ਮੈਨਚੈਸਟਰ, 23 ਮਈ – ਬ੍ਰਿਟੇਨ ਦੇ ਸ਼ਹਿਰ ਮੈਨਚੈਸਟਰ ‘ਚ 22 ਮਈ ਦਿਨ ਸੋਮਵਾਰ ਰਾਤ ਨੂੰ ਮੁੜ ਅਤਿਵਾਦੀ ਹਮਲਾ ਹੋਇਆ। ਇੱਥੇ ਮਸ਼ਹੂਰ ਪੌਪ ਸਿੰਗਰ ਅਰਿਆਨਾ ਗ੍ਰਾਂਡੇ ਦੇ ਕਾਂਸਰਟ ਦੌਰਾਨ ਹੋਏ ੨ ਧਮਾਕਿਆਂ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ 59 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ਅਤਿਵਾਦੀ ਹਮਲਾ ਦੱਸਿਆ ਹੈ, ਪੁਲਿਸ ਨੇ ਲੋਕਾਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ। ਪੁਲਿਸ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਜ਼ਖ਼ਮੀ ਲੋਕਾਂ ਦੀ ਤੁਰੰਤ ਮਦਦ ਕੀਤੀ ਜਾ ਰਹੀ ਹੈ ਅਤੇ ਜ਼ਖਮੀਆਂ ਦੀ ਗਿਣਤੀ ਦੇ ਬਾਰੇ ਵਿੱਚ ਛੇਤੀ ਹੀ ਜਾਣਕਾਰੀ ਦਿੱਤੀ ਜਾਵੇਗੀ।
ਅਮਰੀਕੀ ਪੌਪ ਸਿੰਗਰ ਅਤੇ ਐਕਟਰਸ 23 ਸਾਲਾ ਅਰਿਆਨਾ ਗ੍ਰਾਂਡੇ ਨੂੰ ਸੁਣਨ ਲਈ ਦੇਸ਼-ਵਿਦੇਸ਼ ਤੋਂ ਲਗਭਗ 21 ਹਜ਼ਾਰ ਲੋਕ ਇਕੱਠੇ ਹੋਏ ਸਨ। ਅਜੇ ਅਰਿਆਨਾ ਗ੍ਰਾਂਡੇ ਸ਼ੋਅ ਕਰਕੇ ਸਟੇਜ ਤੋਂ ਵਾਪਸ ਹੀ ਗਈ ਸੀ ਕਿ ਇੱਥੇ ਜ਼ੋਰਦਾਰ ਧਮਾਕਾ ਹੋਇਆ। ਇਸ ਦੇ ਨਾਲ ਹੀ ਇੱਕ ਹੋਰ ਧਮਾਕਾ ਹੋਇਆ ਅਤੇ ਲੋਕਾਂ ‘ਚ ਹਫੜਾ-ਦਫੜੀ ਮੱਚ ਗਈ। ਹਰ ਪਾਸੇ ਚੀਕਾਂ ਸੁਣਾਈ ਦੇ ਰਹੀਆਂ ਸਨ। ਅਚਾਨਕ ਹੋਏ ਇਸ ਬੰਬ ਧਮਾਕੇ ‘ਚ ਲਗਭਗ 22 ਲੋਕਾਂ ਦੀ ਮੌਤ ਹੋ ਦੇ ਨਾਲੇ 59 ਤੋਂ ਵਧੇਰੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਸ ਦਾ ਕਹਿਣਾ ਹੈ ਕਿ ਜਦੋਂ ਤਕ ਕੋਈ ਹੋਰ ਕਾਰਨ ਪਤਾ ਨਹੀਂ ਲੱਗਦਾ ਤਦ ਤੱਕ ਇਸ ਨੂੰ ਇੱਕ ਅਤਿਵਾਦੀ ਹਮਲਾ ਹੀ ਮੰਨਿਆ ਜਾਵੇਗਾ। ਧਮਾਕੇ ਵਿੱਚ ਪੌਪ ਸਿੰਗਰ ਅਰਿਆਨਾ ਗ੍ਰਾਂਡੇ ਸੁਰੱਖਿਅਤ ਹੈ। ਅਰਿਆਨਾ ਗ੍ਰਾਂਡੇ ਨੇ ਟਵੀਟ ਕਰਕੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਸ ਨੇ ਕਿਹਾ ਕਿ ਉਹ ਇਸ ਘਟਨਾ ਕਾਰਨ ਬਹੁਤ ਦੁਖੀ ਹੈ ਅਤੇ ਉਸ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਹੈ। ਉਸ ਨੇ ਲਿਖਿਆ ਕਿ, ‘ਇਸ ਘਟਨਾ ਕਾਰਨ ਮੈਂ ਅੰਦਰ ਤੱਕ ਟੁੱਟ ਚੁੱਕੀ ਹਾਂ, ਮੈਨੂੰ ਅਫ਼ਸੋਸ ਹੈ ਅਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ’।