ਨਵੀਂ ਦਿੱਲੀ, 31 ਮਈ – ਪਿਛਲੇ ਵਿੱਤੀ ਸਾਲ (2020-21) ਦੀ ਚੌਥੀ ਤਿਮਾਹੀ ਵਿੱਚ ਵਿਕਾਸ ਦਰ ਦੇ ਰਫ਼ਤਾਰ ਫੜਨ ਦੇ ਬਾਵਜੂਦ ਮਾਰਚ 2021 ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ ਭਾਰਤੀ ਅਰਥਚਾਰਾ 7.3 ਫ਼ੀਸਦੀ ਤੱਕ ਡਿਗ ਗਿਆ, ਹਾਲਾਂਕਿ ਇਸ ਨਿਘਾਰ ਦੀ ਕਿਸੇ ਨੂੰ ਉਮੀਦ ਨਹੀਂ ਸੀ। ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਿਕ ਏਸ਼ੀਆ ਦੇ ਤੀਜੇ ਸਭ ਤੋਂ ਵੱਡੇ ਅਰਥਚਾਰੇ ਭਾਰਤ ਦੀ ਵਿਕਾਸ ਦਰ 2020-21 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਦੌਰਾਨ 1.6 ਫ਼ੀਸਦੀ ਦੀ ਦਰ ਨਾਲ ਵਧੀ, ਜਦੋਂ ਕਿ ਪੂਰੇ ਵਿੱਤੀ ਸਾਲ ਦੌਰਾਨ ਜੀਡੀਪੀ ਵਿੱਚ 7.3 ਫ਼ੀਸਦੀ ਦਾ ਨਿਘਾਰ ਵੇਖਣ ਨੂੰ ਮਿਲਿਆ। ਹਾਲਾਂਕਿ ਜਨਵਰੀ-ਮਾਰਚ 2021 ਦੌਰਾਨ ਵਿਕਾਸ ਦਰ ਇਸ ਤੋਂ ਪਿਛਲੀ ਤਿਮਾਹੀ ਅਕਤੂਬਰ-ਦਸੰਬਰ 2020 ਦੇ 0.5 ਫ਼ੀਸਦੀ ਵਾਧੇ ਦੇ ਮੁਕਾਬਲੇ ਬਿਹਤਰ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 2019-20 ਵਿੱਚ ਜਨਵਰੀ-ਮਾਰਚ ਤਿਮਾਹੀ ਦੌਰਾਨ ਕੁਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਤਿੰਨ ਫ਼ੀਸਦੀ ਦਾ ਵਾਧਾ ਹੋਇਆ। ਅੰਕੜਿਆਂ ਮੁਤਾਬਿਕ ਭਾਰਤੀ ਅਰਥਚਾਰਾ ਆਕਾਰ ਵਿੱਚ 2020-21 ਦੌਰਾਨ 7.3 ਫ਼ੀਸਦੀ ਸੁੰਗੜਿਆ, ਜਦੋਂ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਵਿੱਚ ਅਰਥਚਾਰਾ 4 ਫ਼ੀਸਦੀ ਦੀ ਦਰ ਨਾਲ ਵਧਿਆ ਸੀ। ਐੱਨਐੱਸਓ ਨੇ ਇਸ ਸਾਲ ਜਨਵਰੀ ਵਿੱਚ ਜਾਰੀ ਆਪਣੇ ਅੰਤਰਿਮ ਅਨੁਮਾਨਾਂ ਦੇ ਆਧਾਰ ’ਤੇ ਕਿਹਾ ਸੀ ਕਿ 2020-21 ਦੌਰਾਨ ਜੀਡੀਪੀ ਵਿੱਚ 7.7 ਫ਼ੀਸਦੀ ਦਾ ਨਿਘਾਰ ਰਹੇਗਾ। ਵਿੱਤੀ ਸਾਲ 1979-80, ਜਦੋਂ ਜੀਡੀਪੀ 5.2 ਫ਼ੀਸਦੀ ਤਕ ਸੁੰਗੜ ਗਈ ਸੀ, ਮਗਰੋਂ ਪਿਛਲੇ ਚਾਰ ਦਹਾਕਿਆਂ ਵਿੱਚ ਪਹਿਲੀ ਵਾਰ ਹੈ ਜਦੋਂ ਪੂਰਾ ਸਾਲ ਭਾਰਤੀ ਅਰਥਚਾਰਾ ਹੇਠਾਂ ਨੂੰ ਗਿਆ ਹੈ। ਅੰਕੜਿਆਂ ਮੁਤਾਬਿਕ ਮਾਰਚ 2020 ਦੇ ਅਖੀਰ ਵਿੱਚ ਭਾਰਤ ਦੀ ਅਸਲ ਜੀਡੀਪੀ ਵਿੱਤੀ ਸਾਲ 2021 (2020-21) ਵਿੱਚ 145 ਲੱਖ ਕਰੋੜ ਰੁਪਏ ਤੋਂ ਸੁੰਗੜ ਕੇ 135 ਲੱਖ ਕਰੋੜ ਰੁਪਏ ਰਹਿ ਗਈ ਸੀ। ਅਰਥਚਾਰੇ ਦੇ 145 ਲੱਖ ਕਰੋੜ ਰੁਪਏ ਦੇ ਇਸ ਆਕਾਰ ਦੀ ਮੁੜ ਪ੍ਰਾਪਤੀ ਲਈ ਅਰਥਚਾਰੇ ਨੂੰ ਮੌਜੂਦਾ ਵਿੱਤੀ ਸਾਲ 2021-22 ਵਿੱਚ ਅਰਥਚਾਰੇ ਵਿੱਚ 10 ਤੋਂ 11 ਫੀਸਦ ਦਾ ਵਾਧਾ ਲੋੜੀਂਦਾ ਹੈ, ਪਰ ਪਿਛਲੇ ਮਹੀਨੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਆਰਥਿਕ ਸਰਗਰਮੀਆਂ ਦੀ ਰਫ਼ਤਾਰ ਵਿੱਚ ਵੱਡਾ ਅੜਿੱਕਾ ਬਣੀ ਹੈ ਤੇ ਕਈਆਂ ਨੂੰ ਉਮੀਦ ਹੈ ਕਿ ਹੇਠਲੇ ਪੱਧਰ ਦੇ ਬਾਵਜੂਦ ਜੀਡੀਪੀ ਵਿਕਾਸ ਦਰ ਦੇ ਦਹਾਈ ਅੰਕਾਂ ਵਾਲੇ ਪੱਧਰ ਨੂੰ ਨਹੀਂ ਛੋਹ ਸਕੇਗੀ। ਰੋਜ਼ਾਨਾ ਰਿਪੋਰਟ ਹੋਣ ਵਾਲੇ ਕੋਵਿਡ-19 ਕੇਸਾਂ ਦੀ ਗਿਣਤੀ 4 ਲੱਖ ਦੇ ਸਿਖਰ ਤੋਂ ਘੱਟ ਕੇ 1.5 ਲੱਖ ’ਤੇ ਆ ਗਈ ਹੈ, ਪਰ ਖਪਤਕਾਰ ਮੰਗ ਵਿੱਚ ਨਿਘਾਰ, ਜੋ ਅਰਥਚਾਰੇ ਦਾ 55 ਫ਼ੀਸਦੀ ਤੋਂ ਵੱਧ ਹੈ ਅਤੇ ਬੇਰੁਜ਼ਗਾਰੀ ਜੋ 14.73 ਫ਼ੀਸਦੀ ਨਾਲ ਸਾਲ ਦੇ ਸਭ ਤੋਂ ਸਿਖਰਲੇ ਪੱਧਰ ’ਤੇ ਹੈ, ਸੱਜਰੀਆਂ ਚੁਣੌਤੀਆਂ ਵਜੋਂ ਦਰਪੇਸ਼ ਹਨ। ਸਮੀਖਿਅਕਾਂ ਨੇ ਚਾਰ ਮਹੀਨੇ ਪੁਰਾਣੇ ਟੀਕਾਕਰਨ ਪ੍ਰੋਗਰਾਮ ਦੀ ਧੀਮੀ ਰਫ਼ਤਾਰ ਨਾਲ ਵਿਕਾਸ ਦਰ ਨੂੰ ਜੋਖ਼ਮ ਦਰਪੇਸ਼ ਹੋਣ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਐੱਨਐੱਸਓ ਤੇ ਭਾਰਤੀ ਰਿਜ਼ਰਵ ਬੈਂਕ ਨੇ 2020-21 ਵਿੱਚ ਅਰਥਚਾਰੇ ’ਚ 8 ਫ਼ੀਸਦੀ ਤੇ 7.5 ਫ਼ੀਸਦੀ ਨਿਘਾਰ ਆਉਣ ਦੀ ਪੇਸ਼ੀਨਗੋਈ ਕੀਤੀ ਸੀ। ਗੁਆਂਢੀ ਮੁਲਕ ਚੀਨ, ਜੋ ਕਿਸੇ ਵੇਲੇ ਕੋਰੋਨਾਵਾਇਰਸ ਦੀ ਮਾਰ ਝੱਲਣ ਵਾਲੇ ਵੱਡੇ ਅਰਥਚਾਰਿਆਂ ’ਚੋਂ ਇਕ ਸੀ,ਨੇ ਜਨਵਰੀ-ਮਾਰਚ 2021 ਵਿੱਚ 18.3 ਫ਼ੀਸਦੀ ਦਾ ਆਰਥਿਕ ਵਿਕਾਸ ਦਰਜ ਕੀਤਾ ਹੈ।
Business ਭਾਰਤੀ ਅਰਥਚਾਰਾ 7.3 % ਤੱਕ ਹੇਠਾਂ ਨੂੰ ਡਿੱਗਿਆ