ਪੰਜਾਬੀ ਸ਼ੇਰਾਂ ਦੀ ਕੌਮ ਹੈ ਅਤੇ ਇਸ ਕੌਮ ਤੇ ਸਭ ਨੂੰ ਮਾਣ ਰਿਹਾ ਹੈ। ਜਿੰਨੀ ਤਰੱਕੀ ਇਸ ਕੌਮ ਨੇ ਕੀਤੀ ਹੈ ਦੁਨੀਆਂ ਦੇ ਇਤਿਹਾਸ ‘ਚ ਕਿਸੇ ਹੋਰ ਕੋਮ ਨੇ ਨਹੀਂ ਕੀਤੀ। ਇਸ ਕੌਮ ਵਿੱਚ ਤਰੱਕੀ ਦੇ ਨਾਲ-ਨਾਲ ਕੁਝ ਗਿਰਾਵਟਾਂ ਵੀ ਆਈਆ ਜਿਸ ਨੂੰ ਅੱਖੋਂ-ਉਹਲੇ ਨਹੀਂ ਕੀਤਾ ਜਾ ਸਕਦਾ। ਵਿਦੇਸ਼ਾਂ ਵਿੱਚ ਆ ਕੇ ਪੰਜਾਬੀਆਂ ਨੇ ਬੇਸ਼ੁਮਾਰ ਦੋਲਤ-ਸ਼ੋਹਰਤ ਕਮਾਈ ਹੈ। ਅਸੀਂ ਭਾਵੇ ਧੰਨਵਾਦ ਦੀ ਥਾਂ ਥੈਂਕਸ, ਮਾਫ਼ੀ ਨੂੰ ਸਾੱਰੀ, ਬਾਪੂ ਨੂੰ ਡੈਡ, ਭਰਾ ਨੂੰ ਬਰੋ, ਰੋਟੀ ਥਾਂ ਪੀਜਾ ਤੇ ਪਾਣੀ ਥਾਂ ਕੋਕ ਪੀਣਾ ਸਿੱਖ ਗਏ ਹਾਂ। ਬੇਸ਼ੱਕ ਅਸੀਂ ਭਾਵੇਂ ਤਰੱਕੀ ਜਿੰਨੀ ਮਰਜ਼ੀ ਕਰ ਲਈ ਹੋਵੇ ਪਰ ਸਾਡੀ ਸੋਚ ਤਰੱਕੀ ਨਹੀਂ ਕਰ ਸਕੀ।
ਨਿਊਜ਼ੀਲੈਂਡ ਦੇ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਬੇ-ਆਫ਼ ਪਲੈਂਟੀ ਵਿੱਚ ਰਹਿਣ ਵਾਲੇ ਖਾਸ ਕਰਕੇ ਟੀਪੁੱਕੀ, ਟੌਰੰਗਾ ਦੇ ਲੋਕਾਂ ਨੂੰ ਦੇਸੀ ਤੇ ਪੇਂਡੂ ਸ਼ਬਦ ਨਾਲ ਸੰਬੋਧਿਤ ਕਰਦੇ ਸਨ। ਪਹਿਲਾਂ-ਪਹਿਲ ਇਹ ਸ਼ਬਦ ਸੁਣਨ ‘ਚ ਥੋੜੇ ਕੁਸੇਲੇ ਲਗਦੇ ਸਨ ਤੇ ਗੁੱਸਾ ਵੀ ਆਉਂਦਾ ਸੀ ਪਰ ਹੁਣ ਇਹ ਸਮਝ ਆ ਗਈ ਕਿ ਇਹ ਲੋਕ ਸਾਨੂੰ ਦੇਸੀ ਤੇ ਪੇਂਡੂ ਕਿਉਂ ਕਹਿੰਦੇ ਸਨ। ਇਸ ਇਲਾਕੇ ਦੇ ਲੋਕ ਪੈਸੇ ਪੱਖੋਂ ਭਾਵੇਂ ਬਹੁਤ ਅਮੀਰ ਹੋ ਗਏ ਹੋਣ ਪਰ ਇਹਨਾਂ ਦੀ ਸੋਚ ਅਮੀਰ ਨਹੀਂ ਹੋ ਸਕੀ।
ਬੇ-ਆਫ਼ ਪਲੈਂਟੀ ਵਿੱਚ ਆਪਣੇ ਮਨੋਰੰਜਨ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੱਭਿਆਚਾਰਿਕ ਪ੍ਰੋਗਰਾਮ ਕਰਵਾਉਣੇ ਆਰੰਭ ਕੀਤੇ ਗਏ। ਆਪਣੇ ਸੱਭਿਆਚਾਰ ਨਾਲ …ਜੁੜੇ ਰਹਿਣ ਤੇ ਬੱਚਿਆਂ ਨੂੰ ਜੋੜਨਾ ਬਹੁਤ ਵਧੀਆ ਉਪਰਾਲਾ ਸੀ। ਅਸੀਂ ਆਪਣੀ ਆਦਤ ਤੋਂ ਮਜ਼ਬੂਰ ਇਹਨਾਂ ਪ੍ਰਬੰਧਕਾਂ ਦੀ ਪਿੱਠ ਥਪਾਉਣ ਦੀ ਬਜਾਏ ਉਹਨਾਂ ਦੀਆ ਲੱਤਾਂ ਹੀ ਖਿੱਚੀਆਂ। ਅਸੀਂ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਤ ਤਾਂ ਕੀ ਕਰਨਾ ਸੀ ਅਸੀਂ ਜੜ੍ਹਾ ਹੀ ਵੱਢਣ ‘ਚ ਲੱਗੇ ਰਹੇ। ਇਹਨਾਂ ਪ੍ਰੋਗਰਾਮਾਂ ਵਿੱਚ ਸ਼ਰਾਬ ਪੀ ਕੇ ਜਾਣਾ ਆਪਣੀ ਸ਼ਾਨ ਸਮਝਦੇ ਰਹੇ ਤੇ ਉੱਥੇ ਜਾ ਕੇ ਅਵਾ-ਤਵਾ ਬੋਲਣਾ ਆਪਣੀ ਬਹਾਦਰੀ। ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨਾ ਹੋਵੇ ਪਹਿਲਾ ਪ੍ਰਮਾਤਮਾ ਦੀ ਉਸਤਦ ਕਰਨੀ ਜ਼ਰੂਰੀ ਹੈ। ਜਦੋਂ ਪ੍ਰੋਗਰਾਮ ਸ਼ੁਰੂ ਕਰਨ ਲਈ ਕਲਾਕਾਰ ਨੇ ਸਟੇਜ ਤੇ ਆਉਣਾ ਤੇ ਉਸ ਨੂੰ ਕੂਕਾ ਤੇ ਚਾਗੜਾਂ ਮਾਰ ਕੇ ਉਸ ਨੂੰ ਕੁਝ ਬੋਲਣ ਤੋਂ ਰੋਕਣਾ। ਜਦੋਂ ਫੀਮੇਲ ਕਲਾਕਾਰ ਨੇ ਸਟੇਜ ਤੇ ਆਉਣਾ ਤੇ ਜਿਹੜੀ ਉਸ ਪ੍ਰਤੀ ਸ਼ਬਦਾਵਲੀ ਵਰਤਣੀ ਉਸ ਨੂੰ ਬਿਆਨ ਕਰਨਾ ਮੁਸ਼ਕਿਲ ਹੀ ਨਹੀਂ ਅਸੰਭਵ ਹੈ। ਕੁਝ ਲੋਕਾਂ ਵਲੋਂ ਭੱਜ ਕੇ ਸਟੇਜ ਤੇ ਜਾ ਚੜਨਾ ਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਨੀ। ਇੱਕ ਸਾਡੀ ਹੋਰ ਵੱਡੀ ਪ੍ਰਾਪਤੀ ਮੁਫਤ ਵਿੱਚ ਪ੍ਰੋਗਰਾਮ ਵੇਖਣ ਲਈ ਹਰ ਸੰਭਵ ਹੀਲਾ ਵਸੀਲਾ ਵਰਤਣਾ। ਕੁਝ ਲੋਕਾਂ ਨੇ ਲੰਡਾ ਜਿਹਾ ਪੈੱਗ ਲਾ ਕੇ ਫਰੀ ‘ਚ ਪ੍ਰੋਗਰਾਮ ਵੇਖਣ ਲਈ ਪ੍ਰਬੰਧਕਾਂ ਨਾਲ ਜਾਣ-ਪਹਿਚਾਣ ਕੱਢਣੀ ਤੇ ਆਪ ਤਾਂ ਮੁਫਤ ਅੰਦਰ ਵੜਨਾ ਤੇ ਪੰਜ-ਸੱਤ ਨੂੰ ਹੋਰ ਵੀ ਧੱਕੇ ਨਾਲ ਅੰਦਰ ਵਾੜਨਾ ਤੇ ਉਹਨਾ ‘ਚ ਨੰਬਰ ਬਣਾਉਦਿਆ ਆਖਣਾ ਜੇ ਤੁਸੀਂ ਸਾਡੇ ਹੁੰਦਿਆ ਪੈਸੇ ਲਾ ਕੇ ਪ੍ਰੋਗਰਾਮ ਵੇਖਿਆ ਤਾਂ ਸਾਡਾ ਕੀ ਫਾਇਦਾ ਹੋਇਆ। ਜਦੋਂ ਪ੍ਰਬੰਧਕ ਵੀਰਾ ਨੇ ਕਲਾਕਾਰਾਂ ਤੇ ਪਣਵੰਤੇ ਸੱਜਣਾਂ ਨੂੰ ਸਨਮਾਨਿਤ ਕਰਨ ਲਈ ਸਟੇਜ ਤੇ ਇਕੱਤਰ ਹੋਣਾਂ ਤਾਂ ਦਸ-ਪੰਦਰਾ ਉਂਜ ਦੀ ਮੁਫਤ ‘ਚ ਫੋਟੋ ਖਿਚਵਾਉਣ ਪਹੁੰਚ ਜਾਣੇ ਜੇ ਕਿਸੇ ਨੂੰ ਰੋਕ ਦਿੱਤਾ ਤਾ ਉਸ ਨੇ ਗਾਲ੍ਹਾ ਕੱਢਦੇ ਫਿਰਨਾ ਤੇ ਆਖਦੇ ਫਿਰਨਾ ਸਾਡੀ ਕੋਈ ਇੱਜ਼ਤ ਆ।
ਬੇ-ਆਫ਼ ਪਲੈਂਟੀ ਵਿੱਚ ਕੋਈ ਹੀ ਇਹੋ ਜਿਹਾ ਪ੍ਰੋਗਰਾਮ ਹੋਇਆ ਹੋਵੇਗਾ ਜਿਸ ਵਿੱਚ ਪੰਜਾਬੀਆ ਦੀ ਅਣਖ ਨਾ ਜਾਗੀ ਹੋਵੇ। ਇਹ ਸਭ ਕੁਝ ਵੇਖਦਿਆ ਪਰਿਵਾਰਾਂ ਵਾਲਿਆ ਨੇ ਪ੍ਰੋਗਰਾਮਾਂ ‘ਚ ਜਾਣਾ ਬੰਦ ਕਰ ਦਿੱਤਾ। ਜਦੋਂ ਪ੍ਰੋਗਰਾਮਾਂ ਵਿੱਚ ਦਰਸ਼ਕਾਂ ਦੀ ਗਿਣਤੀ ਘੱਟ ਹੋ ਗਈ ਤਦ ਪ੍ਰੋਗਰਾਮ ਹੋਣੇ ਬੰਦ ਹੋ ਹਏ। ਇਸ ਸਥਿਤੀ ਨੂੰ ਦੇਖਦੇ ਹੋਏ ਵੀ ਕੁਝ ਸੱਭਿਆਚਾਰ ਪ੍ਰਤੀ ਚਿੰਤਤ ਵੀਰਾਂ ਨੇ ਪੱਲਿਓ ਪੈਸੇ ਖਰਚ ਕੇ ਪ੍ਰੋਗਰਾਮ ਆਰੰਭ ਕੀਤੇ ਪਰ ਕੜੀ ਫਿਰ ਵੀ ਓੁਹੀਓ ਹੀ ਘੁਲੀ ਜਿਸ ਦੀ ਆਸ ਨਹੀਂ ਸੀ ਕੀਤੀ ਜਾਂਦੀ। ਪਿਛਲੇ ਹੋਏ ਪ੍ਰੋਗਰਾਮ ਵਿੱਚ ਜੋ ਸੁਣਨ ਤੇ ਵੇਖਣ ਨੂੰ ਮਿਲਿਆ ਉਸ ਤੋਂ ਜੋ ਅਨੁਭਵ ਮਹਿਸੂਸ ਕੀਤਾ ਕਿ ਅੱਗੇ ਤੋਂ ਪਰਿਵਾਰਾਂ ਵਾਲੇ ਪ੍ਰੋਗਰਾਮਾਂ ‘ਚ ਆਉਣ ਦੀ ਹਿੰਮਤ ਨਹੀਂ ਕਰਨਗੇ। ਜੇ ਸਾਡਾ ਸੱਭਿਆਚਾਰਿਕ ਪ੍ਰੋਗਰਾਮਾਂ ਵਿੱਚ ਜਾ ਕੇ ਵਤੀਰਾ ਇਹੋ ਜਿਹਾ ਰਿਹਾ ਤਾਂ ਕੋਈ ਪੱਲਿਓ ਪੈਸੇ ਖਰਚ ਕੇ ਪ੍ਰੋਗਰਾਮ ਕਰਵਾਉਣ ਦੀ ਮੁੜ ਕੋਸ਼ਿਸ਼ ਨਹੀਂ ਕਰੇਗਾ। ਇਸ ਨਾਲ ਸਾਡਾ ਤਾਂ ਕੁਝ ਨਹੀਂ ਜਾਵੇਗਾ ਪਰ ਸਾਡੀਆਂ ਆਉਣ ਵਾਲੀਆ ਨਸਲਾਂ ਸਾਨੂੰ ਮਾਫ਼ ਨਹੀ ਕਰਨਗੀਆ।
-ਸੌਦਾਗਰ ਸਿੰਘ ਬਾੜੀਆਂ
NZ News ਬੱਲੇ ਉਏ ਪੰਜਾਬੀਓ ਤੁਹਾਡੇ ਸਦਕੇ ਜਾਈਏ