ਪਟਿਆਲਾ (ਉਜਾਗਰ ਸਿੰਘ) – ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ 45ਵੀਂ ਪੰਜਾਬ ਹਿਸਟਰੀ ਕਾਨਫਰੰਸ ਦੇ ਸਮਾਪਤੀ ਸਮਾਗਮ ਵਿੱਚ ਡਾ. ਜਸਪਾਲ ਸਿੰਘ ਉਪ ਕੁਲਪਤੀ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਯਾਦ ਵਿੱਚ ਗਦਰ ਲਹਿਰ ਦੀ 100ਵੀਂ ਵਰ੍ਹੇ ਗੰਢ ਨੂੰ ਸਮਰਪਿਤ ਸਿਮਰਤੀ ਗ੍ਰੰਥ ਜਾਰੀ ਕੀਤਾ।ਇਸ ਸਿਮਰਤੀ ਗ੍ਰੰਥ ਦੇ ਸੰਪਾਦਕ ਜੈਤੇਗ ਸਿੰਘ ਅਨੰਤ ਜੋ ਕੇ ਕੈਨੇਡਾ ਵਿਖੇ ਪਿਛਲੇ 17 ਸਾਲਾਂ ਤੋਂ ਰਹੇ ਹਨ ਨੇ ਦੱਸਿਆ ਕਿ ਇਸ ਗ੍ਰੰਥ ਵਿੱਚ ਦੁਨੀਆ ਦੇ 94 ਪ੍ਰਸਿੱਧ ਵਿਦਵਾਨਾਂ ਦੇ ਭਾਈ ਸਾਹਿਬ ਜੀਵਨ ਬਾਰੇ ਵੱਖ-ਵੱਖ ਪੱਖਾਂ ‘ਤੇ ਰੌਸ਼ਨੀ ਪਾਉਂਦੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ। ਇਹ ਗ੍ਰੰਥ 422 ਪੰਨਿਆਂ ਦਾ ਰੰਗਦਾਰ ਤੇ ਭਾਈ ਸਾਹਿਬ ਦੀਆਂ ਅਦਭੁਤ ਤਸਵੀਰਾਂ ਅਤੇ ਅਣਛਪੀਆਂ ਜੇਲ੍ਹ ਚਿੱਠੀਆਂ ਨਾਲ ਸ਼ਿੰਗਾਰਿਆਂ ਹੋਇਆ ਹੈ। ਭਾਈ ਰਣਧੀਰ ਸਿੰਘ ਗਦਰ ਲਹਿਰ ਦੇ ਮੋਢੀਆਂ ਵਿੱਚੋਂ ਸਨ ਜਿਨ੍ਹਾਂ 16 ਸਾਲ ਜੇਲ੍ਹ ਦੀ ਸਜਾ ਕੱਟੀ। ਉਹ ਬਾਣੀ ਤੇ ਰਹਿਤ ਮਰਿਆਦਾ ਦੇ ਪੱਕੇ ਤੇ ਸੱਚੇ ਸੁੱਚੇ ਸਿੱਖ ਸਨ ਜਿਨ੍ਹਾਂ ਦੀ ਰਹਿਤ ਮਰਿਆਦਾ ਨੂੰ ਪੂਰਾ ਕਰਨ ਲਈ ਜੇਲ੍ਹ ਮੈਨੂਅਲ ਵਿੱਚ ਅੰਗਰੇਜ਼ਾਂ ਨੂੰ ਤਬਦੀਲੀ ਕਰਨ ਲਈ ਮਜਬੂਰ ਹੋਣਾ ਪਿਆ ਸੀ। ਇਸ ਮੌਕੇ ਉਪਕੁਲਪਤੀ ਨੇ ਕਿਹਾ ਉਨ੍ਹਾਂ ਗਦਰ ਲਹਿਰ ਨੂੰ ਨਵੀਂ ਦਸ਼ਾ ਤੇ ਦਿਸ਼ਾ ਦਿੱਤੀ ਤੇ ਜੇਲ੍ਹ ਵਿੱਚ ਵੀ ਗੁਰੂ ਦੀ ਬਾਣੀ ਨਾਲ ਜੁੜੇ ਰਹੇ। ਉਨ੍ਹਾਂ ਅੱਗੋਂ ਜੈਤੇਗ ਸਿੰਘ ਅਨੰਤ ਦੇ ਇਸ ਉਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਭਾਈ ਰਣਧੀਰ ਸਿੰਘ ਸੁਤੰਤਰਤਾ ਸੰਗਰਾਮ ਦੇ ਇਨਕਲਾਬੀ ਯੋਧੇ ਸਨ। ਉਨ੍ਹਾਂ ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਆਪਣਾ ਸਾਰਾ ਜੀਵਨ ਸਿੱਖੀ ਸੋਚ ਤੇ ਪਹਿਰਾ ਦੇਣ ‘ਤੇ ਲਾ ਦਿੱਤਾ ਅਤੇ ਗੁਰੂ ਤੇ ਗੁਰਬਾਣੀ ਨਾਲ ਲੋਕਾਂ ਨੂੰ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਹ ਸਿਮਰਤੀ ਗ੍ਰੰਥ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ। ਪ੍ਰੋ. ਹਿੰਮਤ ਸਿੰਘ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਲੋਂ ਆਜ਼ਾਦੀ ਦੇ ਸੰਗਰਾਮ ਅਤੇ ਸਿੱਖੀ ਦੇ ਪ੍ਰਚਾਰ ਲਈ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਤਿਹਾਸ ਵਿੱਚ ਭਾਈ ਸਾਹਿਬ ਦੇ ਯੋਗਦਾਨ ਦਾ ਸੁਨਹਿਰੀ ਅੱਖਰਾਂ ਵਿੱਚ ਇੰਦਰਾਜ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀਆਂ ਨਸਲਾਂ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਭਗਤੀ ਅਤੇ ਸਿੱਖੀ ਸੋਚ ‘ਤੇ ਪਹਿਰਾ ਦੇ ਸਕਣ। ਜੈਤੇਗ ਸਿੰਘ ਅਨੰਤ ਨੇ ਇਸ ਸਿਮਰਤੀ ਗ੍ਰੰਥ ਦੀ ਕਾਪੀ ਪ੍ਰਸਿੱਧ ਇਤਿਹਾਸਕਾਰ ਅਤੇ ਸਾਬਕਾ ਉਪਕੁਲਪਤੀ ਸ. ਜੇ. ਐਸ. ਗਰੇਵਾਲ ਨੂੰ ਭੇਂਟ ਕੀਤੀ। ਇਸ ਮੌਕੇ ਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਸਾਬਕ ਪ੍ਰੋ. ਵਾਈਸ ਚਾਂਸਲਰ, ਡਾ. ਬਲਕਾਰ ਸਿੰਘ, ਉਜਾਗਰ ਸਿੰਘ ਸਾਬਕਾ ਲੋਕ ਸੰਪਰਕ ਅਫਸਰ, ਪ੍ਰੋ. ਕੁਲਵੰਤ ਸਿੰਘ ਗਰੇਵਾਲ ਅਤੇ ਦੇਸ਼ ਵਿਦੇਸ਼ ਤੋਂ ਆਏ ਲਗਭਗ 300 ਇਤਿਹਾਸਕਾਰ, ਖੋਜ ਵਿਦਿਆਰਥੀ ਅਤੇ ਵਿਦਵਾਨ ਵੀ ਮੌਜੂਦ ਸਨ।
Indian News ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ