ਅਹਿਮਦਾਬਾਦ/ਸ਼ਿਮਲਾ, 18 ਦਸੰਬਰ – ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਸਿਰਫ਼ 18 ਮਹੀਨੇ ਪਹਿਲਾਂ ਦੇਸ਼ ਦੀ ਸਿਆਸਤ ਉੱਤੇ ਪਕੜ ਮਜ਼ਬੂਤ ਕਰਦਿਆਂ ਗੁਜਰਾਤ ਅਤੇ ਹਿਮਾਚਲ ਵਿਚਲੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤਾਂ ਦਰਜ ਕੀਤੀਆਂ ਹਨ। ਭਾਜਪਾ ਨੇ ਜਿੱਥੇ ਗੁਜਰਾਤ ਵਿੱਚ ਮੁੜ ਸੱਤਾ ਹਾਸਲ ਕੀਤੀ ਹੈ ਉੱਥੇ ਹੀ ਹਿਮਾਚਲ ਵਿੱਚ ਸੱਤਾ ਉੱਤੇ ਕਾਬਜ਼ ਕਾਂਗਰਸ ਪਾਰਟੀ ਨੂੰ ਵੱਡੀ ਮਾਤ ਦਿੱਤੀ ਹੈ।
ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਲਗਾਤਾਰ ਛੇਵੀਂ ਵਾਰ ਜਿੱਤ ਦਰਜ ਕੀਤੀ ਹੈ। ਕੁੱਲ 182 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੇ 99 ਸੀਟਾਂ, ਕਾਂਗਰਸ ਨੇ 79 ਅਤੇ ਆਜ਼ਾਦ ਉਮੀਦਵਾਰਾਂ ਨੇ 4 ਸੀਟਾਂ ਜਿੱਤੀਆਂ ਹਨ। ਹਾਲਾਂਕਿ ਇਹ ਅੰਕੜਾ ਭਗਵਾ ਪਾਰਟੀ ਦੇ ਕਿਆਸ ਤੋਂ ਕਾਫ਼ੀ ਘੱਟ ਰਿਹਾ ਹੈ। ਪਾਰਟੀ ਆਗੂਆਂ ਦਾ 150 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਸੀ ਪਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਉੱਭਰੀ ਕਾਂਗਰਸ ਦੇ ਨਾਲ ਨਾਲ ਪਾਟੀਦਾਰ ਤੇ ਦਲਿਤ ਆਗੂਆਂ ਹਾਰਦਿਕ ਪਟੇਲ, ਅਲਪੇਸ਼ ਠਾਕੁਰ ਤੇ ਜਿਗਨੇਸ਼ ਮੇਵਾਨੀ ਤੋਂ ਭਾਜਪਾ ਨੂੰ ਤੱਕੜੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਦੀਆਂ 2012 ਦੀਆਂ ਚੋਣਾਂ ਵਿੱਚ ਉਸ ਕੋਲ 61 ਸੀਟਾਂ ਸਨ।
ਭਾਜਪਾ ਨੇ ਗੁਜਰਾਤ ਦੇ ਇਨ੍ਹਾਂ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਦੀ ਜਿੱਤ ਦੱਸਿਆ। ਇਸ ਵਾਰ ਭਾਜਪਾ ਦਾ ਗੁਜਰਾਤ ਵਿੱਚ ਪਾਰਟੀ ਦਾ ਵੋਟ ਫੀਸਦ ਪਿਛਲੀ ਵਾਰ ਦੇ 47.85 ਫੀਸਦੀ ਤੋਂ ਵਧ ਕੇ 49.10 ਫੀਸਦੀ ਰਿਹਾ ਅਤੇ ਕਾਂਗਰਸ ਦਾ ਵੋਟ ਫੀਸਦ ਵੀ 38.93 ਤੋਂ ਵਧ ਕੇ 41.5 ਫੀਸਦੀ ਰਿਹਾ ਹੈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਕਾਂਗਰਸ ਨੂੰ ਹਰਾ ਕੇ ਸੱਤਾ ਵਿੱਚ ਵਾਪਸੀ ਕੀਤੀ ਹੈ। 68 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੇ 44 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ ਜਦੋਂ ਕਿ ਕਾਂਗਰਸ ਪਾਰਟੀ ਨੇ 21 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ ਅਤੇ 3 ਆਜ਼ਾਦ ਉਮੀਦਵਾਰ ਜਿੱਤੇ ਹਨ। ਇਸ ਪਹਾੜੀ ਰਾਜ ‘ਚ 75.28 ਫੀਸਦ ਮਤਦਾਨ ਹੋਇਆ ਸੀ। ਪਿਛਲੀਆਂ ਚੋਣਾਂ ਵਿੱਚ ਕਾਂਗਰਸ 36 ਅਤੇ ਭਾਜਪਾ 26 ਸੀਟਾਂ ਉੱਤੇ ਜਿੱਤੀ ਸੀ। ਜ਼ਿਕਰਯੋਗ ਹੈ ਕਿ 1990 ਵਿੱਚ ਭਾਜਪਾ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕੀਤਾ ਸੀ। ਕਾਂਗਰਸ ਨੇ 1993 ਵਿੱਚ ਭਾਜਪਾ ਨੂੰ ਇਸ ਹਾਰ ਦੀ ਭਾਜੀ ਮੋੜ ਦਿੱਤੀ ਸੀ। 1998 ਵਿੱਚ ਭਾਜਪਾ ਨੇ ਹਿਮਾਚਲ ਵਿਕਾਸ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾਈ ਸੀ ਅਤੇ 2003 ਵਿੱਚ ਕਾਂਗਰਸ ਮੁੜ ਸੱਤਾ ਉੱਤੇ ਕਾਬਜ਼ ਹੋ ਗਈ ਸੀ। 2007 ਵਿੱਚ ਭਾਜਪਾ ਨੇ ਸੱਤਾ ਵਿੱਚ ਵਾਪਸੀ ਕੀਤੀ ਸੀ ਪਰ 2012 ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਉਸ ਨੂੰ ਹਰਾ ਦਿੱਤਾ ਸੀ। ਗੌਰਤਲਬ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਚੋਣ ਹਾਰ ਗਏ ਹਨ।
Home Page ਭਾਜਪਾ ਨੇ ਗੁਜਰਾਤ ਅਤੇ ਹਿਮਾਚਲ ‘ਚ ਕਾਂਗਰਸ ਨੂੰ ਹਰਾ ਕੇ ਜਿੱਤ ਦਰਜ...