ਲੰਡਨ, 7 ਜੁਲਾਈ – ਬ੍ਰਿਟੇਨ ਵਿੱਚ ਸਿਆਸੀ ਉਥਲ-ਪੁਥਲ ਦੇ ਵਿਚਕਾਰ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬ੍ਰਿਟਿਸ਼ ਮੀਡੀਆ ਮੁਤਾਬਿਕ ਬੋਰਿਸ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੀਬੀਸੀ ਮੁਤਾਬਿਕ ਇਸ ਅਸਤੀਫ਼ੇ ਤੋਂ ਬਾਅਦ ਵੀ ਉਹ ਕੁੱਝ ਸਮੇਂ ਲਈ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ 10 ਡਾਊਨਿੰਗ ਸਟ੍ਰੀਟ ਤੋਂ ਆਪਣੇ ਸੰਬੋਧਨ ‘ਚ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਦੁਨੀਆ ਦਾ ਸਭ ਤੋਂ ਵਧੀਆ ਅਹੁਦਾ ਛੱਡਣ ਤੋਂ ਦੁਖੀ ਹਨ।
ਗੌਰਤਲਬ ਹੈ ਕਿ ਭਾਰਤੀ ਮੂਲ ਦੇ ਬਰਤਾਨੀਆ ਦੇ ਚੋਟੀ ਦੇ ਮੰਤਰੀਆਂ ਰਿਸ਼ੀ ਸੂਨਕ (42) ਤੇ ਪਾਕਿਸਤਾਨੀ ਮੂਲ ਦੇ ਬਰਤਾਨਵੀ ਨਾਗਰਿਕ ਸਾਜਿਦ ਜਾਵੇਦ (52) ਵੱਲੋਂ ਅਚਾਨਕ ਅਸਤੀਫ਼ੇ ਦੇਣ ਤੋਂ ਬਾਅਦ ਬੋਰਿਸ ਜੌਹਨਸਨ ਦੇ ਪ੍ਰਧਾਨ ਮੰਤਰੀ ਬਣੇ ਰਹਿਣ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਸੀ। ਨਾਟਕੀ ਢੰਗ ਨਾਲ ਅਸਤੀਫ਼ੇ ਦਿੰਦਿਆਂ ਰਿਸ਼ੀ ਤੇ ਜਾਵੇਦ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਸੰਕਟ ਵਿੱਚ ਘਿਰੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੋਈ ਭਰੋਸਾ ਨਹੀਂ ਰਿਹਾ ਤੇ ਉਹ ਘੁਟਾਲਿਆਂ ਵਿੱਚ ਘਿਰੀ ਸਰਕਾਰ ਲਈ ਕੰਮ ਨਹੀਂ ਕਰ ਸਕਦੇ। ਦੋਵਾਂ ਨੇ ਮੰਗਲਵਾਰ ਸ਼ਾਮ ਟਵਿੱਟਰ ਉੱਤੇ ਆਪਣੇ ਅਸਤੀਫ਼ੇ ਪੋਸਟ ਕਰ ਦਿੱਤੇ ਸਨ। ਬਰਤਾਨੀਆ ਦੇ ਵਿੱਤੀ ਸੇਵਾਵਾਂ ਬਾਰੇ ਮੰਤਰੀ ਜੌਹਨ ਗਲੈੱਨ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਮੰਤਰੀਆਂ ਦੇ ਅਸਤੀਫ਼ੇ ਨਾਲ ਪ੍ਰਧਾਨ ਮੰਤਰੀ ਜੌਹਨਸਨ ਨੂੰ ਵੱਡਾ ਝਟਕਾ ਲੱਗਾ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਕ੍ਰਿਸ ਪਿੰਚਰ ਦਾ ਮਾਮਲਾ ਨਜਿੱਠਣ ਬਾਰੇ ਵੀ ਜੌਹਨਸਨ ਸਰਕਾਰ ‘ਤੇ ਗੰਭੀਰ ਦੋਸ਼ ਲੱਗੇ ਸਨ। ਜੌਹਨਸਨ ਨੇ ਪਿੰਚਰ ਨੂੰ ਉਪ ਮੁੱਖ ਵਿਪ੍ਹ ਨਿਯੁਕਤ ਕੀਤਾ ਸੀ ਤੇ ਉਸ ਖ਼ਿਲਾਫ਼ ਮਾੜੇ ਵਿਹਾਰ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਜੌਹਨਸਨ ਦੇ ਇਸ ਫ਼ੈਸਲੇ ਦੀ ਨਿੰਦਾ ਵੀ ਹੋਈ ਸੀ।
Home Page ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਸਤੀਫ਼ਾ ਦਿੱਤਾ