ਭਰੀ ਕਾਪੀ

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
M : 00919878519278

ਮੀਨਾ ਅਠਵੀਂ ਕਲਾਸ ਵਿੱਚ ਪੜ੍ਹਦੀ ਸੀ ਉਸ ਦੀਆਂ ਦੋ ਵੱਡੀਆਂ ਭੈਣਾਂ ਦਾ ਵਿਆਹ ਹੋ ਚੁੱਕਿਆ ਸੀ, ਭਰਾ 6 ਸਾਲ ਛੋਟਾ ਸੀ। ਘਰ ਵਿਚ ਅੱਤ ਦੀ ਗਰੀਬੀ ਸੀ, ਮੀਨਾ ਦੇ ਪਿਤਾ ਜੀ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਬਸਰ ਕਰਦੇ ਸੀ। ਇੱਕ ਦਿਨ ਉਹਨਾਂ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਤੇ ਉਹ ਮੰਜੇ ਉੱਤੇ ਪੈ ਗਏ। ਹੁਣ ਘਰ ਦਾ ਗੁਜ਼ਾਰਾ ਚੱਲਣਾ ਵੀ ਮੁਸ਼ਕਿਲ ਹੋ ਗਿਆ ਸੀ।
ਇਸ ਅੱਤ ਦੀ ਗਰੀਬੀ ਦੇ ਹੋਣ ਕਾਰਨ ਮੀਨਾ ਕਿਤੇ ਨਾ ਕਿਤੇ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਸੀ। ਪਰ ਇੱਕ ਦਿਨ ਉਸਦੀ ਕਾਪੀ ਪੂਰੀ ਦੀ ਪੂਰੀ ਭਰ ਗਈ। ਸਕੂਲ ਵਾਲੀ ਮੈਡਮ ਵੱਲੋਂ ਦਿੱਤਾ ਗਿਆ ਕੰਮ ਵੀ ਉਹ ਨਵੀਂ ਕਾਪੀ ਲੈ ਕੇ ਨਾ ਕਰ ਸਕੀ। ਫਿਰ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਪਹਿਲਾਂ ਲਿਖਿਆ ਪੈਨਸਲ ਨਾਲ ਲਿਖਿਆ ਕੰਮ ਮਿਟਾ ਕੇ ਉਸੇ ਕਾਪੀ ‘ਤੇ ਦੁਬਾਰਾ ਕੰਮ ਕਰ ਲਵਾਂ, ਮੀਨਾ ਨੇ ਇਸੇ ਤਰ੍ਹਾਂ ਕੀਤਾ।
ਦੂਜੇ ਦਿਨ ਉਹ ਸਕੂਲ ਜਾਂਦੀ ਹੈ ਤੇ ਮੈਡਮ ਨੂੰ ਆਪਣੇ ਕਾਪੀ ਦਿਖਾਉਂਦੀ ਹੈ ਜਿਸ ਉੱਤੇ ਉਸਨੇ ਸਕੂਲ ਦਾ ਕੰਮ ਕੀਤਾ ਹੋਇਆ ਸੀ, ਮੈਡਮ ਕਾਪੀ ਦੇਖ ਕੇ ਉਸਦੇ ਚਪੇੜਾਂ ਜੜ ਦਿੰਦੀ ਹੈ। ਮੀਨਾ ਰੋਣ ਲੱਗ ਪਈ, ਇੰਨੇ ਨੂੰ ਉਥੇ ਇਕ ਹੋਰ ਮੈਡਮ ਉਸਦੀ ਮੈਡਮ ਕੋਲ ਆ ਜਾਂਦੀ ਹੈ ਤੇ ਬੋਲਦੀ ਹੈ ਕਿ ਕੀ ਗੱਲ ਹੋ ਗਈ। ਮੀਨਾ ਨੇ ਭਰੇ ਮਨ ਨਾਲ ਉਸ ਮੈਡਮ ਨੂੰ ਸਾਰੀ ਗੱਲ ਦੱਸੀ ਕਿ ਸਾਡੇ ਘਰ ਮੇਰੇ ਪਿਤਾ ਜੀ ਹੀ ਕਮਾਉਣ ਵਾਲੇ ਹਨ ਤੇ ਉਹ ਵੀ ਮੰਜੇ ‘ਤੇ ਪਏ ਨੇ, ਸਾਡੇ ਕੋਲ ਕਾਪੀ ਲੈਣ ਲਈ ਵੀ ਪੈਸੇ ਨਹੀਂ ਹਨ, ਫੇਰ ਮੀਨਾ ਮੈਡਮਾਂ ਨੂੰ ਆਪਣੇ ਘਰ ਲੈ ਜਾਂਦੀ ਹੈ।
ਜਦ ਮੈਡਮ ਨੇ ਘਰ ਜਾ ਕੇ ਮੀਨਾ ਦੇ ਘਰ ਦੇ ਹਾਲਾਤ ਦੇਖੇ ਤਾਂ ਉਹਨਾਂ ਦੇ ਮਨ ਵਿੱਚ ਵੀ ਦਿਆਂ ਭਾਵਨਾ ਜਾਗੀ। ‘‘ ਉਹਨਾਂ ਨੇ ਮੀਨਾ ਦੀ ਮਾਂ ਨਾਲ ਗੱਲਬਾਤ ਕੀਤੀ ਕਿ ਤੁਹਾਡੀ ਕੁੜੀ ਸਾਡੇ ਕੋਲ ਚੰਡੀਗੜ੍ਹ ਭੇਜ ਦਿਓ ਅਸੀਂ ਉਸ ਦੀ ਉੱਥੇ ਪੜ੍ਹਾਈ ਕਰਾਵਾਂਗੇ।’’
ਪਰ ਮੀਨਾ ਨਾ ਮੰਨੀ ਤੇ ਨਾ ਉਸਦੀ ਮਾਂ ਵੀ ਨਾ ਮਨਾਂ ਕਰ ਦਿੱਤਾ, ਮਾਂ ਨੇ ਮੈਡਮਾਂ ਨੂੰ ਜਵਾਬ ਦਿੱਤਾ ਕਿ ਮੇਰੀ ਧੀ ਇੰਨਾ ਕੁ ਤਾਂ ਪੜ੍ਹ ਹੀ ਗਈ ਹੈ ਉਹ ਕਾਗਜ਼ ਪੱਤਰ ਭਰ ਸਕਦੀ ਹੈ, ਤੇ ਆਪਣੇ ਸਾਈਨ ਕਰ ਲਵੇਗੀ।
ਮੀਨਾ ਵੀ ਆਪਣੇ ਘਰ ਕੋਲ਼ ਰਹਿ ਕੇ ਹੀ ਪੜਨਾਂ ਚਾਹੁੰਦੀ ਸੀ। ਪਰ ਉਸ ਦਾ ਮਨ ਇੰਨਾ ਟੁੱਟ ਗਿਆ ਸੀ ਕਿ ਉਸਨੇ ਉਸ ਦਿਨ ਤੋਂ ਬਾਅਦ ਉਸ ਨੇ ਸਕੂਲ ਜਾਣਾ ਹੀ ਬੰਦ ਕਰ ਦਿੱਤਾ।
ਮੀਨਾ ਅੱਜ ਵੀ ਉਸ ਮੈਡਮ ਨੂੰ ਨਹੀਂ ਭੁਲੀ ਜਿਸ ਨੇ ਉਸਦੇ ਪੜ੍ਹਨ ਦੇ ਸੁਪਨੇ ਨੂੰ ਸਾਕਾਰ ਨਾ ਹੋਣ, ਹੁਣ ਮੀਨਾ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਹੈ।
ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ- ਨਾਲ ਡਾਇਰੀ ਦੇ ਪੰਨਿਆਂ ‘ਤੇ ਕੁਝ ਨਾ ਕੁਝ ਲਿਖ ਦੀ ਰਹਿੰਦੀ ਹੈ । ਇਸ ਤਰ੍ਹਾਂ ਉਹ ਆਪਣੇ ਪੜ੍ਹਾਈ ਦੇ ਸ਼ੌਕ ਨੂੰ ਪੂਰਾ ਕਰਦੀ- ਕਰਦੀ ਕਿਤੇ ਨਾ ਕਿਤੇ ਸਾਹਿਤ ਦੀ ਰਚਨਾ ਕਰ ਰਹੀ ਹੈ।
ਬਲਜਿੰਦਰ ਕੌਰ ਸ਼ੇਰਗਿੱਲ
ਗਵਰਨਰ ਐਵਾਰਡੀ