
ਸੈਕਰਾਮੈਂਟੋ, 10 ਨਵੰਬਰ (ਹੁਸਨ ਲੜੋਆ ਬੰਗਾ) – ਸੈਕਰਾਮੈਂਟੋ ਦੇ ਨਾਲ ਲਗਦੇ ਸ਼ਹਿਰ ਐਲਕ ਗਰੋਵ ਦੀ ਮੌਜੂਦਾ ਮੇਅਰ ਬੌਬੀ ਸਿੰਘ ਐਲਨ ਭਾਰੀ ਬਹੁਮਤ ਨਾਲ ਦੁਬਾਰਾ ਚੋਣ ਜਿੱਤ ਗਏ ਹਨ। ਇਹ ਚੋਣ ਜਿੱਤ ਕੇ ਉਹ ਲਗਾਤਾਰ ਦੂਜੀ ਵਾਰ ਮੇਅਰ ਬਣੇ ਹਨ। ਆਖਰੀ ਖ਼ਬਰਾਂ ਮਿਲਣ ਤੱਕ ਉਨ੍ਹਾਂ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਪੈ ਚੁੱਕੀਆਂ ਸਨ, ਜਦਕਿ ਉਨ੍ਹਾਂ ਦੇ ਵਿਰੋਧੀ ਬਰਾਇਨ ਪਾਸਟਰ ਨੂੰ 5500 ਵੋਟਾਂ ਨਾਲ ਹੀ ਸਬਰ ਕਰਨਾ ਪਿਆ।
ਬੌਬੀ ਸਿੰਘ ਐਲਨ ਨੇ 65 ਫੀਸਦੀ ਵੋਟਾਂ ਹਾਸਲ ਕੀਤੀਆਂ, ਜਦਕਿ ਬਰਾਇਨ ਪਾਸਟਰ ਨੂੰ 36 ਫੀਸਦੀ ਵੋਟਾਂ ਪ੍ਰਾਪਤ ਹੋਈਆਂ। ਜ਼ਿਕਰਯੋਗ ਹੈ ਕਿ ਬੌਬੀ ਸਿੰਘ ਐਲਨ ਅਮਰੀਕਾ ਵਿਚ ਪਹਿਲੀ ਪੰਜਾਬੀ ਔਰਤ ਚੋਣ ਜਿੱਤ ਕੇ ਮੇਅਰ ਬਣੀ ਹੈ। ਪਿਛਲੀਆਂ ਚੋਣਾਂ ਵੀ ਉਸ ਨੇ ਭਾਰੀ ਬਹੁਮਤ ਨਾਲ ਜਿੱਤੀਆਂ ਸਨ। ਉਪਰੰਤ ਐਲਕ ਗਰੋਵ ਸਿਟੀ ਦੇ ਬਹੁਤ ਸਾਰੇ ਪ੍ਰਾਜੈਕਟ ਲਿਆਉਣ ਵਿਚ ਉਸ ਨੇ ਭੂਮਿਕਾ ਨਿਭਾਈ ਜਿਸ ਦੌਰਾਨ ਐਲਕ ਗਰੋਵ ਸਿਟੀ ’ਚ ਕੈਸੀਨੋ ਬਣਨ ਨਾਲ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।
ਇਸ ਤੋਂ ਇਲਾਵਾ ਇਥੇ ਚਿੜੀਆਘਰ, ਹਸਪਤਾਲ ਅਤੇ ਹੋਰ ਬਹੁਤ ਸਾਰੇ ਪ੍ਰਾਜੈਕਟ ਆ ਰਹੇ ਹਨ। ਅੱਜ ਲੰਘੀ ਰਾਤ ਜਿੱਤ ਦੋਰਾਨ ਸਹਿਯੋਗੀਆਂ ਦੇ ਇਕੱਠ ਵਿੱਚ ਉਸਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਰਤੀ ਮੂਲ ਦਾ ਕਾਂਗਰਸਮੈਨ ਐਮੀ ਬੇਰਾ ਵੀ ਇਸ ਮੌਕੇ ਹਾਜਰ ਸੀ, ਉਨ੍ਹਾਂ ਦੇ ਜਿੱਤਣ ’ਤੇ ਪੰਜਾਬਿਆਂ ਭਾਈਚਾਰੇ ਦਾ ਮਾਣ ਵਧਿਆ ਹੈ ।ਵਰਨਣਯੋਗ ਹੈ ਕਿ ਬੌਬੀ ਸਿੰਘ ਦਾ ਪਿਛੋਕੜ ਜਲੰਧਰ ਨਾਲ ਹੈ ਤੇ ਨਾਮਵਰ ਵਿਆਕਤੀ ਲੱਖੀ ਸਿੰਘ ਦੀ ਬੇਟੀ ਹੈ।