮਲਾਵਰ ਸ਼ਾਮਲ ਹੋ ਸਕਦਾ ਹੈ। ਤੀਜਾ ਧਮਾਕਾ ਯੂਰਪੀ ਸੰਘ ਦੀ ਮੁੱਖ ਇਮਾਰਤ ਦੇ ਨੇੜੇ ਮਾਲਬੀਕ ਮੈਟਰੋ ਸਟੇਸ਼ਨ ‘ਤੇ ਹੋਇਆ। ਦਫ਼ਤਰਾਂ ਦਾ ਸਮਾਂ ਹੋਣ ਕਾਰਨ ਮੈਟਰੋ ਸਟੇਸ਼ਨ ‘ਤੇ ਭੀੜ ਸੀ ਤੇ ਨਾਲ ਹੀ ਹਵਾਈ ਅੱਡੇ ‘ਤੇ ਜਹਾਜ਼ ਚੜ੍ਹਨ ਵਾਲਿਆਂ ਦੀ ਵੱਡੀ ਗਿਣਤੀ ਸੀ। ਹਵਾਈ ਅੱਡੇ ‘ਤੇ 15 ਵਿਅਕਤੀ ਮਾਰੇ ਗਏ ਤੇ 90 ਤੋਂ ਵੱਧ ਜ਼ਖ਼ਮੀ ਹੋਏ ਜਦੋਂ ਕਿ ਮੈਟਰੋ ਸਟੇਸ਼ਨ ‘ਤੇ ਹੋਏ ਧਮਾਕਿਆਂ ਵਿੱਚ ਲਗਭਗ 20 ਵਿਅਕਤੀ ਮਾਰੇ ਗਏ ਤੇ 106 ਜ਼ਖ਼ਮੀ ਹੋਏ। ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਤੋਂ ਪਹਿਲਾਂ ਅਰਬੀ ਭਾਸ਼ਾ ਵਿੱਚ ਨਾਅਰੇਬਾਜ਼ੀ ਵੀ ਸੁਣੀ ਗਈ। ਇਸ ਧਮਾਕੇ ਵਿੱਚ ਬਹੁਤ ਸਾਰੇ ਲੋਕਾਂ ਦੇ ਅੰਗ ਉੱਡ ਗਏ। ਧਮਾਕਿਆਂ ਬਾਅਦ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਅਤੇ ਬੱਸਾਂ, ਰੇਲ ਗੱਡੀਆਂ, ਮੈਟਰੋ ਤੇ ਟਰੈਮ ਰੋਕ ਦਿੱਤੀਆਂ ਗਈਆਂ। ਹਮਲਿਆਂ ਬਾਅਦ ਯੂਰਪ ਦੇ ਆਗੂਆਂ ਨੇ ਬੈਲਜੀਅਮ ਪ੍ਰਤੀ ਹਮਦਰਦੀ ਤੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਗੁਆਂਢੀ ਦੇਸ਼ਾਂ ਫਰਾਂਸ, ਜਰਮਨੀ ਤੇ ਹਾਲੈਂਡ ਦੇ ਨਾਲ ਹੀ ਬਰਤਾਨੀਆ ਨੇ ਵੀ ਹਵਾਈ ਅੱਡਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ।
ਇਹ ਧਮਾਕੇ ਬੈਲਜੀਅਮ ਵਿੱਚ ਫਰਾਂਸ ਹਮਲੇ ਦੇ ਮੁੱਖ ਮੁਲਜ਼ਮ ਸਾਲੇਹ ਅਬਦੇਸਲੇਮ ਦੀ ਨਾਟਕੀ ਢੰਗ ਨਾਲ ਹੋਈ ਗ੍ਰਿਫ਼ਤਾਰੀ ਦੇ ਅਗਲੇ ਹੀ ਦਿਨ ਹੋਏ ਹਨ। ਉਹ ਚਾਰ ਮਹੀਨਿਆਂ ਤੋਂ ਫ਼ਰਾਰ ਸੀ। ਗੌਰਤਲਬ ਹੈ ਕਿ 13 ਨਵੰਬਰ, 2015 ਨੂੰ ਪੈਰਿਸ ਵਿੱਚ 130 ਲੋਕਾਂ ਦੀ ਜਾਨ ਲੈਣ ਵਾਲੇ ਪੈਰਿਸ ਅੱਤਵਾਦੀ ਹਮਲਿਆਂ ਦੇ ਮੁੱਖ ਸ਼ੱਕੀ ਸਾਲੇਹ ਅਬਦੇਸਲੇਮ ਨੂੰ ਸ਼ੁੱਕਰਵਾਰ ਨੂੰ ਨਾਟਕੀ ਤਰੀਕੇ ਨਾਲ ਗ੍ਰਿਫ਼ਤਾਰ ਕੀਤੇ ਜਾਣ ਬਾਅਦ ਹੋਏ ਹਨ। ਬੈਲਜੀਅਮ ਦੇ ਗ੍ਰਹਿ ਮੰਤਰੀ ਜਨ ਜਾਮਬੋਨ ਨੇ ਕਿਹਾ ਸੀ ਕਿ 26 ਸਾਲਾ ਅਬਦੇਸਲਾਮ ਦੀ ਗ੍ਰਿਫ਼ਤਾਰੀ ਬਾਅਦ ਸੰਭਾਵਿਤ ਬਦਲੇ ਦੀ ਕਾਰਵਾਈ ਲਈ ਦੇਸ਼ ਤਿਆਰ ਹੈ। ਜ਼ਿਕਰਯੋਗ ਹੈ ਕਿ ਫਰਾਂਸ ਅਬਦੇਸਲਾਮ ਦੀ ਹਵਾਲਗੀ ਚਾਹੁੰਦਾ ਹੈ ਤਾਂ ਜੋ ਉਹ ਪਿਛਲੇ ਸਾਲ ਨਵੰਬਰ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ ਉਸ ਦੀ ਭੂਮਿਕਾ ਨੂੰ ਲੈ ਕੇ ਉਸ ਖ਼ਿਲਾਫ਼ ਮੁਕੱਦਮਾ ਚਲਾਇਆ ਜਾ ਸਕੇ।
ਦੋ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ
ਬਰੱਸਲਜ਼ (ਏਜੰਸੀ) – ਪੁਲਿਸ ਨੇ ਬਰੱਸਲਜ਼ ਅਤਿਵਾਦੀ ਹਮਲੇ ਨਾਲ ਸਬੰਧਿਤ ਦੋ ਸ਼ੱਕੀ ਆਤਮਘਾਤੀ ਹਮਲਾਵਰਾਂ ਦੀ ਤਸਵੀਰ ਵੀ ਜਾਰੀ ਕੀਤੀ ਹਨ ਇਹ ਹਮਲਾਵਰ ਪੈਰਿਸ ਹਮਲੇ ਦੇ ਮਾਮਲੇ ਵਿੱਚ ਵੀ ਸ਼ੱਕੀ ਮੰਨੇ ਹਨ। ਇਨ੍ਹਾਂ ਦੇ ਨਾਂਅ ਨਾਜਿਮ ਲਾਚਰਾਉ ਤੇ ਮੁਹੰਮਦ ਅਬਰਿਨੀ ਦੱਸੇ ਜਾ ਰਹੇ ਹਨ ਜੋ ਪੈਰਿਸ ਹਮਲੇ ਦੇ ਦੋਸ਼ੀ ਅਬਦੇਸਲੇਮ ਦੇ ਸੰਪਰਕ ਵਿੱਚ ਰਹੇ ਦੱਸੇ ਜਾਂਦੇ ਹਨ। ਇਨ੍ਹਾਂ ਪੁਲਿਸ ਵੱਲੋਂ ਇਨ੍ਹਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਸ਼ੱਕੀ ਅਤਿਵਾਦੀ ਨਾਜਿਮ (24) ਨੂੰ ਬੰਬ ਮਾਹਿਰ ਮੰਨਿਆ ਜਾਂਦਾ ਹੈ, ਉਹ ਫਰਵਰੀ 2013 ਵਿੱਚ ਸੀਰੀਆ ਦੌੜ ਗਿਆ ਸੀ ਤੇ ਯੂਰਪ ਵਿੱਚ ਆਪਣੇ ਜਾਅਲੀ ਨਾਂਅ ਸੌਤੇਨ ਕਆਲ ਦੇ ਨਾਂਅ ‘ਤੇ ਵਾਪਸ ਪਰਤਿਆ। ਉਹ ਅਬਦੇਸਲਾਮ ਨੂੰ ਮਿਲਣ ਖ਼ਾਤਰ ਹੰਗਰੀ ਗਿਆ ਸੀ। ਮੁਹੰਮਦ ਅਬਰਿਨੀ (30) ਜੋ ਬੈਲਜੀਅਮ ਦੇ ਮੋਰੋਕੈਮ ਇਲਾਕੇ ਵਿੱਚ ਅਬਦੇਸਲੇਮ ਨਾਲ ਵੇਖਿਆ ਗਿਆ ਜੋ ਅਬਦੇਸਲੇਮ ਦਾ ਬਚਪਨ ਦਾ ਸਾਥੀ ਰਿਹਾ ਹੈ। ਇਨ੍ਹਾਂ ਦੋਵਾਂ ਅਤਿਵਾਦੀਆਂ ਦੇ ਡੀ.ਐਨ.ਏ. ਕੁੱਝ ਅਤਿਵਾਦੀ ਹਮਲਿਆਂ ਵਾਲੇ ਸਥਾਨਾਂ ‘ਤੇ ਵੀ ਮਿਲੇ।
International News ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ‘ਚ ਲੜੀਵਾਰ ਅਤਿਵਾਦੀ ਹਮਲੇ